ਕਾਂਗਰਸੀ ਤੇ ਅਕਾਲੀ ਵਰਕਰ ਭਿੜੇ : 1 ਦੀ ਮੌਤ, 4 ਜ਼ਖਮੀ

08/18/2017 1:59:07 AM

ਅਬੋਹਰ,  (ਰਹੇਜਾ)-  ਹਨੂਮਾਨਗੜ੍ਹ ਰੋਡ 'ਤੇ ਸਥਿਤ ਪੈਰਾਡਾਈਜ਼ ਪਲਾਜ਼ਾ ਮਾਲ ਦੇ ਬਾਹਰ ਵਿਧਾਨ ਸਭਾ ਖੇਤਰ ਦੇ ਅਧੀਨ ਪਿੰਡ ਕੁੰਡਲ ਦੇ ਕਾਂਗਰਸੀ ਸਰਪੰਚ ਨੇ ਆਪਣੇ ਸਾਥੀਆਂ ਸਮੇਤ ਹਮਲਾ ਕਰ ਅਕਾਲੀ ਦਲ ਨਾਲ ਸਬੰਧਤ ਪਿੰਡ ਬੱਲੂਆਣਾ ਵਾਸੀ ਨੌਜਵਾਨ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜ਼ਖਮੀ ਵੱਲੋਂ ਆਪਣੇ ਬਚਾਅ 'ਚ ਕੀਤੀ ਗਈ ਫਾਇਰਿੰਗ 'ਚ ਚਾਰ ਹਮਲਾਵਰ ਵੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੋਂ ਮੁੱਢਲੇ ਇਲਾਜ ਦੇ ਬਾਅਦ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਤੇ ਗੁਰਮੀਤ ਸਿੰੰਘ ਪੁੱਤਰ ਬਿਕਰ ਸਿੰਘ ਵਾਸੀ ਪਿੰਡ ਕੁੰਡਲ ਦੀ ਸ਼੍ਰੀ ਗੰਗਾਨਗਰ ਹਸਪਤਾਲ 'ਚ ਮੌਤ ਹੋ ਗਈ। 
ਇਲਾਜ ਅਧੀਨ ਵਿਸ਼ੂ ਕਮਲ ਕੰਬੋਜ ਪੁੱਤਰ ਮਿਲਖਰਾਜ ਵਾਸੀ ਪਿੰਡ ਬੱਲੂਆਣਾ ਨੇ ਦੋਸ਼ ਲਾਇਆ ਕਿ ਉਹ ਸ਼ਾਮ 6.40 ਵਜੇ ਮਾਲ 'ਚ ਸਥਿਤ ਆਪਣੀ ਦੁਕਾਨ ਦੇ ਬਾਹਰ ਬੈਠਾ ਸੀ ਕਿ ਪੁਰਾਣੀ ਰਾਜਨੀਤਿਕ ਰੰਜਿਸ਼ ਨੂੰ ਲੈ ਕੇ ਪਿੰਡ ਕੁੰਡਲ ਦੇ ਸਰਪੰਚ ਜਗਮਨਦੀਪ ਸਿੰਘ ਉਰਫ ਮਿੰਕੂ ਪੁੱਤਰ ਗੁਰਦੇਵ ਸਿੰਘ ਨੇ ਆਪਣੇ ਸਾਥੀਆਂ ਬਲਦੇਵ ਬੰਟੀ ਪੁੱਤਰ ਮਹਿੰਦਰ ਸਿੰਘ ਵਾਸੀ ਬਸੰਤ ਨਗਰੀ ਗਲੀ ਨੰਬਰ 6, ਗੁਰਮੀਤ ਸਿੰਘ ਪੁੱਤਰ ਬਿਕਰ ਸਿੰਘ ਵਾਸੀ ਪਿੰਡ ਕੁੰਡਲ, ਸੁਰਿੰਦਰ ਬਾਬੂ ਪੁੱਤਰ ਰਾਧੇਸ਼ਾਮ ਵਾਸੀ ਬਸੰਤ ਨਗਰੀ ਸਣੇ ਤੇਜ਼ਧਾਰ ਹਥਿਆਰਾਂ ਨਾਲ ਉਸ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੇ ਸਿਰ ਸਣੇ ਸ਼ਰੀਰ ਦੇ ਹੋਰ ਭਾਗਾਂ 'ਤੇ ਗੰਭੀਰ ਸੱਟਾਂ ਲਗੀਆਂ ਤੇ ਆਪਣੇ ਬਚਾਅ 'ਚ ਕੀਤੀ ਗਈ ਫਾਇਰਿੰਗ ਨਾਲ ਉਕਤ ਚਾਰੋਂ ਹਮਲਾਵਰ ਜ਼ਖਮੀ ਹੋ ਗਏ। 
ਕੀ ਸੀ ਹਮਲੇ ਦਾ ਕਾਰਨ 
ਵਿਸ਼ੂ ਕੰਬੋਜ ਨੇ ਦੱਸਿਆ ਕਿ ਬੀਤੇ ਦਿਨ ਪਿੰਡ ਪੱਟੀ ਸਦੀਕ ਵਾਸੀ ਤੇ ਸ਼ਿਅਦ ਬੀ. ਸੀ. ਸੈੱਲ ਦੇ ਪ੍ਰਧਾਨ ਪ੍ਰਿਥੀ ਸਿੰਘ 'ਤੇ ਬੀ. ਡੀ. ਪੀ. ਓ. ਦਫਤਰ ਵਿਚ ਜਗਮਨਦੀਪ ਸਿੰਘ ਮਿੰਕੂ ਨੇ ਆਪਣੇ ਸਾਥੀਆਂ ਸਮੇਤ ਹਮਲਾ ਕਰ ਜ਼ਖਮੀ ਕਰ ਦਿੱਤਾ ਸੀ। ਇਲਾਜ ਦੇ ਦੌਰਾਨ ਪ੍ਰਿਥੀ ਸਿੰਘ ਦੇ ਨਾਲ ਰਹਿਣ ਕਾਰਨ ਗੁਸਾਏ ਮਿੰਕੂ ਨੇ ਉਸ ਨੂੰ ਵੇਖ ਲੈਣ ਦੀ ਧਮਕੀ ਦਿੱਤੀ ਸੀ।
ਵਿਸ਼ੂ ਕਮਲ ਕੰਬੋਜ ਤੇ ਮਿੰਕੂ ਦੋਨੋਂ ਹੀ ਸਾਬਕਾ ਵਿਧਾਇਕ ਗੁਰਤੇਜ ਸਿੰਘ ਘੁੜਿਆਣਾ ਦੇ ਸਮਰਥਕ ਸਨ ਪਰ ਗੁਰਤੇਜ ਸਿੰਘ ਘੁੜਿਆਣਾ ਨੂੰ ਅਕਾਲੀ ਦਲ ਵੱਲੋਂ ਟਿਕਟ ਨਾ ਦਿੱਤੇ ਜਾਣ ਕਾਰਨ ਗੁਰਤੇਜ ਸਿੰਘ ਘੁੜਿਆਣਾ ਸਮਰਥਕਾਂ ਸਮੇਤ ਕਾਂਗਰਸ 'ਚ ਸ਼ਾਮਲ ਹੋ ਗਏ ਸਨ ਤਾਂ ਮਿੰਕੂ ਵੀ ਉਨਾਂ ਦੇ ਨਾਲ ਕਾਂਗਰਸ ਵਿਚ ਸ਼ਾਮਲ ਹੋ ਗਿਆ ਸੀ।
ਪੁਲਸ ਦੀ ਕਾਰਜਪ੍ਰਣਾਲੀ 'ਤੇ ਚੁੱਕੇ ਸਵਾਲ
ਪਿਛਲੇ ਕਈ ਦਿਨਾਂ ਤੋਂ ਨਗਰ ਵਿਚ ਗੁੰਡਾਗਰਦੀ ਦੇ ਨੰਗੇ ਨਾਚ ਹੋ ਰਹੇ ਹੈ ਪਰ ਪੁਲਸ ਨਾਮਜ਼ਦ ਦੋਸ਼ੀਆਂ ਨੂੰ ਕਾਬੂ ਕਰਨ ਵਿਚ ਅਸਫਲ ਰਹੀ ਹੈ, ਜਿਸ ਕਾਰਨ ਅਸਮਾਜਿਕ ਤੱਤਾਂ ਦੇ ਹੌਸਲੇ ਪੁਰੀ ਤਰ੍ਹਾਂ ਬੁਲੰਦ ਹਨ। ਨਗਰ ਵਾਸੀਆਂ ਨੇ ਪੁਲਸ 'ਤੇ ਅਸਮਾਜਿਕ ਤੱਤਾਂ ਦੇ ਖਿਲਾਫ ਨਕੇਲ ਕਸਣ ਦੀ ਮੰਗ ਕੀਤੀ ਹੈ।


Related News