ਸੁਖਬੀਰ ਬਾਦਲ ਵੱਲੋਂ ਬਜਟ ਸਬੰਧੀ ਪੇਸ਼ ਕੀਤੇ ਅੰਕੜੇ ਨਿਰੀ ''ਝੂਠ ਦੀ ਪੰਡ'' : ਸੁਨੀਲ ਜਾਖੜ

06/27/2017 9:53:30 AM

ਪਟਿਆਲਾ/ਬਹਾਦਰਗੜ੍ਹ (ਜੋਸਨ, ਕੁਲਦੀਪ)-ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਲੰਘੇ ਬਜਟ 'ਤੇ ਕਰਜ਼ੇ ਸਬੰਧੀ ਪੇਸ਼ ਕੀਤੇ ਗਏ ਅੰਕੜਿਆਂ ਨੂੰ ਨਿਰੀ 'ਝੂਠ ਦੀ ਪੰਡ' ਕਰਾਰ ਦਿੰਦਿਆਂ ਆਖਿਆ ਕਿ ਹੁਣ ਪੰਜਾਬ ਦੇ ਲੋਕ ਅਕਾਲੀ ਦਲ ਦੇ ਝੂਠੇ ਝਾਂਸਿਆਂ 'ਚ ਨਹੀਂ ਆਉਣਗੇ। ਸ਼੍ਰੀ ਜਾਖੜ ਅੱਜ ਇੱਥੇ ਹਲਕਾ ਸਨੌਰ ਦੇ ਇੰਚਾਰਜ ਅਤੇ ਪੰਜਾਬ ਕਾਂਗਰਸ ਦੇ ਸਕੱਤਰ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਹੇਠ ਹੋਏ ਇਕ ਵਿਸ਼ਾਲ ਸਮਾਗਮ ਮੌਕੇ ਉਨ੍ਹਾਂ ਦੇ ਸਨਮਾਨ ਤੋਂ ਬਾਅਦ ਗੱਲ ਕਰ ਰਹੇ ਸਨ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਹਰਦਿਆਲ ਸਿੰਘ ਕੰਬੋਜ ਵੀ ਪਹੁੰਚੇ ਹੋਏ ਸਨ।
ਸੁਨੀਲ ਜਾਖੜ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 1500 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕੀਤਾ ਹੈ। ਅਕਾਲੀ ਦਲ ਨੇ 10 ਸਾਲਾਂ ਵਿਚ 15 ਰੁਪਏ ਦਾ ਕਰਜ਼ਾ ਵੀ ਮੁਆਫ਼ ਨਹੀਂ ਸੀ ਕੀਤਾ। ਅੱਜ ਜਦੋਂ ਅਮਰਿੰਦਰ ਸਿੰਘ ਦੀ ਸਰਕਾਰ ਪਟੜੀ 'ਤੇ ਤੁਰ ਪਈ ਹੈ, ਉਸ ਮੌਕੇ ਸੁਖਬੀਰ ਬਾਦਲ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਅਕਾਲੀ ਦਲ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਕਰਾਰੀ ਹਾਰ ਦਿੱਤੀ ਹੈ। ਉਹ ਸਮਝ ਜਾਣ ਕਿ ਲੋਕ ਹੁਣ ਉਨ੍ਹਾਂ ਨੂੰ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰੇਗੀ। ਉਨ੍ਹਾਂ ਅਫਸਰਸ਼ਾਹੀ ਨੂੰ ਤਾੜਨਾ ਕੀਤੀ ਕਿ ਕਾਂਗਰਸੀ ਵਰਕਰਾਂ ਦੇ ਕੰਮ ਪੂਰੇ ਇਨਸਾਫ਼ ਨਾਲ ਪਹਿਲ ਦੇ ਆਧਾਰ 'ਤੇ ਕਰਨ। ਉਨ੍ਹਾਂ ਆਖਿਆ ਕਿ ਅਕਾਲੀ ਦਲ ਨੇ 10 ਸਾਲਾਂ 'ਚ ਪੰਜਾਬ ਦਾ ਜੋ ਬੇੜਾ ਗਰਕ ਕਰ ਦਿੱਤਾ ਹੈ, ਕਾਂਗਰਸ ਸਰਕਾਰ ਇਸ ਨੂੰ ਲੀਹ 'ਤੇ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜਾਖੜ ਨੇ ਆਖਿਆ ਕਿ ਆਮ ਆਦਮੀ ਪਾਰਟੀ ਨੂੰ ਵੀ ਲੋਕਾਂ ਨੇ ਨਕਾਰਿਆ ਹੈ। ਅੱਜ ਇਹ ਲੋਕ ਵਿਧਾਨ ਸਭਾ ਵਿਚ ਮਰਿਆਦਾ ਨੂੰ ਭੰਗ ਕਰ ਰਹੇ ਹਨ। ਵਿਧਾਨ ਸਭਾ ਦੇ ਸਪੀਕਰ ਨੇ ਸਭ ਕੁਝ ਕਾਨੂੰਨ ਮੁਤਾਬਿਕ ਹੀ ਕੀਤਾ ਹੈ। 
ਇਸ ਦੌਰਾਨ ਹਰਿੰਦਰਪਾਲ ਸਿੰਘ ਹੈਰੀਮਾਨ ਨੇ ਹਲਕਾ ਸਨੌਰ ਦੇ ਸੈਂਕੜੇ ਲੋਕਾਂ ਨਾਲ ਸੁਨੀਲ ਜਾਖੜ ਦਾ ਸਨਮਾਨ ਕਰਨ ਮੌਕੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਕਾਂਗਰਸ ਪੂਰੀ ਤਰ੍ਹਾਂ ਇਕਜੁਟ ਹੈ। ਪੰਜ ਸਾਲਾਂ 'ਚ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਕਾਂਗਰਸ ਨੇ ਉਨ੍ਹਾਂ ਲਈ ਕੀ ਕੀਤਾ ਹੈ। 
 


Related News