ਜਾਣੋ ਕਦੋਂ ਹੋਵੇਗਾ ਕੈਪਟਨ ਮੰਤਰੀ ਮੰਡਲ ਦਾ ਵਿਸਥਾਰ, ਇਨ੍ਹਾਂ ਲੀਡਰਾਂ ਦੇ ਨਾਵਾਂ ''ਤੇ ਲੱਗ ਸਕਦੀ ਹੈ ਮੋਹਰ

06/26/2017 7:21:50 PM

ਚੰਡੀਗੜ੍ਹ : ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ 'ਤੇ 16 ਮਾਰਚ ਨੂੰ ਕੈਪਟਨ ਅਮਰਿੰਦਰ ਸਿੰਘ ਸਮੇਤ 10 ਮੰਤਰੀਆਂ ਨੇ ਸਹੁੰ ਚੁੱਕੀ ਸੀ ਪਰ ਹੁਣ ਕੈਪਟਨ ਦੇ ਪਹਿਲੇ ਮੰਤਰੀ ਮੰਡਲ ਦੇ ਵਿਸਥਾਰ 'ਤੇ ਪੰਜ ਜੁਲਾਈ ਤੋਂ ਬਾਅਦ ਆਖਰੀ ਮੋਹਰ ਲੱਗ ਸਕਦੀ ਹੈ। ਡੇਢ ਮਹੀਨੇ ਤੋਂ ਚੱਲ ਰਹੀ ਮੰਤਰੀ ਮੰਡਲ ਵਿਸਥਾਰ ਦੀ ਕਵਾਇਦ ਦੇ ਚੱਲਦੇ ਮਾਮਲਾ ਦੋ ਵਾਰ ਅੱਗੇ ਵਧਾਇਆ ਜਾ ਚੁੱਕਾ ਹੈ। ਪਹਿਲਾਂ 28 ਜੂਨ ਨੂੰ ਮੰਤਰੀ ਮੰਡਲ ਦੇ ਵਿਸਥਾਰ 'ਤੇ ਰਣਨੀਤੀ ਤੈਅ ਕੀਤੀ ਗਈ ਸੀ। ਕਾਂਗਰਸ ਉਪ ਪ੍ਰਧਾਨ ਰਾਹੁਲ ਗਾਧੀ ਦੋ ਜੁਲਾਈ ਨੂੰ ਵਿਦੇਸ਼ ਦੌਰੇ ਤੋਂ ਪਰਤ ਰਹੇ ਹਨ। ਉਨ੍ਹਾਂ ਦੇ ਪਰਤਣ ਤੋਂ ਬਾਅਦ ਪੰਜ ਜੁਲਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਉਨ੍ਹਾਂ ਨਾਲ ਮੁਲਾਕਾਤ ਲਗਭਗ ਫਾਈਨਲ ਹੈ। ਇਸ ਮੀਟਿੰਗ ਵਿਚ ਮੰਤਰੀ ਮੰਡਲ ਦੇ ਵਿਸਥਾਰ 'ਤੇ ਅੰਤਿਮ ਮੋਹਰ ਲੱਗ ਸਕਦੀ ਹੈ।
ਪਹਿਲੇ ਮੰਤਰੀ ਮੰਡਲ ਵਿਸਥਾਰ ਦੀ ਤਿਆਰੀ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਤੈਅ ਕੀਤੀ ਗਈ ਸੀ ਪਰ ਰੇਤ ਖੱਡ ਵਿਵਾਦ ਦੇ ਚੱਲਦੇ ਸਰਕਾਰ ਨੇ ਮਾਮਲਾ ਮੁਲਤਵੀ ਕਰ ਦਿੱਤਾ। ਸੂਤਰਾਂ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਹੁਲ ਨਾਲ ਵਿਚਾਰ ਕਰਕੇ ਛੇ ਨਾਵਾਂ 'ਤੇ ਮੋਹਰ ਵੀ ਲਗਵਾ ਲਈ ਹੈ। ਇਨ੍ਹਾਂ ਵਿਚ ਯੂਥ ਕੋਟੇ ਤੋਂ ਗਿੱਦੜਬਾਹਾ ਤੋਂ ਦੋ ਵਾਰ ਚੋਣ ਜਿੱਤ ਚੁੱਕੇ ਅਮਰਿੰਦਰ ਸਿੰਘ ਰਾਜਾ ਵੜਿੰਗ, ਦਲਿਤ ਕੋਟੇ ਤੋਂ ਰਾਜ ਕੁਮਾਰ ਵੇਰਕਾ, ਅੰਮ੍ਰਿਤਸਰ ਸੈਂਟਰਲ ਤੋਂ ਪੰਜ ਵਾਰ ਚੋਣ ਜਿੱਤਣ ਵਾਲੇ ਓ. ਪੀ. ਸੋਨੀ, ਕੈਪਟਨ ਦੇ ਕਰੀਬੀ ਗੁਰੂਹਰਿਸਹਾਏ ਦੇ ਵਿਧਾਇਕ ਰਾਣਾ ਸੋਢੀ, ਡੇਰਾ ਬਾਬਾ ਨਾਨਕ ਤੋਂ ਤਿੰਨ ਵਾਰ ਜਿੱਤ ਚੁੱਕੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਲੁਧਿਆਣਾ ਤੋਂ ਚਾਰ ਵਾਰ ਚੋਣ ਜਿੱਤਣ ਵਾਲੇ ਰਾਕੇਸ਼ ਪਾਂਡੇ ਦੇ ਨਾਮ ਸ਼ਾਮਲ ਹਨ।
ਇਸ ਦਰਮਿਆਨ ਰਾਹੁਲ ਗਾਂਧੀ ਦੇ ਵਿਦੇਸ਼ ਜਾਣ ਨਾਲ ਫਿਲਹਾਲ ਤੀਸਰੀ ਵਾਰ ਮਾਮਲਾ ਲਟਕ ਗਿਆ ਸੀ। ਹੁਣ ਉਮੀਦ ਹੈ ਕਿ ਇਸ ਮੁਲਾਕਾਤ ਦੇ ਇਕ-ਦੋ ਦਿਨਾਂ 'ਚ ਮੰਤਰੀਮੰਡਲ ਵਿਸਥਾਰ ਦਾ ਐਲਾਨ ਕੀਤਾ ਜਾ ਸਕਦਾ ਹੈ। ਕੈਪਟਨ ਵਿਧਾਨ ਸਭਾ ਸੈਸ਼ਨ ਖਤਮ ਹੋਣ ਤੋਂ ਬਾਅਦ ਤਿੰਨ ਦਿਨ ਲਈ ਆਪਣੇ ਕਰੀਬੀਆਂ ਨਾਲ ਫੇਰਬਦਲ 'ਤੇ ਵਿਚਾਰ ਕਰ ਰਹੇ ਹਨ। ਇਨ੍ਹਾਂ ਵਿਚ ਅਫਸਰਾਂ ਦੇ ਤਬਾਦਲੇ ਤੋਂ ਲੈ ਕੇ ਵਿਭਾਗਾਂ ਦੀ ਕਾਰਜਪ੍ਰਣਾਲੀ ਦੀ ਸਮੀਖਿਆ ਵੀ ਸ਼ਾਮਲ ਹੈ।
ਨਹੀਂ ਲੱਗ ਸਕਦਾ ਹੈ ਦੋਆਬੇ ਦਾ ਨੰਬਰ
ਮੰਤਰੀ ਮੰਡਲ ਵਿਸਥਾਰ 'ਚ ਦੋਆਬਾ ਦਾ ਨੰਬਰ ਨਹੀਂ ਲੱਗੇਗਾ। ਜਿਨ੍ਹਾਂ ਛੇ ਤੋਂ ਅੱਠ ਨਾਵਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿਚ ਸਾਰੇ ਨਾਮ ਮਾਲਵਾ ਅਤੇ ਮਾਝੇ ਦੇ ਹਨ ਕਿਉਂਕਿ ਦੋਆਬਾ ਕਾਂਗਰਸ ਦਾ ਗੜ੍ਹ ਰਿਹਾ ਹੈ, ਇਸ ਲਈ ਕੈਪਟਨ ਦੀ ਕੋਸ਼ਿਸ਼ ਹੈ ਕਿ ਦੋਆਬੇ ਦੀ ਅਗਵਾਈ ਵਧਾਈ ਜਾਵੇ। ਫਿਲਹਾਲ ਦੋਆਬੇ ਤੋਂ ਕਿਸੇ ਨਾਮ ਨੂੰ ਫਾਈਨਲ ਨਹੀਂ ਕੀਤਾ ਜਾ ਸਕਿਆ ਹੈ। ਕੈਪਟਨ ਦੀ ਕੋਸ਼ਿਸ਼ ਹੈ ਕਿ ਦਲਿਤ ਕੋਟੇ ਤੋਂ ਹੀ ਦੋਆਬੇ 'ਚੋਂ ਵੀ ਇਕ ਚਿਹਰਾ ਸ਼ਾਮਿਲ ਕੀਤਾ ਜਾਵੇ।


Related News