10 ਸਾਲਾਂ ਦੇ ਬਨਵਾਸ ਤੋਂ ਬਾਅਦ ਆਜ਼ਾਦੀ ਦਿਹਾੜੇ ਦੇ ਜ਼ਿਲਾ ਪੱਧਰੀ ਪ੍ਰੋਗਰਾਮ ''ਚ ਛਾਏ ਕਾਂਗਰਸੀ

08/17/2017 12:49:28 PM

ਜਲੰਧਰ — 10 ਸਾਲਾਂ ਦਾ ਬਨਵਾਸ ਕੱਟਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਆਯੋਜਿਤ ਆਜ਼ਾਦੀ ਦਿਹਾੜੇ ਮੌਕੇ ਕੀਤੇ ਪ੍ਰੋਗਰਾਮ ਵਿਚ ਕਾਂਗਰਸੀ ਪੂਰੀ ਤਰ੍ਹਾਂ ਛਾਏ ਰਹੇ। ਤਿਰੰਗਾ ਲਹਿਰਾਉਣ ਦੀ ਰਸਮ ਮੁੱਖ ਮਹਿਮਾਨ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅਦਾ ਕੀਤੀ। 
ਇਸ ਦੌਰਾਨ ਸਟੇਡੀਅਮ ਦੀ ਵੀ. ਵੀ. ਆਈ. ਪੀ. ਤੇ ਵੀ. ਆਈ. ਪੀ. ਦਰਸ਼ਕ ਗੈਲਰੀ 'ਚ ਕਾਂਗਰਸ ਦੇ ਸੂਬਾਈ ਤੇ ਜ਼ਿਲਾ ਪੱਧਰ ਦੇ ਆਗੂਆਂ ਦੀ ਭੀੜ ਲੱਗੀ ਰਹੀ। ਸਮਾਰੋਹ ਦੌਰਾਨ ਸਾਰੇ ਕਾਂਗਰਸੀ ਬੇਹੱਦ ਖੁਸ਼ ਨਜ਼ਰ ਆ ਰਹੇ ਸਨ ਤੇ ਕਈ ਆਗੂ ਤਾਂ ਇਸ ਦੌਰਾਨ ਆਪਣੀ ਲਾਈਵ ਵੀਡੀਓ ਬਣਾ ਕੇ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਨਾਲੋ-ਨਾਲ ਪਾਈ ਜਾ ਰਹੇ ਸਨ। ਜ਼ਿਕਰਯੋਗ ਹੈ ਕਿ ਪਿਛਲੇ 10 ਸਾਲਾਂ ਵਿਚ ਪੰਜਾਬ ਦੀ ਸੱਤਾ 'ਤੇ ਅਕਾਲੀ ਦਲ-ਭਾਜਪਾ ਗਠਜੋੜ ਦਾ ਕਬਜ਼ਾ ਰਿਹਾ ਸੀ। 
ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਅਕਾਲੀ-ਭਾਜਪਾ ਆਗੂਆਂ ਨੂੰ ਹੀ ਅਜਿਹੇ ਸਮਾਰੋਹ ਵਿਚ ਖਾਸ ਸੱਦਾ ਤੇ ਤਵੱਜੋ ਦਿੱਤੀ ਜਾਂਦੀ ਰਹੀ ਤੇ ਕਾਂਗਰਸ ਦੇ ਆਗੂਆਂ ਨੂੰ ਅਕਸਰ ਅਣਡਿੱਠ ਕੀਤਾ ਜਾਂਦਾ ਸੀ ਪਰ ਸੂਬੇ ਵਿਚ ਸੱਤਾ ਦੀ ਕੁੰਜੀ ਕਾਂਗਰਸ ਦੇ ਹੱਥਾਂ ਵਿਚ ਆਈ ਤਾਂ ਕੈਪਟਨ ਅਮਰਿੰਦਰ ਨੇ ਸੱਤਾ ਦੀ ਕਮਾਨ ਸੰਭਾਲੀ। 
ਇਸ ਉਪਰੰਤ ਆਯੋਜਿਤ ਪਹਿਲੇ ਕੌਮੀ ਆਯੋਜਨ ਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਾਂਗਰਸੀ ਆਗੂਆਂ ਨੂੰ ਹੀ ਜ਼ਿਆਦਾ ਅਹਿਮੀਅਤ ਦਿੱਤੀ, ਉਥੇ ਕਾਂਗਰਸ ਦੇ ਵਿਧਾਇਕਾਂ ਸੁਸ਼ੀਲ ਰਿੰਕੂ, ਰਾਜਿੰਦਰ ਬੇਰੀ, ਜੂਨੀਅਰ ਅਵਤਾਰ ਹੈਨਰੀ, ਪਰਗਟ ਸਿੰਘ, ਸੁਰਿੰਦਰ ਚੌਧਰੀ ਸਣੇ ਜ਼ਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਦਲਜੀਤ ਆਹਲੂਵਾਲੀਆ ਤੇ ਦਿਹਾਤੀ ਦੇ ਪ੍ਰਧਾਨ ਕੈਪਟਨ ਹਰਮਿੰਦਰ ਸਿੰਘ ਨੇ ਕਾਂਗਰਸੀ ਵਰਕਰਾਂ ਤੇ ਸਮਰਥਕਾਂ ਨੂੰ ਵੀ. ਆਈ. ਪੀ. ਪਾਸ ਮੁਹੱਈਆ ਕਰਵਾਉਣ ਵਿਚ ਕੋਈ ਕਸਰ ਨਹੀਂ ਛੱਡੀ। ਉਥੇ ਪਿਛਲੇ 10 ਸਾਲਾਂ ਤੋਂ ਆਜ਼ਾਦੀ ਦਿਹਾੜੇ 'ਤੇ ਤਿਰੰਗੇ ਨੂੰ ਸਲਾਮੀ ਦੇਣ ਵਾਲੇ ਅਕਾਲੀ-ਭਾਜਪਾ ਆਗੂ ਇਸ ਸਾਲ ਸਮਾਰੋਹ ਤੋਂ ਗਾਇਬ ਰਹੇ।


Related News