ਬਾਜ਼ਾਰ ਸਜੇ ਪਰ ਗਾਹਕ ਗਾਇਬ

10/19/2017 1:37:39 AM

ਸ਼ੇਰਪੁਰ, (ਅਨੀਸ਼)- ਕਸਬੇ 'ਚ ਵੀ ਇਸ ਵਾਰ ਦੀਵਾਲੀ ਦਾ ਤਿਉਹਾਰ ਠੰਡਾ ਹੀ ਨਜ਼ਰ ਆ ਰਿਹਾ ਹੈ। ਭਾਵੇਂ ਦੁਕਾਨਦਾਰਾਂ ਵੱਲੋਂ ਦੀਵਾਲੀ ਮੌਕੇ ਦੁਕਾਨਾਂ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ ਪਰ ਗਾਹਕ ਨਾ ਹੋਣ ਕਾਰਨ ਦੁਕਾਨਦਾਰਾਂ ਦੇ ਚਿਹਰਿਆਂ 'ਤੇ ਨਿਰਾਸ਼ਾ ਦਾ ਆਲਮ ਹੈ। ਇਸ ਮੌਕੇ ਦੁਕਾਨਦਾਰਾਂ ਨੇ ਦੱਸਿਆ ਕਿ ਅਜਿਹਾ ਹੋਣ ਦਾ ਵੱਡਾ ਕਾਰਨ ਨਕਦੀ ਦੀ ਘਾਟ ਦਾ ਹੋਣਾ ਹੈ ਕਿਉਂਕਿ ਨੋਟਬੰਦੀ ਤੋਂ ਬਾਅਦ ਸਮੁੱਚਾ ਕਾਰੋਬਾਰ ਹੀ ਲੀਹ ਤੋਂ ਉਤਰ ਗਿਆ ਹੈ। ਇਲੈਕਟ੍ਰਾਨਿਕ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਨੇ ਦੱਸਿਆ ਕਿ ਉਹ ਲੱਖਾਂ ਰੁਪਏ ਦਾ ਸਾਮਾਨ ਖਰੀਦ ਕੇ ਬੈਠੇ ਹਨ ਪਰ ਗਾਹਕ ਦਾ ਨਾਮੋ-ਨਿਸ਼ਾਨ ਨਹੀਂ ਹੈ। ਇਸੇ ਤਰ੍ਹਾਂ ਫਰਨੀਚਰ ਵਾਲੇ ਦੁਕਾਨਦਾਰ ਵੀ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ। ਪਟਾਕੇ ਵੇਚਣ ਵਾਲੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਵਾਰ ਔਖੇ-ਸੌਖੇ ਪਟਾਕੇ ਵਿਕ ਜਾਣ ਅਗਲੇ ਸਾਲ ਉਹ ਪਟਾਕਿਆਂ ਦਾ ਰਿਸਕ ਨਹੀਂ ਲੈਣਗੇ । ਇਸ ਤਰ੍ਹਾਂ ਮੰਦੀ ਨੇ ਦੁਕਾਨਦਾਰਾਂ ਨੂੰ ਫਿਕਰਾਂ ਵਿਚ ਪਾ ਦਿੱਤਾ ਹੈ।


Related News