ਪਟਿਆਲਾ ਵਿਖੇ 12 ਦੇ ਧਰਨੇ ''ਚ ਮੋਗੇ ਤੋਂ ਵਰਕਰਾਂ ਦਾ ਵੱਡਾ ਕਾਫਲਾ ਹੋਵੇਗਾ ਸ਼ਾਮਲ

12/12/2017 11:03:55 AM

ਮੋਗਾ (ਗਰੋਵਰ, ਗੋਪੀ)-ਸਵੱਛ ਭਾਰਤ ਤਹਿਤ ਪੂਰੇ ਪੰਜਾਬ 'ਚ ਸੇਵਾਵਾਂ ਨਿਭਾਅ ਰਹੇ ਮਾਸਟਰ ਮੋਟੀਵੇਟਰਾਂ ਅਤੇ ਮੋਟੀਵੇਟਰਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਦੇ ਸਬੰਧ 'ਚ ਮੁੱਖ ਦਫਤਰ ਪਟਿਆਲਾ ਵਿਖੇ 12 ਦਸੰਬਰ ਨੂੰ ਲਾਏ ਜਾਣ ਵਾਲੇ ਧਰਨੇ ਨੂੰ ਲੈ ਕੇ ਵਰਕਰਾਂ 'ਚ ਪੂਰਾ ਉਤਸ਼ਾਹ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਗਨਸ਼ਾਮ ਭਾਰਤੀ ਨੇ ਮੋਗਾ ਜ਼ਿਲੇ ਦੇ ਅਹੁਦੇਦਾਰਾਂ ਨਾਲ ਮੀਟਿੰਗ ਦੌਰਾਨ ਕੀਤਾ । 
ਉਨ੍ਹਾਂ ਕਿਹਾ ਕਿ ਜ਼ਿਲਾ ਮੋਗਾ ਅਧੀਨ ਪੈਂਦੇ ਸਾਰੇ ਬਲਾਕਾਂ 'ਚੋਂ ਜਿਥੇ ਵੱਡੀ ਗਿਣਤੀ 'ਚ ਯੂਨੀਅਨ ਵਰਕਰ ਧਰਨੇ 'ਚ ਸ਼ਾਮਲ ਹੋਣਗੇ, ਉਥੇ ਹੀ ਜ਼ਿਲੇ 'ਚੋਂ ਸਹਿਯੋਗੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਧਰਨੇ 'ਚ ਵੱਡੀ ਗਿਣਤੀ 'ਚ ਵਰਕਰ ਲੈ ਸ਼ਾਮਲ ਹੋਣ ਨਾਲ ਪਟਿਆਲਾ ਦਾ ਧਰਨਾ ਕੁੰਭਕਰਨੀ ਨੀਂਦ ਸੁੱਤੀ ਪਈ ਸਰਕਾਰ ਦੀ ਨੀਂਦ ਖੋਲ੍ਹ ਕੇ ਰੱਖ ਦੇਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਵੱਛ ਬਣਾਉਣ ਲਈ ਕੰਮ ਕਰਦੇ ਵਰਕਰਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਬਗੈਰ ਕਿਸੇ ਮਹੀਨਾਵਾਰ ਪੱਕੀ ਤਨਖਾਹ ਪੂਰੇ ਪੰਜਾਬ 'ਚ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਧੀਨ ਥੋੜ੍ਹੇ ਜਿਹੇ ਮਾਣ ਭੱਤੇ 'ਤੇ ਹਰ ਰੋਜ਼ ਸਵੇਰੇ 5 ਵਜੇ ਤੋਂ (ਚਾਹੇ ਗਰਮੀ ਹੋਵੇ ਜਾਂ ਸਰਦੀ, ਮੀਂਹ ਹੋਵੇ ਜਾਂ ਹਨੇਰੀ) ਪਿੰਡਾਂ 'ਚ ਡਿਊਟੀ 'ਤੇ ਨਿਕਲਣਾ ਪੈਂਦਾ ਹੈ।
ਇੰਨੀ ਸਖਤ ਮਿਹਨਤ ਅਤੇ ਡਿਊਟੀ ਦੇ ਬਾਵਜੂਦ ਦਿੱਤੇ ਜਾ ਰਹੇ ਮਾਣ ਭੱਤੇ 'ਤੇ ਕਿਸੇ ਦੇ ਵੀ ਪਰਿਵਾਰ ਦਾ ਗੁਜ਼ਾਰਾ ਸੰਭਵ ਨਹੀਂ ਹੈ। ਯੂਨੀਅਨ ਦੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਸਬੰਧ 'ਚ ਮੌਜੂਦਾ ਪੰਜਾਬ ਸਰਕਾਰ ਦੇ ਮੰਤਰੀ ਸਾਹਿਬਾਨ ਨਾਲ ਵੀ ਮਿਲ ਕੇ ਗੁਹਾਰ ਲਾ ਚੁੱਕੇ ਹਾਂ ਪਰ ਸਭ ਵੱਲੋਂ ਇਸ ਬਾਰੇ ਫਾਈਨਲ ਫੈਸਲਾ ਮੁੱਖ ਮੰਤਰੀ ਸਾਹਿਬ ਵੱਲੋਂ ਜਲਦੀ ਕਰਵਾਉਣ ਦਾ ਹਵਾਲਾ ਦੇ ਕੇ ਹੁਣ ਤੱਕ ਕੋਈ ਯੋਗ ਹੱਲ ਨਹੀਂ ਕੀਤਾ ਜਾ ਰਿਹਾ।ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਵੱਲੋਂ ਘਰ-ਘਰ ਨੌਕਰੀ ਦੇ ਕੀਤੇ ਵਾਅਦੇ ਦੇ ਉਲਟ ਪ੍ਰਾਪਤ ਹੋ ਰਹੇ ਸਮਾਚਾਰਾਂ ਅਨੁਸਾਰ ਅਗਾਂਹ ਕੰਮ ਨਾ ਦੇ ਕੇ ਸਾਨੂੰ ਬੇਰੁਜ਼ਗਾਰ ਕਰ ਕੇ ਸਾਡੇ ਤੋਂ ਰੁਜ਼ਗਾਰ ਖੋਹਿਆ ਜਾ ਰਿਹਾ ਹੈ।
ਇਹ ਹਨ ਮੁੱਖ ਮੰਗਾਂ
ਅਗਾਂਹ ਕੰਮ ਦੇ ਕੇ ਸਾਨੂੰ ਬੇਰੁਜ਼ਗਾਰ ਹੋਣੋਂ ਬਚਾਇਆ ਜਾਵੇ।
ਵਰਕਰਾਂ ਨੂੰ ਮਹਿਕਮੇ 'ਚ ਮਰਜ ਕਰ ਕੇ ਮਹੀਨਾਵਾਰ ਪੱਕੀ ਤਨਖਾਹ ਦਿੱਤੀ ਜਾਵੇ।
ਰੁਜ਼ਗਾਰ ਪੱਕਾ ਕੀਤਾ ਜਾਵੇ, ਵਰਕਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਬੰਦ ਹੋਵੇ।
ਜਿਨ੍ਹਾਂ ਵਰਕਰਾਂ ਦੇ ਪਿਛਲੇ ਬਕਾਏ ਬਾਕੀ ਹਨ, ਉਹ ਵੀ ਤੁਰੰਤ ਜਾਰੀ ਕੀਤੇ ਜਾਣ।
ਇਹ ਸਨ ਹਾਜ਼ਰ
ਸਟੇਟ ਕੈਸ਼ੀਅਰ ਮਨਦੀਪ ਕੌਰ, ਜ਼ਿਲਾ ਪ੍ਰਧਾਨ ਬਲਜੀਤ ਸਿੰਘ ਸੰਧੂ, ਪਰਮਿੰਦਰ ਸਿੰਘ, ਗੁਰਸ਼ਰਨ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ ਨੂਰਪੁਰ, ਰਜਿੰਦਰ ਸਿੰਘ, ਪਰਮਿੰਦਰ ਕੌਰ, ਕਿਰਨਦੀਪ ਕੌਰ, ਅਮਨਦੀਪ ਕੌਰ, ਜਸਸੀਰ ਸਿੰਘ, ਹਰਪ੍ਰੀਤ ਸਿੰਘ, ਜੋਤ ਕੌਰ, ਜਸਪ੍ਰੀਤ ਸਿੰਘ, ਹਰਮਨਦੀਪ ਸਿੰਘ, ਮਨਜੀਤ ਸਿੰਘ, ਗੁਰਤੇਜ ਸਿੰਘ, ਨੂਰ ਮੁਹੰਮਦ, ਸਤਪਾਲ ਸਿੰਘ, ਜਗਜੀਤ ਸਿੰਘ, ਗੁਰਜਿੰਦਰ ਸਿੰਘ, ਮਨਦੀਪ ਕੌਰ ਤੇ ਵੱਡੀ ਗਿਣਤੀ 'ਚ ਮਾਸਟਰ ਮੋਟੀਵੇਟਰ ਤੇ ਮੋਟੀਵੇਟਰ ਸਾਥੀ ਮੌਜੂਦ ਸਨ।


Related News