ਅਗਰਸੈਨ ਪਾਰਕ ''ਚ ਆਪਸ ''ਚ ਭਿੜੇ ਜੁਆਰੀ

12/11/2017 3:41:35 PM

ਮੰਡੀ ਗੋਬਿੰਦਗੜ੍ਹ (ਮੱਗੋ) — ਨਗਰ ਕੌਂਸਲ ਦਫਤਰ ਤੋਂ ਸਟੇ ਹੋਏ ਮਹਾਰਾਜਾ ਅਗਰਸੈਨ ਪਾਰਕ 'ਚ ਸੋਮਵਾਰ ਸ਼ਾਮ ਕਰੀਬ 6 ਵਜੇ ਜੁਆਰੀ ਆਪਸ 'ਚ ਭਿੜ ਗਏ। ਜਾਣਕਾਰੀ ਮੁਤਾਬਕ ਮਹਾਰਾਜਾ ਅਗਰਸੈਨ ਪਾਰਕ ਦੇ ਆਸਪਾਸ ਕੁਝ ਲੋਕ ਗੈਰ-ਕਾਨੂੰਨੀ ਤੌਰ 'ਤੇ ਲਾਟਰੀ ਤੇ ਜੁਏ ਦਾ ਗੈਰ ਕਾਨੂੰਨੀ ਕਾਰੋਬਾਰ ਕਰਦੇ ਹਨ। ਇਹ ਲੋਕ ਰਾਹਗੀਰਾਂ, ਪ੍ਰਵਾਸੀ ਮਜਦੂਰਾਂ ਤੇ ਬੱਚਿਆਂ ਆਦਿ ਨੂੰ ਲਾਟਰੀ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਲੁੱਟਦੇ ਹਨ। 
ਅੱਜ ਵੀ ਇਹ ਲੋਕ ਆਪਣੀ ਲਾਟਰੀ ਤੇ ਜੁਏ 'ਚ ਜਿੱਤੇ ਪੈਸੇ ਨੂੰ  ਲੈ ਕੇ ਪਾਰਕ ਪਹੁੰਚੇ ਤਾਂ ਉਥੇ ਸ਼ਰਾਬ ਆਦਿ ਦਾ ਸੇਵਨ ਕਰਨ ਲੱਗੇ। ਇਸ ਦੌਰਾਨ ਇਨ੍ਹਾਂ 'ਚੋਂ ਪੈਸੇ ਦੇ ਬਟਵਾਰੇ ਆਦਿ ਨੂੰ ਲੈ ਕੇ ਇਕ-ਦੂਜੇ ਨਾਲ ਝਗੜਾ ਹੋ ਗਿਆ। ਇਸ ਦੀ ਸੂਚਨਾ ਉਥੇ ਸੈਰ ਕਰ ਰਹੇ ਯਸ਼ਪਾਲ ਤਲਵਾੜ ਨੇ 'ਜਗ ਬਾਣੀ' ਨੂੰ ਦਿੱਤੀ। 'ਜਗ ਬਾਣੀ' ਦੀ ਟੀਮ ਨੇ ਇਸ ਦੀ ਸੂਚਨਾ ਥਾਣਾ ਇੰਚਾਰਜ  ਡੀ. ਐੱਸ. ਪੀ. ਤਲਵਿੰਦਰ ਸਿੰਘ ਨੂੰ ਦਿੱਤੀ। ਥਾਣਾ ਇੰਚਾਰਜ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੁਲਸ ਟੀਮ ਨੂੰ ਪਾਰਕ 'ਚ ਭੇਜਿਆ। 
ਜਿਥੇ ਪੁਲਸ ਨੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ, ਜਦ ਕਿ ਇਕ ਹੋਰ ਗੰਭੀਰ ਰੂਪ 'ਚ ਜ਼ਖਮੀ ਵਿਅਕਤੀ ਗਾਮਾ ਨਿਵਾਸੀ ਰਾਮ ਨਗਰ, ਮੰਡੀ ਗੋਬਿੰਦਗੜ੍ਹ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਫਿਲਹਾਲ ਪੁਲਸ ਨੇ ਪਾਰਕ ਦੇ ਆਸਪਾਸ ਗੈਰ-ਕਾਨੂੰਨੀ ਲਾਟਰੀ ਦਾ ਧੰਦਾ ਕਰਨ ਵਾਲਿਆਂ, ਜ਼ਬਰਨ ਵਸੂਲੀ ਤੇ ਪਾਰਕ 'ਚ ਸ਼ਰਾਬ ਪੀ ਕੇ ਲੋਕਾਂ ਨੂੰ ਤੰਗ ਕਰਨ ਵਾਲਿਆਂ 'ਤੇ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।


Related News