ਕਈ ਥਾਵਾਂ ''ਤੇ ਮਿਲਿਆ ਡੇਂਗੂ ਦਾ ਲਾਰਵਾ, ਕੱਟੇ ਗਏ ਚਲਾਨ

06/24/2017 1:09:06 PM

ਮੋਗਾ(ਸੰਦੀਪ)— ਸ਼ਹਿਰ ਦੀ ਬੱਗੇਆਣਾ ਬਸਤੀ 'ਚ ਡੇਂਗੂ ਦਾ ਪਹਿਲਾ ਕੇਸ ਮਿਲਣ 'ਤੇ ਸਿਹਤ ਵਿਭਾਗ ਤੇ ਕਾਰਪੋਰੇਸ਼ਨ ਪੱਬਾਂ ਭਾਰ ਹੋ ਗਈ ਹੈ ਅਤੇ ਸ਼ਹਿਰ 'ਚ ਐਂਟੀ ਲਾਰਵਾ ਗਤੀਵਿਧੀਆਂ 'ਚ ਤੇਜ਼ੀ ਲਿਆਂਦੀ ਗਈ ਹੈ। ਇਸ ਸੰਬੰਧੀ ਸ਼ੁੱਕਰਵਾਰ ਨੂੰ ਸਿਵਲ ਸਰਜਨ ਮੋਗਾ ਅਤੇ ਮਿਊਂਸੀਪਲ ਕਮਿਸ਼ਨਰ ਮੋਗਾ ਦੇ ਆਦੇਸ਼ਾਂ 'ਤੇ ਸਿਹਤ ਵਿਭਾਗ ਮੋਗਾ ਅਤੇ ਮਿਊਂਸੀਪਲ ਕਾਰਪੋਰੇਸ਼ਨ ਦੀ ਟੀਮ ਵੱਲੋਂ ਸੈਨੇਟਰੀ ਇੰਸਪੈਕਟਰ ਸੁਮਨ ਕੁਮਾਰ ਅਤੇ ਮਹਿੰਦਰ ਪਾਲ ਲੂੰਬਾ ਦੀ ਅਗਵਾਈ 'ਚ ਸ਼ਹਿਰ 'ਚ ਕਈ ਪਬਲਿਕ ਸਥਾਨਾਂ 'ਤੇ ਮਲੇਰੀਆ, ਡੇਂਗੂ ਦਾ ਲਾਰਵਾ ਫੜਨ ਲਈ ਸਾਂਝੀ ਕਾਰਵਾਈ ਕੀਤੀ ਗਈ, ਜਿਸ ਦੌਰਾਨ ਫੋਕਲ ਪੁਆਇੰਟ ਮੋਗਾ 'ਚ ਕਈ ਥਾਵਾਂ 'ਤੇ ਮਲੇਰੀਆ ਅਤੇ ਡੇਂਗੂ ਦਾ ਲਾਰਵਾ ਮਿਲਿਆ। ਇਸ 'ਤੇ ਤੁਰੰਤ ਕਾਰਵਾਈ ਕਰਦਿਆਂ ਟੀਮ ਵੱਲੋਂ ਮੌਕੇ 'ਤੇ ਕਈ ਫੈਕਟਰੀਆਂ ਦੇ ਚਲਾਨ ਕੱਟੇ ਗਏ। ਘਰਾਂ ਅਤੇ ਫੈਕਟਰੀਆਂ ਦੀ ਜਾਂਚ ਦੌਰਾਨ ਟੀਮ ਵੱਲੋਂ ਕੂਲਰਾਂ, ਪਾਣੀ ਵਾਲੀਆਂ ਟੈਂਕੀਆਂ, ਖੁੱਲ੍ਹੇ 'ਚ ਪਏ ਡਰੰਮਾਂ ਅਤੇ ਕਬਾੜ ਦੀ ਕੀਤੀ ਗਈ ਜਾਂਚ ਦੌਰਾਨ ਕੂਲਰਾਂ, ਡਰੰਮਾਂ ਅਤੇ ਟੋਇਆਂ 'ਚ ਮਲੇਰੀਆ ਅਤੇ ਡੇਂਗੂ ਦਾ ਲਾਰਵਾ ਮਿਲਿਆ। 
ਇਸ ਸੰਬੰਧੀ ਘਰਾਂ ਅਤੇ ਫੈਕਟਰੀ ਮਾਲਕਾਂ ਨੂੰ ਸਾਰੀ ਸਥਿਤੀ ਤੋਂ ਜਾਣੂੰ ਕਰਵਾ ਕੇ ਇਨ੍ਹਾਂ ਉਣਤਾਈਆਂ ਨੂੰ ਦੂਰ ਕਰਕੇ ਤਿੰਨ ਦਿਨਾਂ 'ਚ ਕਮਿਸ਼ਨਰ ਦਫਤਰ ਪੇਸ਼ ਹੋਣ ਲਈ ਕਿਹਾ ਗਿਆ। ਮੋਗਾ 'ਚ ਮਿਲੇ ਡੇਂਗੂ ਕੇਸ ਬਾਰੇ ਜਾਣਕਾਰੀ ਦਿੰਦਿਆਂ ਸੈਨੇਟਰੀ ਇੰਸਪੈਕਟਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਸਾਡੀ ਟੀਮ ਵੱਲੋਂ ਮਰੀਜ਼ ਦੀ ਰਿਹਾਇਸ਼ ਦੇ 300 ਮੀਟਰ ਦੇ ਦਾਇਰੇ 'ਚ ਕੂਲਰਾਂ ਅਤੇ ਪਾਣੀ ਵਾਲੇ ਸੋਮਿਆਂ ਦੀ ਸਫਾਈ ਕਰਵਾ ਦਿੱਤੀ ਗਈ ਹੈ, ਨਾਲੀਆਂ 'ਚ ਦਵਾਈ ਦਾ ਛਿੜਕਾਓ ਕਰਵਾ ਦਿੱਤਾ ਹੈ ਅਤੇ ਮੁਹੱਲਾ ਵਾਸੀਆਂ ਨੂੰ ਇਸ ਬਾਰੇ ਜਾਗਰੁਕ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੱਗੇਆਣਾ ਬਸਤੀ 'ਚ ਸਥਿਤ ਸੀਮੈਂਟ ਪਾਈਪ ਫੈਕਟਰੀ ਦੇ ਤਲਾਬਾਂ 'ਚੋਂ ਸਾਡੀ ਟੀਮ ਵੱਲੋਂ ਵੱਡੀ ਪੱਧਰ 'ਤੇ ਲਾਰਵਾ ਵੀ ਫੜਿਆ ਗਿਆ ਹੈ। 
ਇਸ ਮੌਕੇ ਜ਼ਿਲਾ ਐਪੀਡੀਮਾਲੋਜਿਸਟ ਡਾ. ਮੁਨੀਸ਼ ਕੁਮਾਰ ਵੱਲੋਂ ਸਾਰੀਆਂ ਪਬਲਿਕ ਸੰਸਥਾਵਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਅਧੀਨ ਬਿਲਡਿੰਗਾਂ ਦੀ ਨਿਗਰਾਨੀ ਕਰਨ ਤੇ ਕੂਲਰਾਂ ਦਾ ਪਾਣੀ ਹਰ ਹਫਤੇ ਬਦਲਿਆ ਜਾਵੇ। ਛੋਟੇ ਟੋਇਆਂ ਨੂੰ ਮਿੱਟੀ ਨਾਲ ਭਰ ਦਿੱਤਾ ਜਾਵੇ ਅਤੇ ਹਰ ਹਾਲ 'ਚ ਪਾਣੀ ਖੜ੍ਹੋਤ ਨੂੰ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸੰਸਥਾਵਾਂ ਅਤੇ ਰਿਹਾਇਸ਼ੀ ਇਲਾਕਿਆਂ 'ਚ ਐਂਟੀ ਲਾਰਵਾ ਮੁਹਿੰਮ ਅਗਲੇ ਦਿਨਾਂ 'ਚ ਵੀ ਜਾਰੀ ਰਹੇਗੀ ਅਤੇ ਜਿੱਥੋਂ ਵੀ ਲਾਰਵਾ ਮਿਲੇਗਾ, ਉਸ ਸੰਸਥਾ ਦੇ ਮੁਖੀ ਜਾਂ ਮਕਾਨ ਮਾਲਕ ਦਾ ਚਲਾਨ ਕੱਟਿਆ ਜਾਵੇਗਾ ਤਾਂ ਜੋ ਡੇਂਗੂ ਅਤੇ ਮਲੇਰੀਆ ਦੇ ਕੇਸਾਂ ਦੀ ਗਿਣਤੀ 'ਚ ਵਾਧਾ ਨਾ ਹੋਵੇ। ਉਨ੍ਹਾਂ ਸਭ ਨੂੰ ਇਸ ਮੁਹਿੰਮ 'ਚ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।  ਇਸ ਟੀਮ 'ਚ ਸੁਮਨ ਕੁਮਾਰ ਸੈਨੇਟਰੀ ਇੰਸਪੈਕਟਰ ਮਿਊਂਸੀਪਲ ਕਾਰਪੋਰੇਸ਼ਨ, ਮਹਿੰਦਰ ਪਾਲ ਲੂੰਬਾ, ਗੁਰਪ੍ਰੀਤ ਸਿੰਘ, ਜਗਸੀਰ ਸਿੰਘ, ਗਗਨਦੀਪ ਸਿੰਘ ਸੈਨੇਟਰੀ ਇੰਸਪੈਕਟਰ, ਕੁਲੈਕਟਰ ਵਪਿੰਦਰ ਸਿੰਘ, ਮਦਨ ਲਾਲ ਅਤੇ ਨਿਰਮਲ ਸਿੰਘ ਸ਼ਾਮਲ ਸਨ।


Related News