ਸਿਵਲ ਸਰਜਨ ਵੱਲੋਂ ਹਸਪਤਾਲ ''ਚ ਅਚਨਚੇਤ ਨਿਰੀਖਣ ਹੋਣ ਕਾਰਨ ਬਣਿਆ ਹਫੜਾ-ਦਫੜੀ ਦਾ ਮਾਹੌਲ

08/18/2017 4:27:06 PM


ਹੁਸ਼ਿਆਰਪੁਰ(ਘੁੰਮਣ) - ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਅਚਾਨਕ ਨਿਰੀਖਣ ਦੌਰਾਨ ਸਿਵਲ ਸਰਜਨ ਡਾ. ਰੇਨੂੰ ਸੂਦ ਵੱਲੋਂ ਸਿਵਲ ਹਸਪਤਾਲ ਵਿਚ ਪਾਈਆਂ ਗਈਆਂ ਊਣਤਾਈਆਂ ਲਈ ਸੀਨੀਅਰ ਮੈਡੀਕਲ ਅਫਸਰਾਂ ਅਤੇ ਸੰਬੰਧਿਤ ਸਟਾਫ ਨੂੰ ਝਾੜਾਂ ਪਾਈਆਂ ਤੇ ਬਿਨਾਂ ਕਿਸੇ ਨੂੰ ਦੱਸੇ ਪੁੱਛੇ ਜ਼ਮੀਨੀ ਹਕੀਕਤ ਦਾ ਜਾਇਜ਼ਾ ਲਿਆ।
ਜਾਇਜ਼ਾ ਲੈਣ ਅੱਜ ਡਾ. ਰੇਨੂੰ ਸੂਦ ਤਕਰੀਬਨ 12 ਵਜੇ ਦੇ ਕਰੀਬ ਸਿਵਲ ਹਸਪਤਾਲ ਦੇ ਦੁਰਘਟਨਾ ਵਿਭਾਗ ਵਿਖੇ ਪਹੁੰਚੇ ਤਾਂ ਭਿਆਨਕ ਗਰਮੀ ਨਾਲ ਮਰੀਜ਼ ਤੜਫ ਰਹੇ ਸਨ ਅਤੇ ਏਅਰ ਕੰਡੀਸ਼ਨ ਵੀ ਕੰਮ ਨਹੀਂ ਕਰ ਰਿਹਾ ਸੀ। ਇਥੇ ਹੀ ਬੱਸ ਨਹੀਂ, ਦੁਰਘਟਨਾ ਵਿਭਾਗ ਵਿਚ ਆਕਸੀਜਨ ਸਿਲੰਡਰ ਵੀ ਲੋੜੀਂਦੀ ਤਾਦਾਦ 'ਚ ਮੌਜੂਦ ਸਨ ਪਰ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਹੇ ਸਨ। ਇਸ ਦੌਰਾਨ ਸਿਵਲ ਸਰਜਨ ਦੇ ਪਹੁੰਚਣ ਦਾ ਪਤਾ ਲੱਗਣ 'ਤੇ ਐੱਸ. ਐੱਮ. ਓ. ਵੀ ਮੌਕੇ 'ਤੇ ਆ ਪੁੱਜੇ। 
ਸਿਵਲ ਸਰਜਨ ਨੇ ਪਹਿਲਾਂ ਤਾਂ ਉਨ੍ਹਾਂ ਨੂੰ ਦੁਰਘਟਨਾ ਵਿਭਾਗ ਦੀਆਂ ਕਮੀਆਂ ਗਿਣਾਉਂਦੇ ਹੋਏ ਇਸ ਨੂੰ ਤੁਰੰਤ ਸਹੀ ਕਰਨ ਦੇ ਨਿਰਦੇਸ਼ ਦਿੱਤੇ। ਇਸ ਸਮੇਂ ਹਸਪਤਾਲ ਵਿਚ ਇਲਾਜ ਅਧੀਨ ਦਾਖਿਲ ਮਰੀਜ਼ਾਂ ਅਤੇ ਉਨ੍ਹਾਂ ਦੇ ਤਾਮੀਰਦਾਰਾਂ ਨਾਲ ਸਿੱਧੀ ਗੱਲਬਾਤ ਕਰਦੇ ਹੋਏ ਸਰਕਾਰ ਵੱਲੋਂ ਉਪਲਬਧ ਮੁਫਤ ਦਵਾਈਆਂ ਅਤੇ ਹੋਰ ਸਿਹਤ ਸਹੂਲਤਾਂ ਸਬੰਧੀ ਸਵਾਲ ਪੁੱਛੇ ਤੇ ਸੰਤੁਸ਼ਟੀ ਪ੍ਰਗਟਾਈ। ਆਪਣੇ ਜਾਇਜ਼ੇ ਦੌਰਾਨ ਉਨ੍ਹਾਂ ਨਸ਼ਾ ਛੁਡਾਊ ਕੇਂਦਰ ਦਾ ਵੀ ਦੌਰਾ ਕੀਤਾ ਤੇ ਇਲਾਜ ਕਰਵਾ ਰਹੇ ਮਰੀਜ਼ਾਂ ਨੂੰ ਸਵਾਲ ਪੁੱਛੇ। ਉਨ੍ਹਾਂ ਮਰੀਜ਼ਾਂ ਨੂੰ ਕਿਹਾ ਕਿ ਸਿਹਤਮੰਦ ਜੀਵਨ ਲਈ ਕਿਸੇ ਤਰ੍ਹਾਂ ਦੇ ਵੀ ਨਸ਼ੇ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।
ਇਸ ਮੌਕੇ ਸਿਵਲ ਹਸਪਤਾਲ ਅੰਦਰ ਆਵਾਰਾ ਪਸ਼ੂਆਂ ਤੇ ਪਏ ਹੋਏ ਗੋਹੇ ਨੂੰ ਦੇਖ ਕੇ ਇਕ ਵਾਰ ਫਿਰ ਭੜਕ ਉੱਠੇ ਤੇ ਐੱਸ. ਐੱਮ. ਓ. ਨੂੰ ਨਿਰਦੇਸ਼ ਦਿੱਤੇ ਕਿ ਦੋ ਦਿਨ ਦੇ ਅੰਦਰ-ਅੰਦਰ ਹਸਪਤਾਲ ਵਿਚ ਪਸ਼ੂਆਂ ਦੀ ਆਮਦ ਨੂੰ ਰੋਕਿਆ ਜਾਵੇ ਤੇ ਸਾਫ-ਸਫਾਈ ਦੇ ਪੁਖ਼ਤਾ ਪ੍ਰਬੰਧਾਂ ਨੂੰ ਮੁਕੰਮਲ ਕੀਤਾ ਜਾਵੇ। ਇਸ ਸਮੇਂ ਉਨ੍ਹਾਂ ਦੇ ਨਾਲ ਜ਼ਿਲਾ ਸਿਹਤ ਅਫਸਰ ਡਾ. ਸੇਵਾ ਸਿੰਘ, ਡੀ. ਐੱਮ. ਸੀ. ਡਾ. ਸਤਪਾਲ ਗੋਜਰਾ, ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਡਾ. ਅਵਨੀਸ਼ ਸੂਦ ਅਤੇ ਡਾ. ਓ. ਪੀ. ਗੋਜਰਾ ਤੇ ਹੋਰ ਪੈਰਾਮੈਡੀਕਲ ਸਟਾਫ ਮੌਜੂਦ ਸਨ।


Related News