ਖੁਦ ਦੀ ਕੀਤੀ ਕਿਰਤ ਦਾ ਮਿਹਨਤਾਨਾ ਲੈਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹੈ ਸਿਵਲ ਹਸਪਤਾਲ ਦਾ ਸੀਵਰਮੈਨ

07/17/2017 7:00:55 PM

ਹੁਸ਼ਿਆਰਪੁਰ(ਘੁੰਮਣ)— ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਲਗਾਤਾਰ 3 ਮਹੀਨੇ ਤੱਕ ਅਸਥਾਈ ਤੌਰ 'ਤੇ ਕੰਟਰੈਕਟ ਬੇਸ 'ਤੇ ਸੀਵਰਮੈਨ ਦੀ ਡਿਊਟੀ ਕਰਨ ਵਾਲਾ ਅਸ਼ਵਨੀ ਕੁਮਾਰ ਪੁੱਤਰ ਰਾਮ ਪਿਆਰਾ ਵਾਸੀ ਸ਼ੰਕਰ ਨਗਰ ਹੁਸ਼ਿਆਰਪੁਰ ਆਪਣਾ ਮਿਹਨਤਾਨਾ ਲੈਣ ਲਈ ਪਿਛਲੇ 2 ਮਹੀਨਿਆਂ ਤੋਂ ਦਰ-ਦਰ ਦੀਆਂ ਠੋਕਰਾਂ ਖਾ  ਰਿਹਾ ਹੈ। 
ਐਤਵਾਰ ਨੂੰ ਉੱਪ ਦਫਤਰ ਹੁਸ਼ਿਆਰਪੁਰ ਵਿਖੇ ਪੀੜਤ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਮਾਰਚ 2017 'ਚ ਸਿਵਲ ਹਸਪਤਾਲ ਦੇ ਉਸ ਸਮੇਂ ਦੇ ਇੰਚਾਰਜ ਐੱਸ. ਐੱਮ. ਓ. ਡਾ. ਅਵਨੀਸ਼ ਸੂਦ ਨੇ ਮੈਨੂੰ ਅਸਥਾਈ ਤੌਰ 'ਤੇ ਰੱਖਿਆ ਸੀ। ਕਿਉਂਕਿ ਉਨ੍ਹਾਂ ਦਿਨਾਂ 'ਚ ਹਸਪਤਾਲ ਦਾ ਜ਼ਿਆਦਾਤਰ ਸੀਵਰੇਜ ਸਿਸਟਮ ਬੰਦ ਪਿਆ ਸੀ। ਮੈਂ ਦਿਨ-ਰਾਤ ਇਕ ਕਰਕੇ ਸਾਰੀ ਵਿਵਸਥਾ ਠੀਕ ਕੀਤੀ। ਅਸ਼ਵਨੀ ਅਨੁਸਾਰ ਇਸ ਦੌਰਾਨ ਹਸਪਤਾਲ ਦਾ ਪੁਰਾਣਾ ਮੁਲਾਜ਼ਮ ਵਾਪਸ ਆ ਜਾਣ 'ਤੇ ਮੈਨੂੰ ਸੇਵਾ ਤੋਂ ਹਟਾ ਦਿੱਤਾ ਗਿਆ ਪਰ ਮੇਰੇ 3 ਮਹੀਨੇ ਦੇ ਸੇਵਾਕਾਲ ਦੀ 3500 ਰੁਪਏ ਪ੍ਰਤੀ ਮਹੀਨਾ ਅਦਾਇਗੀ ਨਹੀਂ ਕੀਤੀ ਗਈ। ਉਸ ਨੇ ਸ਼ੱਕ ਪ੍ਰਗਟ ਕਰਦਿਆਂ ਕਿਹਾ ਕਿ ਕਿਉਂਕਿ ਮੈਨੂੰ ਡਾ. ਅਵਿਨੀਸ਼ ਸੂਦ ਨੇ ਰੱਖਿਆ ਸੀ, ਸ਼ਾਇਦ ਇਸੇ ਲਈ ਮੇਰਾ ਬਣਦਾ ਮਿਹਨਤਾਨਾ ਮੈਨੂੰ ਨਹੀਂ ਦਿੱਤਾ ਜਾ ਰਿਹਾ। ਅਸ਼ਵਨੀ ਕੁਮਾਰ ਨੇ ਸਿਵਲ ਸਰਜਨ ਕੋਲੋਂ ਮੰਗ ਕੀਤੀ ਕਿ ਮੇਰਾ ਬਣਦਾ ਮਿਹਨਤਾਨਾ ਜਲਦ ਦਿਵਾਇਆ ਜਾਵੇ। 
ਕੀ ਕਹਿਣਾ ਹੈ ਮੌਜੂਦਾ ਐੱਸ. ਐੱਮ. ਓ. ਦਾ:
ਇਸ ਸਬੰਧ 'ਚ ਸਿਵਲ ਹਸਪਤਾਲ ਦੇ ਮੌਜੂਦਾ ਇੰਚਾਰਜ ਐੱਸ. ਐੱਮ. ਓ. ਡਾ. ਰਣਜੀਤ ਸਿੰਘ ਘੋਤੜਾ ਨੇ ਕਿਹਾ ਕਿ ਮੈਂ 21 ਮਈ 2017 ਨੂੰ ਬਤੌਰ ਇੰਚਾਰਜ ਐੱਸ. ਐੱਮ. ਓ. ਕਾਰਜਭਾਰ ਸੰਭਾਲਿਆ ਸੀ। ਇਸ ਤੋਂ ਪਹਿਲਾਂ ਅਸ਼ਵਨੀ ਕੁਮਾਰ ਨੂੰ ਕਿਸ ਤਰ੍ਹਾਂ ਸੇਵਾ 'ਚ ਰੱਖਿਆ ਗਿਆ ਸੀ, ਇਸ ਦਾ ਹਸਪਤਾਲ 'ਚ ਕੋਈ ਰਿਕਾਰਡ ਨਹੀਂ ਹੈ। ਇਸ ਲਈ ਅਸੀਂ ਉਸ ਨੂੰ ਅਦਾਇਗੀ ਕਰਨ ਤੋਂ ਅਸਮਰੱਥ ਹਾਂ।


Related News