ਸੀਟੂ ਯੂਨੀਅਨ ਮੰਗਾਂ ਲਈ ਕਰੇਗੀ 29 ਨੂੰ ਚੱਕਾ ਜਾਮ

06/26/2017 7:40:32 AM

ਤਰਨਤਾਰਨ,   (ਆਹਲੂਵਾਲੀਆ)-  ਲਾਲ ਝੰਡਾ ਨਿਰਮਾਣ ਮਜ਼ਦੂਰ ਯੂਨੀਅਨ ਸੀਟੂ ਪੰਜਾਬ ਦੀ ਬ੍ਰਾਂਚ ਰਟੌਲ ਦੇ ਵਰਕਰਾਂ ਦਾ ਇਕੱਠ ਆਪਣੀਆਂ ਮੰਗਾਂ ਨੂੰ ਲੈ ਕੇ ਕਾਮਰੇਡ ਅੰਗਰੇਜ ਸਿੰਘ ਤੇ ਦਿਲਬਾਗ ਸਿੰਘ ਅਗਵਾਈ ਹੇਠ ਹੋਇਆ। ਇਸ ਮੌਕੇ ਇਕੱਠ ਨੂੰ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਆਗੂ ਗੁਰਨਾਮ ਸਿੰਘ, ਮੰਗਲ ਸਿੰਘ ਤੇ ਸੁਖਦੇਵ ਸਹੋਤਾ ਆਦਿ ਨੇ ਸੰਬੋਧਨ ਕਰਦਿਆਂ ਆਖਿਆ ਕਿ ਪੰਜਾਬ ਸੀਟੂ ਦੇ ਸੱਦੇ 'ਤੇ ਕਿਰਤੀਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ 29 ਜੂਨ ਨੂੰ ਤਰਨਤਾਰਨ ਵਿਖੇ ਰੋਸ ਪ੍ਰਦਰਸ਼ਨ ਕਰ ਕੇ ਚੱਕਾ ਜਾਮ ਕੀਤਾ ਜਾਵੇਗਾ। 
ਆਗੂਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਜਿਹੜੇ ਵਰਕਰ ਲੇਬਰ ਦਫਤਰ ਵਿਚ ਰਜਿਸਟਰਡ ਹੋਏ ਹਨ, ਉਨ੍ਹਾਂ ਨੂੰ ਜੋ ਲਾਭ ਮਿਲਦੇ ਹਨ ਯਕੀਨੀ ਬਣਾਏ ਜਾਣ, ਕਿਰਤੀਆਂ ਦੇ ਬੱਚਿਆਂ ਨੂੰ ਪਹਿਲੀ ਕਲਾਸ ਤੋਂ 5000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਵਜ਼ੀਫਾ ਦਿੱਤਾ ਜਾਵੇ, ਲੜਕੀ ਦੇ ਵਿਆਹ 'ਤੇ 61 ਹਜ਼ਾਰ ਰੁਪਏ ਸ਼ਗਨ ਸਕੀਮ ਦਿੱਤੀ ਜਾਵੇ, ਇਲਾਜ ਲਈ 1 ਲੱਖ ਰੁਪਏ ਦਾ ਸਮਾਰਟ ਕਾਰਡ ਦਿੱਤਾ ਜਾਵੇ, ਮੌਤ ਹੋਣ 'ਤੇ 6 ਲੱਖ ਰੁਪਏ ਕਿਰਤੀ ਦੇ ਪਰਿਵਾਰਾਂ ਨੂੰ ਦਿੱਤੇ ਜਾਣ ਤੇ ਬੇਘਰੇ ਲੋਕਾਂ ਨੂੰ ਪਲਾਂਟ ਦਿੱਤੇ ਜਾਣ। 


Related News