ਮਸੀਹ ਭਾਈਚਾਰੇ ਨੇ 2 ਘੰਟੇ ਲਾਇਆ ਜਾਮ

06/26/2017 8:09:03 AM

ਜਲੰਧਰ, (ਮਹੇਸ਼)- ਸ਼ਰਾਰਤੀ ਅਨਸਰਾਂ ਦੁਆਰਾ ਪ੍ਰਭੂ ਯਿਸੂ ਮਸੀਹ ਅਤੇ ਮਾਂ ਮਰੀਅਮ  ਪ੍ਰਤੀ ਘਟੀਆ ਸ਼ਬਦਾਵਲੀ ਵਰਤੋਂ ਕਰਨ ਵਾਲੇ ਸ਼ਰਾਰਤੀ ਅਨਸਰਾਂ 'ਤੇ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਮਸੀਹ ਭਾਈਚਾਰੇ ਨੇ ਰਾਮਾ ਮੰਡੀ ਚੌਕ ਤੋਂ ਪੀ. ਏ. ਪੀ. ਚੌਕ ਵਿਚਕਾਰ ਜਾਮ ਲਾਇਆ, ਜੋ ਕਿ ਕਰੀਬ 2 ਘੰਟੇ ਲੱਗਾ ਰਿਹਾ। ਇਸ ਮੌਕੇ  ਮਸੀਹ ਭਾਈਚਾਰੇ ਦੇ ਮੁੱਖ ਨੇਤਾ ਲਾਰੈਂਸ ਚੌਧਰੀ ਪਹੁੰਚੇ ਅਤੇ ਕਿਹਾ ਕਿ ਮਸੀਹ ਭਾਈਚਾਰੇ ਖਿਲਾਫ ਇਹ ਪਹਿਲੀ ਘਟਨਾ ਨਹੀਂ ਹੈ, ਜਿਸ ਨਾਲ ਮਸੀਹ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਇਸ ਤੋਂ ਪਹਿਲਾਂ ਵੀ ਭਾਈਚਾਰੇ ਨਾਲ ਕਦੇ ਪ੍ਰਚਾਰ ਅਤੇ ਕਦੇ ਧਰਮ ਪਰਿਵਰਤਨ ਦੇ ਨਾਂ 'ਤੇ ਹਮਲੇ ਹੁੰਦੇ ਰਹੇ ਹਨ।
ਲਾਰੈਂਸ ਚੌਧਰੀ, ਤਰਸੇਮ ਮਸੀਹ ਕਾਹਨੂਵਾਲ, ਅਲਬਰਟ ਮਸੀਹ ਲੁਧਿਆਣਾ, ਡੈਨੀਅਲ ਮਸੀਹ ਅੰਮ੍ਰਿਤਸਰ, ਵਿਕਟਰ ਮਸੀਹ, ਲੋਕੇਸ਼ ਅੰਮ੍ਰਿਤਸਰ, ਸੁਭਾਸ਼ ਥੋਬਾ, ਐਰਿਫ ਮਸੀਹ ਆਦਿ ਨੇ ਕਿਹਾ ਕਿ ਜ਼ਿਲਾ ਤਰਨਤਾਰਨ 'ਚ ਪਿੰਡ ਸੰਘਾ ਨਿਵਾਸੀ ਸ਼ਰਾਰਤੀ ਅਨਸਰਾਂ ਦੁਆਰਾ ਕੀਤੀ ਗਈ ਇਸ ਘਟਨਾ ਦੀ ਮਸੀਹ ਭਾਈਚਾਰਾ ਸਖਤ ਨਿੰਦਾ ਕਰਦਾ ਹੈ। 
ਲਾਰੈਂਸ ਚੌਧਰੀ ਨੇ ਕਿਹਾ ਕਿ ਮਸੀਹ ਭਾਈਚਾਰਾ ਦੇਸ਼ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਅਤੇ ਏਕਤਾ ਵਿਚ ਪੂਰਨ ਵਿਸ਼ਵਾਸ ਰੱਖਦਾ ਹੈ ਅਤੇ ਸਰਕਾਰ ਤੋਂ ਮੰਗ ਕਰਦਾ ਹੈ ਕਿ ਪਰਮਜੀਤ ਸਿੰਘ ਅਕਾਲੀ ਤੇ ਉਸਦੇ ਸਾਥੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਮਸੀਹ ਭਾਈਚਾਰੇ ਦੇ ਨੇਤਾਵਾਂ ਨੇ ਕਿਹਾ ਕਿ ਜੇਕਰ ਅਗਲੇ 48 ਘੰਟਿਆਂ ਵਿਚ ਦੋਸ਼ੀ ਗ੍ਰਿਫਤਾਰ ਨਾ ਕੀਤੇ ਗਏ ਤਾਂ ਪੂਰੇ ਪੰਜਾਬ ਵਿਚ ਅੰਦੋਲਨ ਕੀਤਾ ਜਾਵੇਗਾ ਜਿਸਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਲਾਰੈਂਸ ਚੌਧਰੀ ਨੇ ਕਿਹਾ ਕਿ ਮਸੀਹ ਭਾਈਚਾਰੇ ਨੂੰ ਵੀ ਅਪੀਲ ਹੈ ਕਿ ਉਹ ਆਪਣੇ ਰੋਸ ਨੂੰ ਸ਼ਾਂਤੀ ਪੂਰਵਕ ਢੰਗ ਨਾਲ ਸਰਕਾਰ ਅਤੇ ਪ੍ਰਸ਼ਾਸਨ ਤੱਕ ਪਹੁੰਚਾਉਣ। ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਕੋਈ ਨਿੱਜੀ ਨੁਕਸਾਨ ਨਾ ਪਹੁੰਚਾਇਆ ਜਾਵੇ। ਉਨ੍ਹਾਂ ਨੇ ਨਕੋਦਰ ਰੋਡ 'ਤੇ ਬੱਸ ਸਾੜੇ ਜਾਣ ਦੀ ਘਟਨਾ ਦੀ ਵੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮਸੀਹ ਨੇਤਾਵਾਂ ਨੂੰ ਚਾਹੀਦਾ ਹੈ ਕਿ ਉਹ ਸਮਾਜ ਦੇ ਲੋਕਾਂ ਨੂੰ ਅਜਿਹਾ ਕਰਨ ਤੋਂ ਰੋਕਣ। ਇਹ ਉਨ੍ਹਾਂ ਦੀ ਜ਼ਿੰਮੇਦਾਰੀ ਬਣਦੀ ਹੈ। 


Related News