ਟੋਲ ਪਲਾਜ਼ਾ ''ਤੇ ਭੀੜ ਘਟਾਉਣ ਲਈ ਪੰਜਾਬ ''ਚ ਲਾਗੂ ਹੋਵੇਗਾ ''ਚਿੱਪ'' ਸਿਸਟਮ

12/13/2017 1:14:44 AM

ਚੰਡੀਗੜ੍ਹ (ਭੁੱਲਰ)— ਪੰਜਾਬ ਵਿਚ ਟੋਲ ਪਲਾਜ਼ਿਆਂ 'ਤੇ ਲੱਗਣ ਵਾਲੀ ਭੀੜ ਘਟਾਉਣ ਲਈ ਕੈਪਟਨ ਸਰਕਾਰ ਅਹਿਮ ਕਦਮ ਚੁੱਕਣ ਜਾ ਰਹੀ ਹੈ ਅਤੇ ਛੇਤੀ ਹੀ ਰਾਜ ਵਿਚ ਨਵਾਂ ਸਿਸਟਮ ਲਾਗੂ ਹੋਵੇਗਾ। ਇਸ ਸਿਸਟਮ 'ਤੇ ਵਿਚਾਰ ਵਟਾਂਦਰਾ ਕਰਨ ਲਈ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 13 ਦਸੰਬਰ ਨੂੰ ਨੈਸ਼ਨਲ ਹਾਈਵੇ ਅਥਾਰਿਟੀ ਨਾਲ ਮੀਟਿੰਗ ਰੱਖੀ ਹੈ। ਇਸ ਮੀਟਿੰਗ ਦੀ ਤਿਆਰੀ ਲਈ ਪੀ.ਡਬਲਯੂ. ਡੀ. ਵਿਭਾਗ ਵੱਲੋਂ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਕਿਉਂਕਿ ਟੋਲ ਪਲਾਜ਼ਿਆਂ ਦਾ ਕੰਮ ਸੜਕ ਨਿਰਮਾਣ ਨਾਲ ਸੰਬੰਧਿਤ ਹੋਣ ਕਾਰਨ ਇਸੇ ਵਿਭਾਗ ਦੇ ਅਧੀਨ ਆਉਂਦਾ ਹੈ।
ਵਿਭਾਗ ਦੀ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਵੀ ਅੱਜ 13 ਦਸੰਬਰ ਨੂੰ ਹੋਣ ਵਾਲੀ ਮੀਟਿੰਗ ਨੂੰ ਲੈਕੇ ਉੱਚ ਅਧਿਕਾਰੀਆਂ ਨਾਲ ਬੈਠਕ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਸਿਸਟਮ ਇਲੈਕਟ੍ਰੋਨਿਕ ਹੋਵੇਗਾ ਤੇ ਰਾਜ ਸਰਕਾਰ ਇਕ ਅਜਿਹੀ ਚਿੱਪ ਤਿਆਰ ਕਰਵਾ ਰਹੀ ਹੈ ਕਿ ਜਿਸ ਨਾਲ ਟੋਲ ਤੋਂ ਲੰਘਣ ਵਾਲੇ ਵਾਹਨਾਂ ਦੀ ਅਦਾਇਗੀ ਸੰਬੰਧਿਤ ਵਿਅਕਤੀ ਦੇ ਖਾਤੇ 'ਚੋਂ ਹੋ ਜਾਵੇਗੀ। ਦੱਸਿਆ ਜਾਂਦਾ ਹੈ ਕਿ ਇਸ ਨਾਲ ਟੋਲ 'ਤੇ ਵਾਹਨਾਂ ਦੀਆਂ ਕਤਾਰਾਂ ਦੀ ਸਮੱਸਿਆ ਖਤਮ ਹੋ ਜਾਵੇਗੀ। ਇਸ ਸਿਸਟਮ ਬਾਰੇ ਮੁੱਖਮੰਤਰੀ ਵੱਲੋਂ ਨੈਸ਼ਨਲ ਹਾਈਵੇ ਅਥਾਰਿਟੀ ਦੇ ਉੱਚ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਫੈਸਲਾ ਲਿਆ ਜਾਵੇਗਾ, ਕਿਉਂਕਿ ਰਾਜ ਵਿਚ ਟੋਲ ਪਲਾਜ਼ਿਆਂ ਵਾਲੀਆਂ ਸੜਕਾਂ ਨੈਸ਼ਨਲ ਹਾਈਵੇ ਹੋਣ ਕਾਰਨ ਅਥਾਰਿਟੀ ਦੇ ਅਧੀਨ ਆਉਂਦੀਆਂ ਹਨ।


Related News