ਲੜੀਆਂ ਦੇ ਕਾਰੋਬਾਰ ''ਤੇ ਚੀਨ ਦਾ ਕਬਜ਼ਾ ਬਰਕਰਾਰ

Friday, October 13, 2017 4:55 AM
ਲੜੀਆਂ ਦੇ ਕਾਰੋਬਾਰ ''ਤੇ ਚੀਨ ਦਾ ਕਬਜ਼ਾ ਬਰਕਰਾਰ

ਜਲੰਧਰ, (ਖੁਰਾਣਾ)- ਪਿਛਲੇ ਕੁੱਝ ਮਹੀਨਿਆਂ ਤੋਂ ਦੇਸ਼ ਵਿਚ ਚੀਨੀ ਵਸਤਾਂ ਦੇ ਬਾਈਕਾਟ ਨੂੰ ਲੈ ਕੇ ਮਾਹੌਲ ਜਿਹਾ ਬਣਿਆ ਹੋਇਆ ਹੈ ਪਰ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਇਨ੍ਹੀਂ ਦਿਨੀਂ ਜੋਬਨ 'ਤੇ ਚਲ ਰਹੇ ਲੜੀਆਂ ਦੇ ਕਾਰੋਬਾਰ ਵਿਚ ਚੀਨ ਦਾ ਕਬਜ਼ਾ ਅਜੇ ਵੀ ਬਰਕਰਾਰ ਹੈ। ਹਾਲਾਤ ਇਹ ਹਨ ਕਿ ਚੀਨੀ ਲੜੀਆਂ ਪਿਛਲੇ ਸਾਲਾਂ ਦੇ ਮੁਕਾਬਲੇ ਹੋਰ ਵੀ ਸਸਤੀਆਂ ਵਿਕ ਰਹੀਆਂ ਹਨ ਤੇ ਇਸ ਵਾਰ ਚੀਨ ਨੇ ਰੌਸ਼ਨੀ ਦੇ ਇਸ ਭਾਰਤੀ ਤਿਉਹਾਰ ਲਈ ਕਈ ਨਵੀਆਂ ਆਈਟਮਾਂ ਭਾਰਤੀ ਬਾਜ਼ਾਰ ਵਿਚ ਧੱਕੀਆਂ ਹਨ। 
ਜਗ ਬਾਣੀ ਦੀ ਟੀਮ ਨੇ ਫਗਵਾੜਾ ਗੇਟ ਮਾਰਕੀਟ ਦਾ ਦੌਰਾ ਕਰ ਕੇ ਦੇਖਿਆ ਕਿ ਕਰੀਬ ਹਰ ਦੁਕਾਨ 'ਤੇ ਚੀਨੀ ਲੜੀਆਂ ਵਿਕ ਰਹੀਆਂ ਸਨ ਤੇ ਲੋਕ ਵੀ ਇਨ੍ਹਾਂ ਨੂੰ ਖਰੀਦਣ ਵਿਚ ਉਤਸੁਕਤਾ ਦਿਖਾ ਰਹੇ ਹਨ। ਇੰਨਾ ਅਸਰ ਜ਼ਰੂਰ ਪਿਆ ਹੈ ਕਿ ਲੜੀਆਂ ਦੀ ਪੈਕਿੰਗ ਆਦਿ ਦੇ ਜ਼ਿਆਦਾਤਰ ਡੱਬਿਆਂ 'ਤੇ 'ਮੇਡ ਇਨ ਚਾਈਨਾ' ਸ਼ਬਦ ਗਾਇਬ ਹੈ। ਕਈ ਦੁਕਾਨਦਾਰਾਂ ਨਾਲ ਗੱਲਬਾਤ ਕਰਨ 'ਤੇ ਪਤਾ ਲੱਗਾ ਕਿ ਭਾਰਤ ਅਜੇ ਤਕ ਚੀਨੀ ਲੜੀਆਂ ਦਾ ਮੁਕਾਬਲਾ ਨਹੀਂ ਕਰ ਸਕਿਆ ਤੇ ਨਾ ਹੀ ਕਿਸੇ ਕੰਪਨੀ ਨੇ ਇਸ ਰੇਂਜ ਦੀ ਕੋਈ ਆਈਟਮ ਹੀ ਤਿਆਰ ਕੀਤੀ ਹੈ ਇਸ ਲਈ ਨਾ ਚਾਹੁੰਦਿਆਂ ਹੋਇਆਂ ਵੀ ਕਈ ਕੱਟੜ ਦੁਕਾਨਦਾਰਾਂ ਨੂੰ ਚੀਨੀ ਸਾਮਾਨ ਵੇਚਣਾ ਪੈ ਰਿਹਾ ਹੈ। ਅਜਿਹੇ ਦੁਕਾਨਦਾਰਾਂ ਦਾ ਮੰਨਣਾ ਹੈ ਕਿ ਜੇਕਰ ਭਾਰਤ ਸਰਕਾਰ ਹੀ ਵੱਡੇ-ਵੱਡੇ ਕੰਟਰੈਕਟ ਚੀਨੀ ਕੰਪਨੀਆਂ ਨੂੰ ਦੇਈ ਜਾ ਰਹੀ ਹੈ ਤਾਂ ਫਿਰ ਛੋਟੇ ਕਾਰੋਬਾਰੀਆਂ ਨੂੰ ਚੀਨੀ ਵਸਤਾਂ ਦੇ ਬਾਈਕਾਟ ਲਈ ਕਿਉਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। 
ਚੀਨ ਨੇ ਭੇਜੀ ਨਵੀਂ ਰੇਂਜ
ਦੀਵਾਲੀ ਮੌਕੇ ਭਾਰਤੀ ਗਾਹਕਾਂ ਨੂੰ ਆਕਰਸ਼ਤ ਕਰਨ ਲਈ ਚੀਨ ਨੇ ਇਸ ਵਾਰ ਲੜੀਆਂ ਤੇ ਹੋਰ ਉਤਪਾਦਾਂ ਦੀ ਨਵੀਂ ਰੇਂਜ ਬਾਜ਼ਾਰ ਵਿਚ ਭੇਜੀ ਹੈ। ਇਸ ਵਾਰ ਚੀਨੀ ਦੀਵੇ ਕਾਫੀ ਪਸੰਦ ਕੀਤੇ ਜਾ ਰਹੇ ਹਨ। ਜਿਨ੍ਹਾਂ ਨੂੰ ਜਗਾਉਣ ਲਈ ਬਿਜਲੀ ਜਾਂ ਤਾਰ ਦੀ ਲੋੜ ਨਹੀਂ ਤੇ ਉਨ੍ਹਾਂ ਵਿਚ ਸਿਰਫ ਇਕ ਬਟਨ ਲੱਗਾ ਹੈ। ਇਸ ਤੋਂ ਇਲਾਵਾ ਵਾਟਰ ਫਾਲ ਜਾਲ ਤੇ ਹੋਰ ਜ਼ਿਆਦਾ ਲੰਬਾਈ ਵਾਲੀਆਂ ਲੜੀਆਂ ਤੇ ਲੇਜ਼ਰ ਸ਼ੋਅ ਵਾਲੇ ਉਤਪਾਦ ਕਾਫੀ ਪਸੰਦ ਕੀਤੇ ਜਾ ਰਹੇ ਹਨ। 
25 ਰੁਪਏ ਵਿਚ ਕਿਹੜੀ ਭਾਰਤੀ ਕੰਪਨੀ ਦੇ ਸਕੇਗੀ ਵਧੀਆ ਲੜੀ : ਅਮਿਤ
ਫਗਵਾੜਾ ਗੇਟ ਦੀ ਇਲੈਕਟ੍ਰੀਕਲ ਟ੍ਰੇਡਰਸ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਸਹਿਗਲ ਨੇ ਦੱਸਿਆ ਕਿ ਚੀਨੀ ਲੜੀਆਂ ਸਿਰਫ 25 ਰੁਪਏ ਤੋਂ ਸ਼ੁਰੂ ਹੋ ਕੇ 100 ਰੁਪਏ ਤਕ ਹਨ। ਅਜਿਹੇ ਵਿਚ ਇਕ ਆਮ ਵਿਅਕਤੀ ਵੀ 100 ਰੁਪਏ ਵਿਚ ਆਪਣੇ ਘਰ ਨੂੰ ਰੁਸ਼ਨਾ ਸਕਦਾ ਹੈ। ਜਦੋਂ ਕਿ ਸ਼ਾਇਦ ਕੋਈ ਵੀ ਭਾਰਤੀ ਕੰਪਨੀ 25 ਰੁਪਏ ਵਿਚ ਵਧੀਆ ਲੜੀ ਨਾ ਦੇ ਸਕੇ। ਇੰਨਾ ਸਭ ਚੀਨ ਤੋਂ ਜਲੰਧਰ ਤਕ ਸਾਮਾਨ ਆਉਣ ਦੇ ਬਾਵਜੂਦ ਹੈ ਜਿਸ ਵਿਚ ਕਿਰਾਇਆ- ਭਾੜਾ, ਕਈ ਪ੍ਰਾਫਿਟ ਤੇ ਸਾਰੇ ਟੈਕਸ ਸ਼ਾਮਲ ਹਨ ਤੇ ਉਤਪਾਦ ਵੀ ਐੱਲ. ਈ. ਡੀ. ਤੇ ਕਾਪਰ ਲੱਗੇ ਹਨ।