ਗੱਟਾ ਬਾਦਸ਼ਾਹ ''ਚ ਰੁਕਵਾਇਆ ਬਾਲ-ਵਿਆਹ

12/12/2017 12:05:20 AM

ਫ਼ਿਰੋਜ਼ਪੁਰ(ਮਲਹੋਤਰਾ, ਪਰਮਜੀਤ, ਸ਼ੈਰੀ)—ਜ਼ਿਲਾ ਬਾਲ ਸੁਰੱਖਿਆ ਦਫਤਰ ਦੀ ਟੀਮ ਨੇ ਬਲਾਕ ਮੱਖੂ ਦੇ ਪਿੰਡ ਗੱਟਾ ਬਾਦਸ਼ਾਹ ਵਿਚ ਹੋਣ ਜਾ ਰਿਹਾ ਬਾਲ ਵਿਆਹ ਰੁਕਵਾਇਆ। ਇਹ ਕਾਰਵਾਈ ਚਾਈਲਡ ਹੈਲਪਲਾਈਨ ਸੰਸਥਾ ਵੱਲੋਂ ਜਾਰੀ ਪੱਤਰ 'ਤੇ ਕੀਤੀ ਗਈ। ਜ਼ਿਲਾ ਬਾਲ ਸੁਰੱਖਿਆ ਅਫਸਰ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਮਿਲੀ ਕਿ ਪਿੰਡ ਗੱਟਾ ਬਾਦਸ਼ਾਹ ਵਿਚ ਇਕ ਪਰਿਵਾਰ ਵੱਲੋਂ ਨਾਬਾਲਗ ਲੜਕੀ ਦਾ ਵਿਆਹ ਕਰਵਾਇਆ ਜਾ ਰਿਹਾ ਹੈ। ਸੂਚਨਾ ਮਿਲਦਿਆਂ ਹੀ ਜ਼ਿਲਾ ਬਾਲ ਸੁਰੱਖਿਆ ਯੂਨਿਟ ਦੇ ਸਤਨਾਮ ਸਿੰਘ, ਅਮਨਦੀਪ ਸਿੰਘ ਅਤੇ ਥਾਣਾ ਮੱਖੂ ਦੀ ਟੀਮ ਨੇ ਵਿਆਹ 10 ਦਸੰਬਰ 2017 ਨੂੰ ਪਹੁੰਚ ਕੇ ਰੋਕ ਦਿੱਤਾ। ਉਨ੍ਹਾਂ ਦੱਸਿਆ ਕਿ ਲੜਕੀ ਦੀ ਉਮਰ ਸਕੂਲ ਦੇ ਰਿਕਾਰਡ ਮੁਤਾਬਕ 13 ਸਾਲ ਬਣਦੀ ਹੈ, ਜੋ ਕਿ ਨਾਬਾਲਗ ਹੈ। ਲੜਕੀ ਦੇ ਮਾਤਾ-ਪਿਤਾ ਨੂੰ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਆਹ ਲਈ ਲੜਕੇ ਦੀ ਉਮਰ 21 ਸਾਲ ਅਤੇ ਲੜਕੀ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ। ਇਸ ਮੌਕੇ ਰਾਜਿੰਦਰ ਸਿੰਘ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਟਹਿਲ ਸਿੰਘ ਸਰਪੰਚ ਆਦਿ ਮੌਜੂਦ ਸਨ।


Related News