ਬਜ਼ੁਰਗ ਸੱਸ, ਸਹੁਰੇ ''ਤੇ ਹਮਲਾ ਕਰਕੇ ਗੰਭੀਰ ਰੂਪ ਨਾਲ ਜ਼ਖਮੀ ਕਰਨ ਵਾਲੀ ਨੂੰਹ ''ਤੇ ਮਾਮਲਾ ਦਰਜ

12/12/2017 6:00:35 PM

ਗੁਰਦਾਸਪੁਰ (ਵਿਨੋਦ) - ਇਕ ਔਰਤ ਵਲੋਂ ਆਪਣੇ ਬਜ਼ੁਰਗ ਸੱਸ ਸਹੁਰੇ 'ਤੇ ਹਮਲਾ ਕਰਨ ਸਮੇਤ ਆਪਣੀ ਬੱਚੀ ਨੂੰ ਜ਼ਬਰਦਸਤੀ ਅਗਵਾ ਕਰਨ ਦੇ ਮਾਮਲੇ 'ਚ ਪੁਲਸ ਸਟੇਸ਼ਨ ਪੁਰਾਣਾ ਸ਼ਾਲਾ ਦੀ ਪੁਲਸ ਨੇ ਔਰਤ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਸਟੇਸ਼ਨ ਪੁਰਾਣਾ ਸ਼ਾਲਾ 'ਚ ਪੀੜਿਤ ਬਜ਼ੁਰਗ ਨਰਿੰਦਰ ਸਿੰਘ ਪੁੱਤਰ ਅਜੀਤ ਸਿੰਘ ਨਿਵਾਸੀ ਨਵਾਂਸ਼ਾਲਾ ਦੇ ਬਿਆਨ ਦਰਜ ਕਰਨ ਉਪਰੰਤ ਪੁਲਸ ਸਟੇਸ਼ਨ ਮੁਖੀ ਇੰਸਪੈਕਟਰ ਵਿਸ਼ਵਾਨਾਥ ਨੇ ਦੱਸਿਆ ਕਿ 17 ਨਵੰਬਰ ਨੂੰ ਮਨਦੀਪ ਕੌਰ ਪਤਨੀ ਸਵਰਗੀ ਸਤਿੰਦਰ ਸਿੰਘ ਨਿਵਾਸੀ ਨਵਾਂ ਪਿੰਡ ਬਹਾਦੁਰ ਨੇ ਆਪਣੇ ਕੁਝ ਰਿਸ਼ਤੇਦਾਰਾਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ 7-8 ਅਣਪਛਾਤੇ ਵਿਅਕਤੀਆਂ ਦੇ ਨਾਲ ਪਿੰਡ ਨਵਾਂ ਸ਼ਾਲਾ 'ਚ ਰਹਿੰਦੇ ਆਪਣੇ ਬਜ਼ੁਰਗ ਸੱਸ, ਸਹੁਰੇ ਦੇ ਘਰ ਦਾਖ਼ਲ ਹੋ ਕੇ ਹਮਲਾ ਕਰਕੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਤੇ ਘਰ 'ਚ ਰੱਖੇ ਕੀਮਤੀ ਸਾਮਾਨ ਨੂੰ ਤੋੜ ਦਿੱਤਾ। ਇਸ ਦੇ ਨਾਲ ਹੀ ਉਸ ਨੇ ਦਾਦਾ ਦਾਦੀ ਦੇ ਕੋਲ ਕਈ ਸਾਲਾਂ ਤੋਂ ਰਹਿੰਦੀ ਆਪਣੀ ਲੜਕੀ ਨੂੰ ਅਗਵਾ ਕਰਕੇ ਲੈ ਲਈ। ਪੀੜਤਾਂ ਅਨੁਸਾਰ ਉਨ੍ਹਾਂ ਦੇ ਪੁੱਤਰ ਦੀ 2008 'ਚ ਮੌਤ ਹੋ ਗਈ, ਜਿਸ ਦੇ ਉਪਰੰਤ ਉਨ੍ਹਾਂ ਦੀ ਨੂੰਹ ਉਨ੍ਹਾਂ ਨਾਲ ਸੰਬੰਧ ਤੋੜ ਕੇ ਪੇਕੇ ਘਰ ਚਲੀ ਗਈ ਅਤੇ ਮ੍ਰਿਤਕ ਲੜਕੇ ਦੀ ਲੜਕੀ ਦਾ ਪਾਲਣ ਪੋਸ਼ਣ ਉਹ ਕਰ ਰਹੇ ਸਨ ਅਤੇ ਹੁਣ ਉਨ੍ਹਾਂ ਦੀ ਨੂੰਹ ਨੇ ਉਨ੍ਹਾਂ ਦੀ ਪੋਤਰੀ (9) ਨੂੰ ਅਗਵਾ ਕਰਨ ਦੇ ਇਰਾਦੇ ਨਾਲ ਸਾਡੇ 'ਤੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਪੁਲਸ ਸਟੇਸ਼ਨ ਮੁਖੀ ਨੇ ਦੱਸਿਆ ਕਿ ਹਮਲੇ ਉਪਰੰਤ ਹਮਲਾਵਰ ਔਰਤ ਆਪਣੇ ਨਕਲੀ ਸੱਟਾਂ ਲਗਾ ਕੇ ਦੇਰ ਰਾਤ 9 ਵਜੇ ਦੇ ਕਰੀਬ ਹਸਪਤਾਲ 'ਚ ਦਾਖ਼ਲ ਹੋ ਗਈ ਪਰ ਪਿੰਡ ਵਾਸੀਆਂ ਤੇ ਗ੍ਰਾਮ ਪੰਚਾਇਤ ਵਲੋਂ ਜ਼ਿਲਾ ਪੁਲਸ ਅਧਿਕਾਰੀਆਂ ਨੂੰ ਕਾਰਵਾਈ ਮਾਮਲੇ ਦੀ ਜਾਂਚ ਉਪਰੰਤ ਪੀੜਤ ਬਜ਼ੁਰਗ ਦੰਪਤੀ ਦੇ ਬਿਆਨਾਂ ਤੇ ਹਮਲਾਵਾਰ ਮਹਿਲਾ ਮਨਦੀਪ ਕੌਰ ਦੇ ਵਿਰੁੱਧ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤੀ ਗਿਆ। ਉਨ੍ਹਾਂ ਨੇ ਦੱਸਿਆ ਕਿ ਮਨਦੀਪ ਕੌਰ ਸਰਕਾਰੀ ਹਸਪਤਾਲ ਗੁਰਦਾਸਪੁਰ 'ਚ ਨਿਗਰਾਨੀ ਅਧੀਨ ਦਾਖਲ ਹੈ ਜਿਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


Related News