ਮੁੱਖ ਮੰਤਰੀ ਨੇ ਕਿਸਾਨਾਂ ਦੀਆਂ ਕੁਝ ਮੰਗਾਂ ਮੰਨੀਆਂ ਤੇ ਕੁਝ ਤੋਂ ਟਾਲਾ ਵੱਟਿਆ

10/18/2017 4:08:26 AM

ਸੁਲਤਾਨਪੁਰ ਲੋਧੀ, (ਸੋਢੀ)- ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਹੇਠ 9 ਮੈਂਬਰੀ ਕਿਸਾਨਾਂ ਦਾ ਵਫਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਿਆ ਤੇ 17 ਸੂਤਰੀ ਮੰਗ ਪੱਤਰ 'ਤੇ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕੀਤਾ। ਇਸ ਸਮੇਂ ਕੈਪਟਨ ਅਮਰਿੰਦਰ ਸਿੰਘ ਦੇ ਇਲਾਵਾ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਤੇ ਹੋਰ ਅਧਿਕਾਰੀ ਵੀ ਸਨ। ਮੀਟਿੰਗ ਦੀ ਕਾਰਵਾਈ ਸੰਬੰਧੀ ਸੂਬਾਈ ਪ੍ਰੈੱਸ ਸਕੱਤਰ ਕਿਸਾਨ ਸੰਘਰਸ਼ ਕਮੇਟੀ ਹਰਪ੍ਰੀਤ ਸਿੰਘ ਸਿੱਧਵਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਕਿਸਾਨਾਂ ਦੀਆਂ ਪਹਿਲਾਂ ਹੀ ਮੰਨੀਆਂ ਹੋਈਆਂ ਮੰਗਾਂ ਜਿਵੇਂ ਕਿਸਾਨ ਅੰਦੋਲਨਾਂ ਦੌਰਾਨ ਸ਼ਹੀਦੀ ਜਾਮ ਪੀ ਗਏ ਬਹਾਦਰ ਸਿੰਘ ਬਡਾਲਾ, ਜੋਗਿੰਦਰ ਸਿੰਘ ਬੁਤਾਲਾ (ਅੰਮ੍ਰਿਤਸਰ), ਸੁਰਜੀਤ ਸਿੰਘ ਛੀਨਾ ਬਿਧੀਚੰਦ (ਤਰਨਤਾਰਨ) ਦੇ ਪਰਿਵਾਰਾਂ ਦੇ ਇਕ-ਇਕ ਜੀਅ ਨੂੰ ਨੌਕਰੀ ਦੇਣ ਦਾ ਨਿਰਦੇਸ਼ ਦਿੱਤਾ ਗਿਆ। ਖੇਤੀ ਟਿਊਬਵੈੱਲ ਲੈਣ ਲਈ ਪੈਸੇ ਭਰ ਚੁੱਕੇ ਕਿਸਾਨਾਂ ਨੂੰ 31 ਅਕਤੂਬਰ ਤਕ ਸਾਰਾ ਸਾਮਾਨ ਦੇਣ, ਨਵੇਂ ਕੁਨੈਕਸ਼ਨਾਂ 'ਤੇ ਬਿਜਲੀ ਬਿੱਲ ਤੇ ਮੀਟਰ ਨਾ ਲਾਉਣ, ਰਹਿੰਦੇ ਡੇਰੇ-ਢਾਣੀਆਂ ਨੂੰ 24 ਘੰਟੇ ਅਰਬਨ ਸਪਲਾਈ ਨਾਲ ਜੋੜਨ, ਬਿਨਾਂ ਸ਼ਰਤ ਲੋਡ ਵਧਾਉਣ ਦਾ ਸਰਕੂਲਰ ਪਾਸ ਕਰਨ ਦੇ ਆਦੇਸ਼, ਬੋਰ ਦੀ ਖਰਾਬੀ ਤੇ ਤਿੰਨ ਏਕੜ ਤੱਕ ਕਿਸਾਨ ਨੂੰ ਬੋਰ ਸ਼ਿਫਟ ਕਰਨ ਦੀ ਖੁੱਲ੍ਹ ਦੇਣ ਦਾ ਮਤਾ ਵੀ ਪਾਸ ਕੀਤਾ ਗਿਆ।
ਸਤਨਾਮ ਸਿੰਘ ਪੰਨੂੰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਸਾਂਭਣ ਲਈ 6 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਤੇ ਖੇਤੀ ਸੰਦਾਂ 'ਤੇ 90 ਫੀਸਦੀ ਸਬਸਿਡੀ ਦੇਣ ਦੀ ਮੰਗ 'ਤੇ ਮੁੱਖ ਮੰਤਰੀ ਨੇ ਬੇਵਸੀ ਪ੍ਰਗਟ ਕਰਦੇ ਹੋਏ ਇਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ 'ਤੇ ਸੁੱਟੀ ਗਈ। ਇਸ ਸਮੇਂ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਨੂੰ ਸਾਫ-ਸਾਫ ਕਹਿ ਦਿੱਤਾ ਕਿ ਜਿੰਨਾ ਚਿਰ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ, ਤਦ ਤਕ ਕਿਸਾਨਾਂ 'ਤੇ ਪਰਾਲੀ ਸਾੜਨ ਤੇ ਜੁਰਮਾਨੇ ਜਾਂ ਪਰਚੇ ਨਹੀਂ ਹੋਣ ਦਿੱਤੇ ਜਾਣਗੇ। 
ਇਸ ਤੋਂ ਇਲਾਵਾ ਕਿਸਾਨਾਂ ਦੇ ਕਰਜ਼ਾ ਮੁਆਫੀ ਤੇ ਹੋਰ ਮਸਲਿਆਂ ਤੋਂ ਸਰਕਾਰ ਵਲੋਂ ਟਾਲਾ ਵੱਟਿਆ ਗਿਆ। 
ਸਤਨਾਮ ਸਿੰਘ ਪੰਨੂੰ ਤੇ ਹਰਪ੍ਰੀਤ ਸਿੰਘ ਸਿੱਧਵਾਂ ਨੇ ਗੱਲਬਾਤ ਕਰਦੇ ਹੋਏ ਐਲਾਨ ਕੀਤਾ ਕਿ ਜਥੇਬੰਦੀ ਵਲੋਂ ਛੇਤੀ ਹੀ ਸੂਬਾ ਤੇ ਕੇਂਦਰ ਸਰਕਾਰ ਵਿਰੁੱਧ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਉਨ੍ਹਾਂ ਨਾਲ ਕਿਸਾਨ ਆਗੂ ਸਵਿੰਦਰ ਸਿੰਘ ਚੁਤਾਲਾ, ਸਰਵਨ ਸਿੰਘ ਪੰਧੇਰ, ਜਸਬੀਰ ਸਿੰਘ ਪਿੱਦੀ, ਸੁਖਵਿੰਦਰ ਸਿੰਘ ਸਭਰਾਂ, ਗੁਰਲਾਲ ਸਿੰਘ ਪੰਡੋਰੀ, ਗੁਰਬਚਨ ਸਿੰਘ ਚੱਬਾ, ਸੁਪਰੀਮ ਸਿੰਘ ਤੇ ਗੁਰਪ੍ਰੀਤ ਸਿੰਘ ਗੋਪੀ ਪੱਸਣ ਕਦੀਮ ਆਦਿ ਨੇ ਵੀ ਸ਼ਿਰਕਤ ਕੀਤੀ।


Related News