ਪਹਿਲੇ ਪੜਾਅ 'ਚ 50 ਹਜ਼ਾਰ ਲੋਕਾਂ ਨੂੰ ਦਿੱਤਾ ਜਾਵੇਗਾ ਰੋਜ਼ਗਾਰ - ਅਗਨੀਹੋਤਰੀ

08/18/2017 3:54:56 PM

ਝਬਾਲ/ਬੀੜ ਸਾਹਿਬ/ਭਿੱਖੀਵਿੰਡ, (ਹਰਬੰਸ ਲਾਲੂਘੁੰਮਣ, ਬਖਤਾਵਰ, ਭਾਟੀਆ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਂਨ ਕੀਤੇ ਗਏ ਇਕ-ਇਕ ਵਾਅਦੇ ਨੂੰ ਪੂਰਾ ਕਰਨ ਲਈ ਕਵਾਇਦ ਅਰੰਭ ਕਰ ਦਿੱਤੀ ਗਈ ਹੈ। ਇਹ ਪ੍ਰਗਟਾਵਾ ਹਲਕਾ ਤਰਨਤਾਰਨ ਦੇ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ ਅਤੇ ਕਾਂਗਰਸ ਸੋਸ਼ਲ ਮੀਡੀਆ ਸੈੱਲ ਦੇ ਮਾਝਾ ਅਤੇ ਦੋਆਬਾ ਜੋਨਾਂ ਦੇ ਇੰਚਾਰਜ ਦਵਿੰਦਰਬੀਰ ਸਿੰਘ ਰਿੰਕੂ ਢਿੱਲੋਂ ਨੇ ਕਰਦਿਆਂ ਕਿਹਾ ਕਿ ਹਰ ਘਰ ਨੌਕਰੀ ਤਹਿਤ ਪਹਿਲੇ ਪੜਾਅ ਤਹਿਤ 50 ਹਜ਼ਾਰ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਟੀਚਾ ਸਰਕਾਰ ਵਲੋਂ ਮਿੱਥਿਆ ਗਿਆ ਹੈ ਜਿਸ ਦੀ ਕਵਾਇਦ ਅਰੰਭ ਕਰਦਿਆਂ 21 ਅਗਸਤ ਨੂੰ ਭਰਤੀ ਫਾਰਮ ਭਰੇ ਜਾ ਰਹੇ ਹਨ। ਆਗੂਆਂ ਨੇ ਦੱਸਿਆ ਕਿ ਸਰਹੱਦੀ ਜ਼ਿਲਾ ਤਰਨਤਾਰਨ ਨੂੰ ਸਭ ਤੋਂ ਵੱਧ ਮਾਰ ਪਹਿਲਾਂ ਕਾਲੇ ਦੌਰ ਅਤੇ ਹੁਣ ਨਸ਼ਾਖੋਰੀ ਦੀ ਪਈ ਹੈ, ਜਿਸ ਕਰਕੇ ਇਸ ਖੇਤਰ ਦੇ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਨੌਕਰੀਆਂ ਦਿਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਜਾਵੇਗੀ। ਡਾ. ਅਗਨੀਹੋਤਰੀ ਅਤੇ ਰਿੰਕੂ ਢਿਲੋਂ ਨੇ ਕਾਂਗਰਸ ਦੀ ਸਰਕਾਰ ਨੂੰ ਲੋਕ ਹਿਤੈਸੀ ਅਤੇ ਕਾਨੂੰਨ ਵਿਵਸਥਾ ਦੀ ਪਾਬੰਦ ਸਰਕਾਰ ਕਰਾਰ ਦਿੰਦਿਆਂ ਕਿਹਾ ਕਿ ਪਿਛਲੇ 10 ਸਾਲ ਪੰਜਾਬ ਅੰਦਰ ਜੰਗਲ ਦਾ ਰਾਜ ਰਿਹਾ ਹੈ ਅਤੇ ਪੰਜਾਬ ਵਾਸੀ ਦਹਿਸ਼ਤ ਦੇ ਸਾਏ ਹੇਠ ਜਿਊਂਦੇ ਰਹੇ ਹਨ। ਉਨ੍ਹਾਂ ਅਕਾਲੀ ਦਲ ਦੀ ਜ਼ਬਰ ਵਿਰੋਧੀ ਲਹਿਰ ਨੂੰ ਪਖੰਡ ਲਹਿਰ ਕਰਾਰ ਦਿੰਦਿਆਂ ਕਿਹਾ ਕਿ ਜੋ ਖੁਦ ਲੋਕਾਂ 'ਤੇ ਜ਼ਬਰ ਕਰਦੇ ਰਹੇ ਹੋਣ ਅੱਜ ਉਨ੍ਹਾਂ ਨੂੰ ਲੋਕਾਂ ਨਾਲ ਹੇਜ਼ ਕਿਵੇਂ ਜਾਗ ਪਿਆ ਹੈ। ਆਗੂਆਂ ਨੇ ਸੂਬੇ ਅੰਦਰੋਂ ਨਸ਼ਾਖੋਰੀ ਨੂੰ ਮੁਕੰਮਲ ਤੌਰ 'ਤੇ ਖਤਮ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਅਕਾਲੀਆਂ ਦੇ ਵਿਛਾਏ ਨਸ਼ਿਆਂ ਦੇ ਜਾਲ ਨੂੰ ਖਤਮ ਕਰਨ ਲਈ ਸਰਕਾਰ ਨੂੰ ਥੋੜਾ ਸਮਾਂ ਹੋਰ ਚਾਹੀਦਾ ਹੈ। ਇਸ ਮੌਕੇ ਪ੍ਰੋ. ਬਲਕਾਰ ਸਿੰਘ ਗੱਗੋਬੂਆ, ਉਪਕਾਰ ਸਿੰਘ ਢਿੱਲੋਂ, ਚੇਅਰਮੈਨ ਲਾਲੀ ਸੰਧੂ ਓਠੀਆਂ, ਚੇਅਰਮੈਨ ਹਰਜੀਤ ਸਿੰਘ ਗੱਗੋਬੂਆ, ਸੈਲੀ ਸੋਹਲ, ਗੁਰਭਾਗ ਸਿੰਘ ਭਾਗਾ ਸੋਹਲ, ਮੇਜਰ ਸਿੰਘ, ਆੜਤੀ ਬਲਵਿੰਦਰ ਸਿੰਘ ਗੱਗੋਬੂਆ, ਦਵਿੰਦਰ ਸਿੰਘ, ਸਰਪੰਚ ਬਲਬੀਰ ਸਿੰਘ ਅੱਡਾ ਗੱਗੋਬੂਆ, ਗੁਰਮੀਤ ਸਿੰਘ ਓਠੀਆਂ, ਜਥੇਦਾਰ ਮੇਜਰ ਸਿੰਘ ਆਦਿ ਹਾਜ਼ਰ ਸਨ।


Related News