ਭਾਰਤ-ਪਾਕਿ ਬਟਵਾਰੇ ਦਾ ਦਰਦਨਾਕ ਦ੍ਰਿਸ਼ ਮੇਰੇ ਜ਼ਹਿਨ ''ਚ ਹੈ : ਕੈਪਟਨ

08/18/2017 9:24:09 PM

ਅੰਮ੍ਰਿਤਸਰ (ਪ੍ਰਵੀਨ ਪੁਰੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਲਕ ਦੇ ਬਟਵਾਰੇ ਨੂੰ ਮੂਰਤੀਮਾਨ ਕਰਦਾ ਵਿਸ਼ਵ ਦਾ ਪਹਿਲਾ ਅਜਾਇਬ ਘਰ ਦੇਸ਼ ਨੂੰ ਸਮਰਪਿਤ ਕਰ ਕੇ ਉਨ੍ਹਾਂ ਲੱਖਾਂ ਲੋਕਾਂ ਦੀਆਂ ਕੁਰਬਾਨੀਆਂ ਨੂੰ ਸਿਜਦਾ ਕੀਤਾ ਜਿਨ੍ਹਾਂ ਨੇ 1947 'ਚ ਦੇਸ਼ ਦੀ ਵੰਡ ਵਿਚ ਆਪਣੀਆਂ ਅਣਮੁੱਲੀਆਂ ਜਾਨਾਂ ਅਤੇ ਘਰ ਗੁਆ ਲਏ ਸਨ। ਇਸ ਮੌਕੇ ਉਨ੍ਹਾਂ ਨੇ ਇਤਿਹਾਸ ਤੋਂ ਸਬਕ ਸਿੱਖਣ ਦਾ ਵੀ ਸੱਦਾ ਦਿੱਤਾ ਤਾਂ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਵਿਚ ਅਜਿਹਾ ਦੁਖਾਂਤ ਮੁੜ ਨਾ ਵਾਪਰ ਸਕੇ।
ਅੱਜ ਇਥੇ ਵਿਸ਼ੇਸ਼ ਯਾਦਗਾਰੀ ਸਮਾਰੋਹ ਦੌਰਾਨ 'ਦਿ ਆਰਟਸ ਐਂਡ ਕਲਚਰਲ ਹੈਰੀਟੇਜ ਟਰੱਸਟ' ਦੇ ਉੱਦਮ ਨਾਲ ਬਣਾਏ ਅਜਾਇਬ ਘਰ ਦੀ ਤਖ਼ਤੀ ਤੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਪਰਦਾ ਹਟਾਇਆ ਤਾਂ ਇਸ ਮੌਕੇ ਮਾਹੌਲ ਬਹੁਤ ਭਾਵੁਕ ਹੋ ਗਿਆ ਅਤੇ ਇਸ ਤਖ਼ਤੀ 'ਤੇ ਬਟਵਾਰਾ ਯਾਦਗਾਰੀ ਦਿਵਸ ਵਜੋਂ 17 ਅਗਸਤ ਉਕਰਿਆ ਹੋਇਆ ਸੀ। ਇਤਿਹਾਸਕ ਟਾਊਨ ਹਾਲ ਜਿਥੇ ਇਹ ਅਜਾਇਬ ਘਰ ਸਥਾਪਿਤ ਕੀਤਾ ਗਿਆ, ਵਿਖੇ ਇਸ ਉਦਘਾਟਨੀ ਰਸਮ ਤੋਂ ਬਾਅਦ ਇਕ ਮਿੰਟ ਦਾ ਮੌਨ ਵੀ ਰੱਖਿਆ ਗਿਆ। ਮੁੱਖ ਮੰਤਰੀ ਨੇ ਅੱਜ ਦੇ ਇਸ ਮੌਕੇ ਇਹ ਅਜਾਇਬ ਘਰ ਦੇਸ਼ ਨੂੰ ਸਮਰਪਿਤ ਕੀਤਾ, ਜੋ ਸੂਬਾ ਸਰਕਾਰ ਦੀ ਭਾਈਵਾਲੀ ਰਾਹੀਂ ਹੋਂਦ ਵਿਚ ਆਇਆ।
ਇਸ ਤੋਂ ਪਹਿਲਾਂ ਸਥਾਨਕ ਸਰਕਾਰਾਂ, ਸੈਰ-ਸਪਾਟਾ, ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਇਸ ਮਿਊਜ਼ੀਅਮ ਨੂੰ ਮਨੁੱਖੀ ਸੰਕਲਪ 'ਤੇ ਮੁੜ ਉਭਰਨ ਅਤੇ ਅਮਿੱਟ ਮਾਨਵੀ ਜਜ਼ਬੇ ਦਾ ਦੌਰ ਦੱਸਿਆ। ਉਨ੍ਹਾਂ ਕਿਹਾ ਕਿ ਇਸ ਮਿਊਜ਼ੀਅਮ ਨੇ ਵਕਤ ਦੀ ਧੂੜ ਵਿਚ ਗੁਆਚ ਰਹੇ ਇਤਿਹਾਸ ਨੂੰ ਮੁੜ ਸੁਰਜੀਤ ਕੀਤਾ ਹੈ। ਇਹ ਮਿਊਜ਼ੀਅਮ ਦੇਸ਼ ਨੂੰ ਸਮਰਪਿਤ ਕਰ ਕੇ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸ ਸਿਰਜਿਆ ਹੈ।


Related News