ਮੁੱਖ ਮੰਤਰੀ ਦਾ ਸ਼ਹਿਰ ਡੇਂਗੂ ਦੀ ਜਕੜ ''ਚ

10/18/2017 6:39:47 AM

ਪਟਿਆਲਾ, (ਬਲਜਿੰਦਰ, ਪਰਮੀਤ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦਾ ਸ਼ਹਿਰ ਪਟਿਆਲਾ ਇਨ੍ਹੀਂ ਦਿਨੀਂ ਡੇਂਗੂ ਦੀ ਜਕੜ ਵਿਚ ਹੈ। ਹਾਲਾਤ ਇਹ ਹਨ ਕਿ ਭਾਵੇਂ ਸਰਕਾਰੀ ਹੋਵੇ ਜਾਂ ਫਿਰ ਪ੍ਰਾਈਵੇਟ, ਸਾਰੇ ਹੀ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ।  'ਜਗ ਬਾਣੀ' ਵੱਲੋਂ ਕੀਤੇ ਗਏ ਸਰਵੇਖਣ ਵਿਚ ਸਾਹਮਣੇ ਆਇਆ ਕਿ ਸ਼ਹਿਰ ਦੇ ਹਸਪਤਾਲਾਂ ਵਿਚ ਪਿਛਲੇ ਦਿਨਾਂ 'ਚ 500 ਦੇ ਲਗਭਗ ਮਰੀਜ਼ ਰਿਪੋਰਟ ਕੀਤੇ ਗਏ ਹਨ। ਹਾਲਾਤ ਇਹ ਹਨ ਕਿ ਕਈ ਪ੍ਰਾਈਵੇਟ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਲਿਟਾਉਣ ਲਈ ਥਾਂ ਨਹੀਂ ਹੈ। ਡੇਂਗੂ ਦੀ ਜਕੜ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕਈ ਸਮੁੱਚੇ ਪਰਿਵਾਰ ਡੇਂਗੂ ਕਾਰਨ ਹਸਪਤਾਲਾਂ 'ਚ ਦਾਖਲ ਹਨ। ਸਭ ਤੋਂ ਜ਼ਿਆਦਾ ਕੇਸ ਭਾਦਸੋਂ ਰੋਡ, ਅਬਲੋਵਾਲ, ਰਣਜੀਤ ਨਗਰ, ਅੰਦਰੂਨੀ ਸ਼ਹਿਰ ਦੇ ਕਈ ਹਿੱਸੇ ਅਤੇ ਖਾਸ ਤੌਰ 'ਤੇ ਸਲੱਮ ਬਸਤੀਆਂ ਵਿਚੋਂ ਵੱਡੇ ਪੱਧਰ 'ਤੇ ਆ ਰਹੇ ਹਨ। 
ਦੋ ਹਫਤਿਆਂ 'ਚ ਕੇਸਾਂ ਦੀ ਗਿਣਤੀ ਸੈਂਕੜਿਆਂ ਤੱਕ ਪਹੁੰਚੀ
ਪਿਛਲੇ 2 ਹਫਤਿਆਂ ਤੋਂ ਡੇਂਗੂ ਦੇ ਕੇਸਾਂ ਵਿਚ ਅਚਾਨਕ ਵਾਧਾ ਹੋਇਆ ਹੈ। ਸਿਰਫ ਅਕਤੂਬਰ ਮਹੀਨੇ ਵਿਚ ਕੇਸਾਂ ਦੀ ਗਿਣਤੀ 500 ਦੇ ਲਗਭਗ ਪਹੁੰਚ ਗਈ ਹੈ। ਇਕੱਲੇ ਕੋਲੰਬੀਆ ਏਸ਼ੀਆ ਹਸਪਤਾਲ ਵਿਚ ਇਸ ਸਮੇਂ 70 ਤੋਂ ਜ਼ਿਆਦਾ ਮਰੀਜ਼ ਹਨ। ਵਾਲੀਆ ਨਰਸਿੰਗ ਹੋਮ ਤੋਂ ਲੈ ਕੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਮਰੀਜ਼ਾਂ ਦੀ ਗਿਣਤੀ 'ਚ ਬੇਹਤਾਸ਼ਾ ਵਾਧਾ ਹੋਇਆ ਹੈ। ਕੁਝ ਹੋਰ ਤਰ੍ਹਾਂ ਵੀ ਵਾਇਰਲ ਹੋਣ ਕਾਰਨ ਇਨ੍ਹਾਂ ਦਿਨਾਂ ਵਿਚ ਬੁਖਾਰ, ਖਾਂਸੀ ਅਤੇ ਸਰੀਰ ਦੀ ਜਕੜਨ ਨਾਲ ਬਹੁਤ ਲੋਕ ਪ੍ਰੇਸ਼ਾਨ ਹਨ। ਸਭ ਤੋਂ ਜ਼ਿਆਦਾ ਕੇਸ ਡੇਂਗੂ ਦੇ ਹੀ ਹਨ। 
ਕੋਲੰਬੀਆ ਹਸਪਤਾਲ ਦੇ ਡਾਕਟਰ ਪ੍ਰਸ਼ਾਂਤ ਭੱਟ ਨੇ ਦੱਸਿਆ ਕਿ ਪਿਛਲੇ ਇੱਕ ਹਫਤੇ ਤੋਂ ਮਰੀਜ਼ਾਂ ਦੀ ਗਿਣਤੀ ਵਿਚ ਅਚਾਨਕ ਵਾਧਾ ਹੋਇਆ ਹੈ। ਜਿੰਨੇ ਵੀ ਕੇਸ ਆਏ ਹਨ, ਉਨ੍ਹਾਂ ਦੇ ਸਰੀਰ 'ਤੇ ਨਿਸ਼ਾਨ ਪਏ ਹੋਏ ਹਨ। ਸਿਰ ਵਿਚ ਦਰਦ, ਸਰੀਰ ਦਾ ਟੱੁੱਟਣਾ ਅਤੇ ਲਗਾਤਾਰ ਬੁਖਾਰ ਆਦਿ ਵਰਗੇ ਲੱਛਣ ਹਨ, ਜਿਨ੍ਹਾਂ ਵਿਚੋਂ 30 ਕੇਸ ਡੇਂਗੂ ਦੇ ਪਾਜ਼ੀਟਿਵ ਪਾਏ ਜਾ ਚੁੱਕੇ ਹਨ।


Related News