ਸਿਹਤ ਵਿਭਾਗ ਦੀ ਟੀਮ ਵੱਲੋਂ ਦੁਕਾਨਾਂ ਦੀ ਚੈਕਿੰਗ

10/17/2017 7:14:59 AM

ਤਰਨਤਾਰਨ,   (ਰਮਨ, ਰਾਜੂ)-  ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਅੱਜ ਐੱਸ. ਡੀ. ਐੱਮ. ਅਮਨਦੀਪ ਕੌਰ ਦੀ ਅਗਵਾਈ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਕਰੀਬ ਇਕ ਦਰਜਨ ਖਾਣ-ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । 
ਜਾਣਕਾਰੀ ਦਿੰਦੇ ਹੋਏ ਐੱਸ. ਡੀ. ਐੱਮ. ਅਮਨਦੀਪ ਕੌਰ ਨੇ ਦੱਸਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ, ਇਸ ਲਈ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਦੇ ਆਦੇਸ਼ਾਂ 'ਤੇ ਸਥਾਨਕ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਮੌਜੂਦ ਹਲਵਾਈਆਂ, ਡੇਅਰੀਆਂ, ਬੇਕਰੀਆਂ ਆਦਿ ਤੋਂ ਕਰੀਬ ਇਕ ਦਰਜਨ ਸੈਂਪਲ ਸਿਹਤ ਵਿਭਾਗ ਨੇ ਮੌਕੇ 'ਤੇ ਸੀਲ ਕੀਤੇ ਹਨ। 
ਸਹਾਇਕ ਕਮਿਸ਼ਨਰ ਫੂਡ ਡਾ. ਗੁਰਪ੍ਰੀਤ ਸਿੰਘ ਪਨੂੰ ਨੇ ਦੱਸਿਆ ਕਿ ਇਕ ਹਲਵਾਈ ਤੇ ਹੋਰ ਵੱਖ-ਵੱਖ ਦੁਕਾਨਾਂ ਤੋਂ ਲਏ ਗਏ ਸੈਂਪਲਾਂ ਵਿਚ ਦੁੱਧ, ਪਨੀਰ, ਖੋਆ, ਬਰਫੀ, ਮੱਠੀਆਂ, ਰਸਗੁੱਲੇ, ਪਤੀਸਾ ਆਦਿ ਸ਼ਾਮਲ ਹਨ, ਜਿਨ੍ਹਾਂ ਨੂੰ ਲੈਬਾਰਟਰੀ 'ਚ ਜਾਂਚ ਲਈ ਭੇਜ ਦਿੱਤਾ ਗਿਆ ਹੈ। ਕਈ ਦੁਕਾਨਦਾਰ ਆਪਣੀਆਂ ਦੁਕਾਨਾਂ ਬੰਦ ਕਰ ਕੇ ਫਰਾਰ ਹੋ ਗਏ ਹਨ, ਜਿਨ੍ਹਾਂ ਤੋਂ ਜਲਦ ਸੈਂਪਲ ਲਏ ਜਾਣਗੇ। ਉਨ੍ਹਾਂ ਅਪੀਲ ਕੀਤੀ ਕਿ ਦੁਕਾਨਦਾਰ ਸਾਫ-ਸੁਥਰੀਆਂ ਵਸਤੂਆਂ ਵੇਚਣ ਤਾਂ ਜੋ ਕੋਈ ਬੀਮਾਰ ਨਾ ਹੋ ਸਕੇ । ਇਸ ਮੌਕੇ ਫੂਡ ਸੇਫਟੀ ਅਫਸਰ ਅਸ਼ਵਨੀ ਕੁਮਾਰ ਅਤੇ ਸੰਨੀ ਕੁਮਾਰ ਹਾਜ਼ਰ ਸਨ।   


Related News