ਮਰੇ ਹੋਏ ਲੋਕਾਂ ਦੇ ਨਾਂ ਸੌਂਪ ਦਿੱਤੇ ਚੈੱਕ

08/18/2017 4:11:07 AM

ਫਿਰੋਜ਼ਪੁਰ,  (ਜੈਨ, ਅਕਾਲੀਆਂਵਾਲਾ)¸ ਅੰਮ੍ਰਿਤਸਰ ਤੋਂ ਬਠਿੰਡਾ ਨੈਸ਼ਨਲ ਹਾਈਵੇ-54 ਦੇ ਨਿਰਮਾਣ ਦੌਰਾਨ ਅਨੇਕਾਂ ਵਿੱਤੀ ਬੇਨਿਯਮੀਆਂ ਸਾਹਮਣੇ ਆ ਰਹੀਆਂ ਹਨ। ਪਤਾ ਲੱਗਾ ਹੈ ਕਿ ਪ੍ਰਸ਼ਾਸਨ ਨੇ ਜ਼ਮੀਨ ਐਕਵਾਇਰ ਕਰਨ ਦੌਰਾਨ ਕੁਝ ਅਜਿਹੇ ਲੋਕਾਂ ਨੂੰ ਚੈੱਕ ਸੌਂਪ ਦਿੱਤੇ ਜੋ ਕਿ ਕਈ ਸਾਲ ਪਹਿਲਾਂ ਹੀ ਮਰ ਚੁੱਕੇ ਸੀ ਅਤੇ ਬਾਅਦ ਵਿਚ ਉਹ ਚੈੱਕ ਕੈਸ਼ ਵੀ ਹੋ ਗਏ। ਇਸ ਸਬੰਧ ਵਿਚ ਕੁਝ ਲੋਕਾਂ ਵੱਲੋਂ ਸੂਚਨਾ ਦੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਜਾਣਕਾਰੀਆਂ ਵੀ ਮੰਗੀਆਂ ਗਈਆਂ ਹਨ। ਮਾਮਲਾ ਧਿਆਨ ਵਿਚ ਆਉਂਦੇ ਹੀ ਡੀ. ਸੀ. ਨੇ ਇਸ ਦੀ ਜਾਂਚ ਦੇ ਹੁਕਮ ਏ. ਡੀ. ਸੀ. ਨੂੰ ਦਿੱਤੇ ਹਨ।
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 11 ਅਗਸਤ 2014 ਨੂੰ ਨੈਸ਼ਨਲ ਹਾਈਵੇ ਅਧਿਨਿਯਮ-1956 ਦੇ ਅਧੀਨ ਕਰੀਬ 62 ਕਿਲੋਮੀਟਰ ਲੰਬਾ ਹਾਈਵੇ ਬਣਾਉਣ ਲਈ ਜ਼ਮੀਨ ਐਕਵਾਇਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਜਿਸ ਤਹਿਤ ਜਿਨ੍ਹਾਂ ਕਿਸਾਨਾਂ ਦੀ ਜ਼ਮੀਨ ਨੂੰ ਪ੍ਰਸ਼ਾਸਨ ਵੱਲੋਂ ਐਕਵਾਇਰ ਕੀਤਾ ਗਿਆ ਸੀ, ਉਨ੍ਹਾਂ ਨੂੰ ਉਸ ਦੀ ਰਕਮ ਅਦਾ ਕੀਤੀ ਗਈ ਸੀ ਪਰ ਮਾਮਲਾ ਉਦੋਂ ਸਾਹਮਣੇ ਆਇਆ ਜਦ ਕੁਝ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਰੇ ਹੋਏ ਲੋਕਾਂ ਨੂੰ ਵੀ ਜ਼ਮੀਨ ਦੇ ਚੈੱਕ ਸੌਂਪ ਦਿੱਤੇ ਗਏ, ਜਿਨ੍ਹਾਂ ਦੀ ਪਛਾਣ ਫੁੰਮਨ ਸਿੰਘ, ਭੂਰ ਸਿੰਘ, ਘੁੰਮਣ ਸਿੰਘ ਦੇ ਰੂਪ ਵਿਚ ਹੋਈ ਹੈ ਅਤੇ ਤਿੰਨੇ ਵਾਸੀ ਪਿੰਡ ਖਡੂਰ ਕਸਬਾ ਜ਼ੀਰਾ ਦੇ ਰਹਿਣ ਵਾਲੇ ਸੀ, ਜਿਨ੍ਹਾਂ ਵਿਚੋਂ ਫੁੰਮਣ ਸਿੰਘ ਤੇ ਘੁੰਮਣ ਸਿੰਘ ਨੂੰ 4.63 ਲੱਖ ਦੀ ਅਦਾਇਗੀ ਹੋਈ। ਇਸ ਤੋਂ ਇਲਾਵਾ ਅਜਿਹੇ ਕੁਝ ਹੋਰ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਜ਼ਮੀਨ ਦੇ ਅਸਲ ਮੁੱਲ ਤੋਂ ਕਈ ਗੁਣਾ ਜ਼ਿਆਦਾ ਰਕਮ ਦੀ ਅਦਾਇਗੀ ਹੋਈ ਹੈ।


Related News