ਚਰਣਜੀਤ ਕਤਲਕਾਂਡ : ਗੁਆਂਢੀ ਸੁਰਿੰਦਰ ਹੀ ਨਿਕਲਿਆ ਕਾਤਲ

12/12/2017 4:05:37 PM

ਬੱਸੀ ਪਠਾਨਾ (ਰਾਜਕਮਲ) — ਬੱਸੀ ਪਠਾਨਾ ਦੇ ਨੇੜੇ ਪਿੰਡ ਮੁੱਲਾਪੁਰ 'ਚ ਬੀਤੇ 2 ਦਸੰਬਰ ਨੂੰ ਗੰਨੇ ਦੇ ਖੇਤਾਂ ਤੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼ ਦੇ ਕੇਸ ਦੀ ਗੁੱਥੀ ਨੂੰ ਇਨਵੈਸਟੀਗੇਸ਼ਨ ਉਪ-ਕਪਤਾਨ ਹਰਪਾਲ ਸਿੰਘ, ਦਲਜੀਤ ਸਿੰਘ ਖੱਖ, ਡੀ. ਐੱਸ. ਪੀ. ਨਵਨੀਤ ਕੌਰ ਗਿੱਲ ਦੀ ਅਗਵਾਈ 'ਚ ਥਾਣਾ ਇੰਚਾਰਜ ਦਲਜੀਤ ਸਿੰਘ ਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਨੇ ਸੁਲਝਾਉਂਦੇ ਹੋਏ ਪਿੰਡ ਚੰਡਿਆਲਾ ਦੇ ਸੁਰਿੰਦਰ ਪਾਲ ਸਿੰਘ ਨੂੰ ਕਤਲ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ।
ਸੋਸ਼ਲ ਮੀਡੀਆ 'ਤੇ ਹੋਈ ਮ੍ਰਿਤਕ ਦੀ ਪਹਿਚਾਣ
ਇਸ ਸੰਬੰਧੀ ਐੱਸ. ਐੱਸ. ਪੀ. ਅਲਕਾ ਮੀਨਾ ਨੇ ਦੱਸਿਆ ਕਿ ਗੰਨੇ ਦੇ ਖੇਤਾਂ 'ਚ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼ ਦੀ ਪਹਿਚਾਨ ਨੂੰ ਲੈ ਕੇ ਪੁਲਸ ਨੇ ਮੀਡੀਆ ਦਾ ਸਹਾਰਾ ਲੈਂਦੇ ਹੋਏ ਉਸ ਦੀ ਫੋਟੋ ਵੀ ਸੋਸ਼ਲ ਮੀਡੀਆ 'ਤੇ ਪਾਈ ਸੀ। ਇਸ ਤੋਂ ਬਾਅਦ ਪਤਾ ਲੱਗਾ ਕਿ ਮ੍ਰਿਤਕ ਪਿੰਡ ਚੰਡਿਆਲਾ ਥਾਣਾ ਖਮਾਣੋਂ ਦਾ ਚਰਣਜੀਤ ਸਿੰਘ ਸੀ, ਜੋ ਸੁਰਿੰਦਰ ਪਾਲ ਦਾ ਗੁਆਂਢੀ ਸੀ। ਅੰਨੇ ਕਤਲ ਕੇਸ 'ਚ ਪੁਲਸ ਨੂੰ ਮਾਮਲੇ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਮ੍ਰਿਤਕ ਚਰਣਜੀਤ ਸਿੰਘ ਤੇ ਸੁਰਿੰਦਰ ਪਾਲ ਉਰਫ ਬੱਬੂ ਦੋਨੋਂ ਹੀ ਬੇਰੁਜ਼ਗਾਰ ਸਨ ਤੇ 1 ਦਸੰਬਰ ਨੂੰ ਕੰਮ ਦੀ ਤਲਾਸ਼ 'ਚ ਗਏ ਸਨ। ਇਸ ਤੋਂ ਬਾਅਦ ਦੋਨਾਂ ਨੇ ਦਿਨ 'ਚ ਹੀ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ।
ਮਾਮੂਲੀ ਬਹਿਸ ਬਣੀ ਕਤਲ ਦਾ ਕਾਰਨ
ਮੋਰਿੰਡਾ 'ਚ ਸ਼ਰਾਬ ਪੀਣ ਤੋਂ ਬਾਅਦ ਦੋਨਾਂ ਨੇ ਫਿਰ ਚੁੰਨੀ ਦੇ ਨੇੜੇ ਪਿੰਡ ਮੁੱਲਾਪੁਰ ਦੇ ਠੇਕੇ 'ਤੇ ਸ਼ਰਾਬ ਪੀਤੀ। ਇਸ ਦੌਰਾਨ ਸ਼ਰਾਬ ਦੇ ਨਸ਼ੇ 'ਚ ਚਰਣਜੀਤ ਸਿੰਘ ਦੀ ਸੁਰਿੰਦਰ ਨਾਲ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਬਹਿਸ ਹੋ ਗਈ ਤੇ ਉਸ ਨੂੰ ਗਾਲਾਂ ਕੱਢੀਆਂ। ਇਸ 'ਤੇ ਸੁਰਦਿੰਰ ਨੇ ਉਸ ਦਾ ਕਤਲ ਕਰਨ ਦਾ ਮਨ ਬਣਾ ਲਿਆ ਸੀ। ਉਹ ਚਰਣਜੀਤ ਨੂੰ ਨਸ਼ੇ ਦੀ ਹਾਲਤ 'ਚ ਮੁੱਲਾਪੁਰ ਦੇ ਸਤਿੰਦਰ ਸਿੰਘ ਦੇ ਟਿਊਬਵੈਲ 'ਤੇ ਲੈ ਗਿਆ ਸੀ। ਜਿਥੇ ਉਸ ਨੇ ਸ਼ਰਾਬ ਦੇ ਨਸ਼ੇ 'ਚ ਚਰਣਜੀਤ ਸਿੰਘ 'ਤੇ ਇੱਟਾਂ ਨਾਲ ਵਾਰ ਕੀਤਾ ਤੇ ਉਸ ਨੂੰ ਮਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਮ੍ਰਿਤਕ ਦੀ ਲਾਸ਼ ਨੂੰ ਅਵਤਾਰ ਸਿੰਘ ਦੇ ਗੰਨੇ ਦੇ ਖੇਤਾਂ 'ਚ ਸੁੱਟ ਦਿੱਤਾ ਤੇ ਉਸ ਦੇ ਕਪੜੇ, ਕਤਲ 'ਚ ਇਸਤੇਮਾਲ ਕੀਤੀ ਇੱਟ ਤੇ ਮੋਬਾਇਲ ਵੀ ਨਾਲ ਲੈ ਗਿਆ। ਮੋਬਾਇਲ ਦੀ ਬੈਟਰੀ ਵੀ ਗੰਨੇ ਦੇ ਖੇਤਾਂ 'ਚ ਸੁੱਟ ਗਿਆ ਸੀ। ਪੁਲਸ ਨੇ ਕਾਤਲ ਦੀ ਨਿਸ਼ਾਨਦੇਹੀ 'ਤੇ ਮ੍ਰਿਤਕ ਦੇ ਕਪੜੇ ਤੇ ਮੋਬਾਇਲ ਫੋਨ ਬਰਾਮਦ ਕਰ ਲਿਆ ਹੈ। ਪੁਲਸ ਨੇ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਲੈ ਲਿਆ ਹੈ।


Related News