ਨਕਦੀ ਦੀ ਘਾਟ ਨੇ ਯਾਦ ਕਰਵਾਏ ਨੋਟਬੰਦੀ ਵਾਲੇ ਦਿਨ

12/12/2017 1:44:25 PM

ਸ਼ਹਿਣਾ/ਭਦੌੜ (ਸਿੰਗਲਾ) - ਕਸਬੇ 'ਚ ਸਥਿਤ ਸਟੇਟ ਬੈਂਕ ਆਫ ਇੰਡੀਆ ਅਤੇ ਪੰਜਾਬ ਨੈਸ਼ਨਲ ਬੈਂਕ 'ਚ ਨਕਦੀ ਦੀ ਭਾਰੀ ਕਮੀ ਨੇ ਲੋਕਾਂ ਨੂੰ ਨੋਟਬੰਦੀ ਵਾਲੇ ਦਿਨ ਯਾਦ ਕਰਵਾ ਦਿੱਤੇ ਹਨ। ਲੋਕਾਂ ਨੂੰ ਆਪਣੀ ਜ਼ਰੂਰਤ ਅਨੁਸਾਰ ਲੋੜੀਂਦੀ ਨਕਦੀ ਨਹੀਂ ਮਿਲ ਰਹੀ। ਨਕਦੀ ਲੈਣ ਲਈ ਲੋਕ ਕਈ ਕਈ ਘੰਟੇ ਲਾਈਨਾਂ 'ਚ ਖੜ੍ਹ ਕੇ ਖਾਲੀ ਹੱਥ ਪਰਤ ਰਹੇ ਹਨ।
ਕ੍ਰਾਂਤੀਕਾਰੀ ਵਪਾਰ ਮੰਡਲ ਬਲਾਕ ਸ਼ਹਿਣਾ ਦੇ ਪ੍ਰਧਾਨ ਕ੍ਰਿਸ਼ਨ ਜਿੰਦਲ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਕੀਤੀ ਨੋਟਬੰਦੀ ਦਾ ਮਾੜਾ ਅਸਰ ਆਮ ਲੋਕਾਂ ਅਤੇ ਛੋਟੇ ਵਪਾਰੀਆਂ ਦੇ ਕਾਰੋਬਾਰ 'ਤੇ ਪਿਆ ਹੈ। ਇਸ ਦੇ ਮਾੜੇ ਪ੍ਰਭਾਵ ਨੂੰ ਲੋਕ ਅਜੇ ਵੀ ਹੰਢਾ ਰਹੇ ਹਨ। ਮੋਦੀ ਸਰਕਾਰ ਨੇ ਹੁਣ ਲੋਕਾਂ ਨੂੰ ਡਿਜੀਟਲ ਭੁਗਤਾਨ ਕਰਨ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਰ ਕੇ ਬੈਂਕਾਂ 'ਚ ਕੈਸ਼ ਘੱਟ ਭੇਜਿਆ ਜਾ ਰਿਹਾ ਹੈ। ਵਪਾਰੀ ਅਤੇ ਆਮ ਲੋਕ ਇਕ ਵਾਰ ਫਿਰ ਚਿੰਤਾ 'ਚ ਹਨ ਕਿਉਂਕਿ ਕੈਸ਼ ਨਾ ਮਿਲਣ ਕਾਰਨ ਗਾਹਕ ਪੈਸਿਆਂ ਦਾ ਭੁਗਤਾਨ ਨਹੀਂ ਕਰ ਰਹੇ। ਬੈਂਕਾਂ 'ਚੋਂ ਪੈਸਾ ਨਾ ਮਿਲਣ ਕਾਰਨ ਸਭ ਤੋਂ ਵੱਡਾ ਨੁਕਸਾਨ ਵਪਾਰੀ ਵਰਗ ਦਾ ਹੋਵੇਗਾ। ਜਿੰਦਲ ਨੇ ਕਿਹਾ ਕਿ ਉਨ੍ਹਾਂ ਨੂੰ ਇਕ ਬੈਂਕ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਵਲੋਂ ਸਿੱਧੇ ਤੌਰ 'ਤੇ ਕੋਈ ਹਦਾਇਤ ਜਾਰੀ ਨਹੀਂ ਕੀਤੀ ਗਈ ਪਰ ਆਰ. ਬੀ. ਆਈ. ਡਿਜੀਟਲ ਭੁਗਤਾਨ ਨੂੰ ਉਤਸ਼ਾਹਿਤ ਕਰ ਰਿਹਾ ਹੈ। 
ਨੋਟਬੰਦੀ ਦੀ ਆੜ 'ਚ ਵੱਡੇ ਕਾਰੋਬਾਰੀਆਂ ਨੂੰ ਲਾਭ ਪਹੁੰਚਾਇਆ ਗਿਐ : ਨਿੰਮਾ :  ਕਾਂਗਰਸ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੀ ਨੋਟਬੰਦੀ ਦਾ ਆਮ ਵਿਅਕਤੀ ਨੂੰ ਕੋਈ ਲਾਭ ਨਹੀਂ ਹੋਇਆ, ਜਦੋਂਕਿ ਇਸ ਦੀ ਆੜ 'ਚ ਵੱਡੇ ਕਾਰੋਬਾਰੀਆਂ ਨੂੰ ਲਾਭ ਪਹੁੰਚਾਇਆ ਗਿਆ।
ਪਿੱਛੋਂ ਕੈਸ਼ ਘੱਟ ਆ ਰਿਹੈ : ਬੈਂਕ ਮੈਨੇਜਰ 
ਸ਼ਹਿਣਾ ਖੇਤਰ ਦੇ ਲੋਕ ਨੂੰ ਕੈਸ਼ ਦੀ ਕਮੀ ਸਬੰਧੀ ਆ ਰਹੀ ਦਿੱਕਤ ਬਾਰੇ ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਜਗਦੀਸ਼ ਰਾਏ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਿੱਛੋਂ ਕੈਸ਼ ਹੀ ਘੱਟ ਆ ਰਿਹਾ ਹੈ ਅਤੇ ਦੂਜਾ ਸਾਡੇ ਕੋਲ ਸਟਾਫ ਦੀ ਵੀ ਕਮੀ ਹੈ। 
ਜਦੋਂ ਪੰਜਾਬ ਨੈਸ਼ਨਲ ਬੈਂਕ ਸ਼ਹਿਣਾ ਦੇ ਡਿਪਟੀ ਮੈਨੇਜਰ ਸੌਰਭ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੀ ਬੈਂਕ ਦੀ ਲਿਮਟ 5 ਲੱਖ ਹੈ, ਜਿਸ ਦਾ ਭੁਗਤਾਨ ਲੋਕਾਂ ਨੂੰ ਕਰ ਦਿੱਤਾ ਜਾਂਦਾ ਹੈ।


Related News