3 ਦੁਕਾਨਾਂ ''ਚੋਂ ਨਕਦੀ ਤੇ ਹੋਰ ਸਾਮਾਨ ਚੋਰੀ

12/11/2017 12:58:47 AM

ਬਟਾਲਾ/ਧਾਰੀਵਾਲ,   (ਬੇਰੀ, ਖੋਸਲਾ, ਬਲਬੀਰ)-  ਪਿੰਡ ਕੋਟ ਸੰਤੋਖ ਰਾਏ ਵਿਚ ਚੋਰਾਂ ਨੇ ਬੀਤੀ ਰਾਤ 3 ਦੁਕਾਨਾਂ ਦੇ ਸ਼ਟਰਾਂ ਦੇ ਤਾਲੇ ਤੋੜ ਕੇ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ। 
ਸਵਿੰਦਰ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਪਿੰਡ ਆਲੋਵਾਲ ਨੇ ਦੱਸਿਆ ਕਿ ਉਸਨੇ ਪਿੰਡ ਕੋਟ ਸੰਤੋਖ ਰਾਏ ਵਿਖੇ ਸੱਭਰਵਾਲ ਵੇਰਕਾ ਡੇਅਰੀ ਅਤੇ ਬੇਕਰੀ ਨਾਂ ਦੀ ਦੁਕਾਨ ਖੋਲ੍ਹੀ ਹੋਈ ਹੈ ਅਤੇ ਅੱਜ ਜਦੋਂ ਉਹ ਸਵੇਰੇ ਆਪਣੀ ਦੁਕਾਨ 'ਤੇ ਆਏ ਤਾਂ ਦੇਖਿਆ ਕਿ ਉਸਦੀਆਂ ਦੋਵਾਂ ਦੁਕਾਨਾਂ ਦੇ ਤਾਲੇ ਟੁੱਟੇ ਪਏ ਸਨ ਤੇ ਜਦ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਡੇਅਰੀ ਵਾਲੀ ਦੁਕਾਨ ਦੇ ਗੱਲੇ ਵਿਚ ਪਏ ਲਗਭਗ ਇਕ ਲੱਖ ਰੁਪਏ ਅਤੇ ਬੇਕਰੀ ਵਾਲੀ ਦੁਕਾਨ ਦੇ ਗੱਲੇ ਵਿਚ ਪਏ ਲਗਭਗ 4 ਹਜ਼ਾਰ ਰੁਪਏ ਅਤੇ ਹੋਰ ਸਾਮਾਨ ਚੋਰਾਂ ਨੇ ਚੋਰੀ ਕਰ ਲਿਆ ਸੀ। 
ਇਸੇ ਹੀ ਤਰ੍ਹਾਂ ਪਿੰਡ ਕੋਟ ਸੰਤੋਖ ਰਾਏ ਦੇ ਸ਼ਰਮਾ ਸਵੀਟ ਸ਼ਾਪ ਦੇ ਮਾਲਕ ਵਰਿੰਦਰ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਗੁਣੀਆ ਨੇ ਦੱਸਿਆ ਕਿ ਉਸਦੀ ਦੁਕਾਨ ਦੇ ਵੀ ਤਾਲੇ ਤੋੜ ਕੇ ਚੋਰਾਂ ਨੇ ਅੰਦਰ ਪਿਆ ਇਕ ਸਿਲੰਡਰ ਚੋਰੀ ਕਰ ਲਿਆ ਹੈ। ਇਸ ਸਬੰਧੀ ਥਾਣਾ ਧਾਰੀਵਾਲ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।


Related News