ਘਰ ''ਚੋਂ ਨਕਦੀ ਤੇ ਗਹਿਣੇ ਚੋਰੀ

01/17/2018 5:07:03 AM

ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਜ਼ਿਲੇ 'ਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਤਾਜ਼ੀ ਘਟਨਾ ਅਨੁਸਾਰ ਨਜ਼ਦੀਕੀ ਪਿੰਡ ਸਲੋਹ 'ਚ ਇਕ ਘਰ ਤੋਂ 3 ਨੌਜਵਾਨਾਂ ਵੱਲੋਂ 40 ਹਜ਼ਾਰ ਰੁਪਏ ਦੀ ਨਕਦੀ ਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਸੂਤਰਾਂ ਅਨੁਸਾਰ ਪੁਲਸ ਨੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਚੋਰੀ ਦਾ ਕੁਝ ਸਾਮਾਨ ਬਰਾਮਦ ਕੀਤਾ ਹੈ ਜਦਕਿ ਮੁੱਖ ਦੋਸ਼ੀ ਹਾਲੇ ਪੁਲਸ ਦੀ ਪਹੁੰਚ ਤੋਂ ਬਾਹਰ ਹੈ । ਪੁਲਸ ਨੇ ਗ੍ਰਿਫ਼ਤਾਰ ਦੋਸ਼ੀਆਂ ਸਬੰਧੀ ਪੁਸ਼ਟੀ ਨਹੀਂ ਕੀਤੀ ਹੈ । 
ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਸੋਨਾ ਦੇਵੀ (90) ਪਤਨੀ ਰਾਜੂ ਮੰਡਲ ਨੇ ਦੱਸਿਆ ਕਿ ਉਹ ਘਰੇਲੂ ਕੰਮ ਕਰਦੀ ਹੈ ਤੇ ਬੀਮਾਰ ਰਹਿੰਦੀ ਹੈ । ਉਸ ਦੇ ਨਾਲ ਉਸ ਦਾ ਪੋਤਾ ਰਵੀ ਪੁੱਤਰ ਵੈਜਨਾਥ ਰਹਿੰਦਾ ਹੈ ਜੋ ਉਸ ਦੀ ਦੇਖਭਾਲ ਕਰਦਾ ਹੈ । ਉਸ ਨੇ ਦੱਸਿਆ ਕਿ 14 ਜਨਵਰੀ ਦੀ ਰਾਤ ਉਹ ਰੋਜ਼ ਦੀ ਤਰ੍ਹਾਂ ਖਾਣਾ ਖਾਣ ਤੋਂ ਬਾਅਦ ਇਕ ਕਮਰੇ 'ਚ ਸੌਂ ਗਏ ਸਨ ਜਦਕਿ ਦੂਜੇ ਕਮਰੇ ਦਾ ਤਾਲਾ ਲੱਗਿਆ ਹੋਇਆ ਸੀ । ਸੋਨਾ ਦੇਵੀ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਉੱਠੇ ਤਾਂ ਉਸ ਦੇ ਪੋਤੇ ਨੇ ਦੇਖਿਆ ਕਿ ਦੂਜੇ ਕਮਰੇ ਦਾ ਤਾਲਾ ਟੁੱਟਿਆ ਹੋਇਆ ਸੀ ਜਦਕਿ 3 ਨੌਜਵਾਨ ਕਮਰੇ ਤੋਂ ਬਾਹਰ ਭੱਜਦੇ ਦਿਖੇ ਜਿਨ੍ਹਾਂ ਨੂੰ ਉਸ ਦੇ ਪੋਤੇ ਨੇ ਪਛਾਣ ਲਿਆ । ਕਮਰੇ 'ਚ ਜਾ ਕੇ ਦੇਖਿਆ ਤਾਂ ਸਾਮਾਨ ਖਿੱਲਰਿਆ ਪਿਆ ਸੀ।
ਜਾਂਚ ਕਰਨ 'ਤੇ ਪਤਾ ਲੱਗਿਆ ਕਿ ਘਰ 'ਚ ਪਈ 40 ਹਜ਼ਾਰ ਰੁਪਏ ਦੀ ਨਕਦੀ, 1 ਜੋੜਾ ਸੋਨੇ ਦੀਆਂ ਵਾਲੀਆਂ, ਟਾਪਸ, ਨੱਕ ਦੇ 2 ਕੋਕੇ, ਲੇਡੀਜ਼ ਸੋਨੇ ਦੀਆਂ 2 ਰਿੰਗਜ਼ , ਲੇਡੀਜ਼ ਚਾਂਦੀ ਦੀਆਂ 3 ਚੇਨੀਆਂ, 2 ਜੋੜੇ ਚਾਂਦੀ ਦੇ ਹੱਥ ਕੰਗਣ, ਚਾਂਦੀ ਦਾ 1 ਲਾਕੇਟ, ਸੋਨੇ ਦਾ 1 ਤਾਬੀਜ਼ ਤੇ ਪੈਰਾਂ ਦੀਆਂ ਝਾਂਜਰਾਂ ਆਦਿ ਗਾਇਬ ਸਨ । ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਸਾਮਾਨ ਪਿੰਡ ਦੇ ਹੀ ਰਜਿੰਦਰ ਕੁਮਾਰ ਉਰਫ ਰਾਜਾ, ਕੁਲਦੀਪ ਉਰਫ ਪੈਕਾ ਤੇ ਪ੍ਰਦੀਪ ਕੁਮਾਰ ਉਰਫ ਦੀਪਾ ਚੋਰੀ ਕਰ ਕੇ ਲੈ ਗਏ ਹਨ।


Related News