ਪੰਜਾਬ ਸਰਕਾਰ ਖਿਲਾਫ ਕਿਸਾਨਾਂ ਨੂੰ ਖੁਦਕੁਸ਼ੀਆਂ ਲਈ ਉਕਸਾਉਣ ਦਾ ਕੇਸ ਦਰਜ ਹੋਵੇ : ਹਰਸਿਮਰਤ ਬਾਦਲ

08/15/2017 4:37:42 AM

ਪਟਿਆਲਾ, (ਬਲਜਿੰਦਰ, ਪਰਮੀਤ, ਜੋਸਨ)- ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਖੁਦਕੁਸ਼ੀਆਂ ਲਈ ਉਕਸਾਉਣ ਦੇ ਦੋਸ਼ ਵਿਚ ਪੰਜਾਬ ਸਰਕਾਰ ਖਿਲਾਫ ਕੇਸ ਦਰਜ ਹੋਵੇ। ਚੋਣਾਂ ਵਿਚ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕਰ ਕੇ ਮੁਆਫ ਕਰਨ ਦੀ ਬਜਾਏ ਖੁਦਕੁਸ਼ੀਆਂ 'ਤੇ ਮੁਆਵਜ਼ਾ ਵਧਾਉਣ ਨਾਲ ਕਿਸਾਨ ਇਹ ਸਮਝਣ ਲੱਗ ਗਏ ਹਨ ਕਿ ਕਰਜ਼ਾ ਤਾਂ ਮੁਆਫ ਹੋਣਾ ਨਹੀਂ, ਸ਼ਾਇਦ ਖੁਦਕੁਸ਼ੀ ਤੋਂ ਬਾਅਦ ਜਿਹੜਾ ਮੁਆਵਜ਼ਾ ਮਿਲੇਗਾ, ਉਸ ਨਾਲ ਹੀ ਉਸ ਦੇ ਪਰਿਵਾਰ ਦਾ ਗੁਜ਼ਾਰਾ ਹੋ ਜਾਵੇ। ਇਹੀ ਸਮਝਣ ਕਾਰਨ ਪਿਛਲੇ 5 ਮਹੀਨਿਆਂ ਵਿਚ ਪੰਜਾਬ 'ਚ ਖੁਦਕੁਸ਼ੀਆਂ ਦੀ ਔਸਤ ਪਹਿਲਾਂ ਨਾਲੋਂ ਤਿੰਨ ਗੁਣਾ ਵਧ ਗਈ ਹੈ। ਇਸ ਲਈ ਸਿੱਧੇ ਤੌਰ 'ਤੇ ਕੈਪਟਨ ਦੀ ਪੰਜਾਬ ਸਰਕਾਰ ਜ਼ਿੰਮੇਵਾਰ ਹੈ। ਉਹ ਇੱਥੇ ਹਰਪਾਲ ਟਿਵਾਣਾ ਅਕੈਡਮੀ ਵਿਚ 'ਕਿਸਾਨ ਸੰਪਦਾ ਯੋਜਨਾ' ਤਹਿਤ ਅਗਾਂਹਵਧੂ ਕਿਸਾਨਾਂ ਅਤੇ ਇੰਡਸਟਰੀਆਲਿਸਟਾਂ ਨੂੰ ਫੂਡ ਪ੍ਰੋਸੈਸਿੰਗ ਯੂਨਿਟਾਂ ਤਹਿਤ ਦਿੱਤੀਆਂ ਜਾਣ ਵਾਲੀਆਂ ਨਵੀਆਂ ਸਕੀਮਾਂ, ਸਬਸਿਡੀਆਂ ਅਤੇ ਗ੍ਰਾਂਟ ਸਹਾਇਤਾ ਬਾਰੇ ਜਾਣਕਾਰੀ ਦੇਣ ਲਈ ਆਯੋਜਿਤ ਸੈਮੀਨਾਰ ਤੋਂ ਬਾਅਦ ਗੱਲਬਾਤ ਕਰ ਰਹੇ ਸਨ। 
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ ਕਿ ਪੰਜਾਬ ਸਰਕਾਰ 5 ਮਹੀਨਿਆਂ ਵਿਚ ਜਿੱਥੇ ਹਰ ਮਹੀਨੇ ਇੰਡਸਟਰੀ ਲਾਉਣ ਦੀ ਗੱਲ ਕਰ ਰਹੀ ਸੀ, ਉਹ ਇਕ ਵੀ ਇੰਡਸਟਰੀ ਨਹੀਂ ਲਾਈ। ਕਿਸੇ ਨੂੰ ਕੋਈ ਨੌਕਰੀ ਨਹੀਂ ਦਿੱਤੀ ਅਤੇ ਸਭ ਤੋਂ ਮੰਦਭਾਗੀ ਗੱਲ ਤਾਂ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ 'ਕਿਸਾਨ ਸੰਪਦਾ ਯੋਜਨਾ' ਅਧੀਨ ਫੂਡ ਪ੍ਰੋਸੈਸਿੰਗ ਇੰਡਸਟਰੀ ਲਾਉਣ ਲਈ ਦਿੱਤੀਆਂ ਜਾਣ ਵਾਲੀਆਂ 6000 ਕਰੋੜ ਦੀਆਂ ਸਬਸਿਡੀਆਂ ਲਈ ਲਾਏ ਜਾ ਰਹੇ 'ਵਰਲਡ ਫੂਡ ਇੰਡੀਆ-2017' ਮੇਲੇ ਵਿਚ ਵੀ ਆਉਣ ਲਈ ਸਰਕਾਰ ਹਾਮੀ ਨਹੀਂ ਭਰ ਰਹੀ। ਉਹ ਜਿਸ ਵੀ ਸੂਬੇ ਵਿਚ ਗਏ, ਉਥੋਂ ਦੇ ਮੁੱਖ ਮੰਤਰੀ ਨੇ ਖੁਦ ਆ ਕੇ ਉਨ੍ਹਾਂ ਦਾ ਸਵਾਗਤ ਕੀਤਾ। ਸੂਬੇ ਵਿਚ ਵੱਧ ਤੋਂ ਵੱਧ ਇੰਡਸਟਰੀ ਦੇਣ ਦੀ ਮੰਗ ਕੀਤੀ ਪਰ ਪੰਜਾਬ ਸਰਕਾਰ ਨੂੰ ਉਨ੍ਹਾਂ ਨੇ ਇਸ ਸਬੰਧੀ ਬਾਕਾਇਦਾ ਪੱਤਰ ਵੀ ਲਿਖਿਆ ਅਤੇ ਅਧਿਕਾਰੀ ਨਾਲ ਗੱਲਬਾਤ ਵੀ ਕੀਤੀ ਪਰ ਕਿਸੇ ਨੇ ਕੋਈ ਦਿਲਚਸਪੀ ਨਹੀਂ ਦਿਖਾਈ। 
ਇਸ ਤੋਂ ਪਹਿਲਾਂ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕੇਂਦਰੀ ਮੰਤਰੀ ਦਾ ਸਵਾਗਤ ਕੀਤਾ ਅਤੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਮੰਚ ਸੰਚਾਲਨ ਅਤੇ ਕਿਸਾਨਾਂ ਤੇ ਕੇਂਦਰੀ ਮੰਤਰੀ ਦੇ ਵਿਚਕਾਰ ਵਾਰਤਾਲਾਪ ਦੀ ਭੂਮਿਕਾ ਵੀ ਨਿਭਾਈ। 


Related News