ਦੁਕਾਨਦਾਰ ਨਾਲ ਮਾਰਕੁੱਟ ਕਰਨ ਵਾਲੇ ਤਿੰਨ ਲੋਕਾਂ ਖਿਲਾਫ਼ ਮਾਮਲਾ ਦਰਜ

12/11/2017 3:59:26 AM

ਟਾਂਡਾ ਉੜਮੁੜ, (ਪੰਡਿਤ, ਮੋਮੀ, ਸ਼ਰਮਾ)- ਅੱਡਾ ਸਰਾਂ ਵਿਖੇ ਬੀਤੀ ਸ਼ਾਮ ਚੋਰੀ ਦੀ ਨੀਅਤ ਨਾਲ ਸੈਨੇਟਰੀ ਦੀ ਦੁਕਾਨ ਵਿਚ ਦਾਖਲ ਹੋ ਕੇ ਦੁਕਾਨਦਾਰ ਨਾਲ ਮਾਰਕੁੱਟ ਕਰਨ ਦੇ ਦੋਸ਼ 'ਚ ਟਾਂਡਾ ਪੁਲਸ ਨੇ ਤਿੰਨ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਮਾਰਕੁੱਟ ਦਾ ਸ਼ਿਕਾਰ ਹੋਏ ਕਰਤਾਰ ਸਿੰਘ ਪੁੱਤਰ ਮੁੰਦਰੀ ਰਾਮ ਨਿਵਾਸੀ ਹੰਬੜਾਂ ਦੇ ਬਿਆਨ ਦੇ ਆਧਾਰ 'ਤੇ ਜਸਵੀਰ ਸਿੰਘ ਪੁੱਤਰ ਮਿੱਠਾ ਰਾਮ ਨਿਵਾਸੀ ਹੰਬੜਾਂ ਅਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਆਪਣੇ ਬਿਆਨ 'ਚ ਕਰਤਾਰ ਨੇ ਦੱਸਿਆ ਕਿ ਬੀਤੀ ਸ਼ਾਮ ਆਪਣੀ ਦੁਕਾਨ 'ਤੇ ਮੌਜੂਦ ਸੀ ਕਿ ਦੋ ਵਿਅਕਤੀ ਉਸ ਦੀ ਦੁਕਾਨ 'ਤੇ ਆਏ ਅਤੇ ਕੁਝ ਸਾਮਾਨ ਦੇਣ ਲਈ ਕਹਿਣ ਲੱਗੇ ਜਦੋਂ ਉਹ ਸਾਮਾਨ ਲੈਣ ਲਈ ਥੋੜ੍ਹਾ ਪਿੱਛੇ ਹੋਇਆ ਤਾਂ ਉਨ੍ਹਾਂ ਉਸ ਦੇ ਪੈਸਿਆਂ ਵਾਲੇ ਗੱਲੇ ਨੂੰ ਹੱਥ ਪਾ ਲਿਆ। ਕਰਤਾਰ ਨੇ ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਉਹ ਉਸ ਨਾਲ ਮਾਰਕੁੱਟ ਕਰਨ ਲੱਗ ਪਏ। ਇੰਨੇ ਨੂੰ ਉਨ੍ਹਾਂ ਦਾ ਤੀਸਰਾ ਸਾਥੀ ਵੀ ਉੱਥੇ ਆ ਗਿਆ, ਜਿਸ ਨੇ ਆਪਣਾ ਮੂੰਹ ਬੰਨ੍ਹਿਆ ਹੋਇਆ ਸੀ। ਉਸ ਨੇ ਕੰਡੇ ਦੇ ਵੱਟੇ ਅਤੇ ਫਿਰ ਦਾਤਰ ਨਾਲ ਵਾਰ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। 
ਹੱਥੋਪਾਈ 'ਚ ਨਕਾਬਪੋਸ਼ ਦਾ ਮੂੰਹ 'ਤੇ ਬੰਨ੍ਹਿਆ ਰੁਮਾਲ ਖੁੱਲ੍ਹ ਗਿਆ। ਇਹ ਨਕਾਬਪੋਸ਼ ਉਸ ਦੇ ਪਿੰਡ ਦਾ ਹੀ ਜਸਵੀਰ ਨਿਕਲਿਆ। ਇੰਨੇ ਨੂੰ ਰੌਲਾ ਸੁਣ ਕੇ ਦੁਕਾਨਦਾਰ ਦਾ ਕਰਿੰਦਾ ਦਿਨੇਸ਼ ਉੱਥੇ ਆ ਗਿਆ ਤਾਂ ਸਾਰੇ ਮੌਕੇ ਤੋਂ ਫ਼ਰਾਰ ਹੋ ਗਏ। ਦੌੜਦੇ ਸਮੇਂ ਜਸਵੀਰ ਨੇ ਗੱਲੇ ਵਿਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਅਤੇ ਦੌੜਦੇ ਸਮੇਂ ਪੌੜੀਆਂ ਵਿਚ ਡਿੱਗ ਗਿਆ, ਜਿਸ ਕਾਰਨ ਉਸ ਦੇ ਸਿਰ 'ਤੇ ਸੱਟ ਲੱਗੀ। ਟਾਂਡਾ ਪੁਲਸ ਨੇ ਮਾਮਲਾ ਦਰਜ ਕਰ ਕੇ ਮਾਮਲੇ ਦੀ ਸੱਚਾਈ ਦਾ ਪਤਾ ਲਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।


Related News