ਨਾਬਾਲਗਾ ਨੂੰ ਅਗਵਾ ਕਰਨ ਤੇ ਜਾਨੋਂ ਮਾਰਨ ਦੀ ਨੀਅਤ ਦੇ ਦੋਸ਼ ''ਚ 5 ਖਿਲਾਫ ਕੇਸ ਦਰਜ

12/13/2017 7:29:21 AM

ਸੁਲਤਾਨਪੁਰ ਲੋਧੀ, (ਧੀਰ)- ਨਾਬਾਲਗਾ ਨੂੰ ਅਗਵਾ ਕਰ ਕੇ ਤੇ ਉਸ ਨੂੰ ਜਾਨ ਤੋਂ ਮਾਰਨ ਦੀ ਨੀਯਤ ਦੇ ਦੋਸ਼ 'ਚ ਥਾਣਾ ਸੁਲਤਾਨਪੁਰ ਲੋਧੀ ਪੁਲਸ ਨੇ 1 ਔਰਤ ਸਮੇਤ 5 ਜਣਿਆਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਮੁਹੱਲਾ ਜਵਾਲਾ ਸਿੰਘ ਨਗਰ ਦੇ ਵਾਸੀ ਰਣਧੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸ ਦੀ ਭਤੀਜੀ ਪੁੱਤਰੀ ਹਰਚਰਨ ਸਿੰਘ, ਜੋ ਕਿ ਨਾਬਾਲਗ ਹੈ, ਨੂੰ ਸਵੇਰੇ 3 ਵਿਅਕਤੀਆਂ ਰਾਕੇਸ਼ ਕੁਮਾਰ ਉਰਫ ਨੀਟੂ, ਰਾਜਾ ਮੁਨਿਆਰੀ ਵਾਲਾ ਦੋਵੇਂ ਵਾਸੀ ਸੁਲਤਾਨਪੁਰ ਲੋਧੀ, ਸੋਨੂੰ ਵਾਸੀ ਪਿੰਡ ਬੂਸੋਵਾਲ ਤੇ ਇਨ੍ਹਾਂ ਦੇ ਨਾਲ ਅਣਪਛਾਤੀ ਔਰਤ ਤੇ ਇਕ ਵਿਅਕਤੀ ਉਸ ਦੇ ਤੇ ਭਰਾ ਦੇ ਸਾਂਝੇ ਘਰੋਂ ਜ਼ਬਰਦਸਤੀ ਅਗਵਾ ਕਰ ਕੇ ਲੈ ਗਏ ਹਨ, ਜਿਸ ਦੀ ਕਾਫੀ ਭਾਲ ਕੀਤੀ ਗਈ। 
ਉਕਤ ਲੜਕੀ ਜਬਰ-ਜ਼ਨਾਹ ਦੀ ਪੀੜਤ ਹੈ, ਜਿਸ ਸਬੰਧੀ ਮੁਕੱਦਮਾ ਨੰ. 349 ਮਿਤੀ 21 ਨਵੰਬਰ, 2017 ਅਧੀਨ ਧਾਰਾ 363, 366, 34 ਆਈ. ਪੀ. ਸੀ. ਤਹਿਤ ਥਾਣਾ ਸੁਲਤਾਨਪੁਰ ਲੋਧੀ 'ਚ ਦਰਜ ਹੈ, ਜਿਸ 'ਚ ਮਣੀ ਪੁੱਤਰ ਅਮਰਜੀਤ ਸਿੰਘ, ਰਾਜੀਵ ਧੀਰ ਪੁੱਤਰ ਹਰੀਸ਼ਪਾਲ ਤੇ ਅਮਰਜੀਤ ਸਿੰਘ ਵਾਸੀ ਮੁਹੱਲਾ ਧੀਰਾ ਸੁਲਤਾਨਪੁਰ ਲੋਧੀ ਨਾਮਜ਼ਦ ਹਨ। 
ਉਸ ਨੇ ਦੋਸ਼ ਲਾਉਂਦੇ ਕਿਹਾ ਕਿ ਉਕਤ ਮੁਕੱਦਮੇ 'ਚ ਦੋਸ਼ੀ ਰਾਜੀਵ ਧੀਰ ਦੇ ਕਹਿਣ 'ਤੇ ਉਸ ਦੀ ਭਤੀਜੀ ਨੂੰ ਅਗਵਾ ਕੀਤਾ ਗਿਆ ਹੈ। ਉਸ ਦੀ ਭਤੀਜੀ ਨਾਬਾਲਗ ਹੈ, ਉਸ ਦੀ ਉਮਰ 16 ਸਾਲ ਹੈ। ਉਸ ਨੇ ਕਿਹਾ ਕਿ ਉਸ ਦੀ ਭਤੀਜੀ ਨੂੰ ਮਾਰ ਦੇਣ ਦੀ ਨੀਅਤ ਨਾਲ ਅਗਵਾ ਦੀ ਵਾਰਦਾਤ ਕੀਤੀ ਹੈ ਤੇ ਉਸ ਨੂੰ ਖਦਸ਼ਾ ਹੈ ਕਿ ਉਕਤ ਅਗਵਾਕਾਰ ਉਸ ਦੀ ਭਤੀਜੀ ਨੂੰ ਡਰਾ-ਧਮਕਾ ਕੇ ਕਿਸੇ ਵੀ ਦਫਤਰ ਮਹਿਕਮਾ ਪੁਲਸ ਜਾਂ ਮਾਣਯੋਗ ਅਦਾਲਤ 'ਚ ਕਿਸੇ ਵੀ ਕਿਸਮ ਦੇ ਬਿਆਨ ਦਵਾ ਸਕਦੇ ਹਨ ਜਾਂ ਉਸ ਦਾ ਜਾਨੀ ਨੁਕਸਾਨ ਕਰ ਸਕਦੇ ਕਿਉਂਕਿ ਉਕਤ ਦੋਸ਼ੀ ਮੁਕੱਦਮਾ ਦਰਜ ਹੋਣ ਤੋਂ ਬਾਅਦ ਲਗਾਤਾਰ ਉਸ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਇਸ ਲਈ ਉਸ ਦੀ ਅਗਵਾ ਕੀਤੀ ਭਤੀਜੀ ਦੀ ਭਾਲ ਕਰ ਕੇ ਉਸ ਦੇ ਤੇ ਉਸ ਦੇ ਪਰਿਵਾਰ ਦੀ ਜਾਨ ਦੀ ਰਾਖੀ ਕੀਤੀ ਜਾਵੇ। 


Related News