ਗੁਰਦਾਸਪੁਰ ਦੀ ਜਨਤਾ ਨੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ''ਤੇ ਮੋਹਰ ਲਾ ਕੇ ਜਾਖੜ ਨੂੰ ਜਿਤਾਇਆ : ਚੀਮਾ

10/20/2017 10:21:07 AM


ਸੁਲਤਾਨਪੁਰ ਲੋਧੀ (ਧੀਰ) - ਭਾਜਪਾ ਨੇਤਾ ਤੇ ਫਿਲਮ ਸਟਾਰ ਵਿਨੋਦ ਖੰਨਾ ਦੀ ਮੌਤ ਉਪਰੰਤ ਖਾਲੀ ਹੋਈ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਹੋਈ ਜ਼ਿਮਨੀ ਚੋਣ 'ਚ ਗੁਰਦਾਸਪੁਰ ਦੀ ਜਨਤਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਸਫਲ ਕਾਰਗੁਜ਼ਾਰੀ 'ਤੇ ਮੋਹਰ ਲਾ ਕੇ ਕਾਂਗਰਸ ਉਮੀਦਵਾਰ ਸੁਨੀਲ ਜਾਖੜ ਨੂੰ ਬਹੁਤ ਵੱਡੇ ਵੋਟ ਅੰਤਰ ਨਾਲ ਜਿਤਾਇਆ ਹੈ। ਇਹ ਸ਼ਬਦ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਆਖੇ। 
ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਨੂੰ ਤਾਂ ਹਾਰ ਦਾ ਸਾਹਮਣਾ ਕਰਨਾ ਹੀ ਪਿਆ ਪਰ ਸਭ ਤੋਂ ਬੁਰੀ ਹਾਰ ਆਮ ਆਦਮੀ ਪਾਰਟੀ ਦੀ ਹੋਈ। ਉਨ੍ਹਾਂ ਇਹ ਵੀ ਕਿਹਾ ਕਿ 'ਆਪ' ਅਤੇ ਅਕਾਲੀ-ਭਾਜਪਾ ਪਾਰਟੀਆਂ ਦੇ ਦਿੱਗਜ ਨੇਤਾ ਵੱਡੀਆਂ-ਵੱਡੀਆਂ ਗੱਲਾਂ ਕਰ ਕੇ ਜਨਤਾ ਨੂੰ ਗੁੰਮਰਾਹ ਕਰ ਰਹੇ ਹਨ, ਜਦਕਿ ਕੈਪਟਨ ਸਰਕਾਰ ਜਨਤਾ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਨ ਨੂੰ ਤਰਜੀਹ ਦੇ ਰਹੀ ਹੈ। ਵਿਧਾਇਕ ਚੀਮਾ ਨੇ ਕਿਹਾ ਕਿ ਲੋਕ ਸਭਾ ਚੋਣਾਂ 2019 ਦੌਰਾਨ ਪੰਜਾਬ 'ਚੋਂ 'ਆਪ' ਅਤੇ ਅਕਾਲੀ-ਭਾਜਪਾ ਗੱਠਜੋੜ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ ਅਤੇ ਆਗਾਮੀ ਨਗਰਪਾਲਿਕਾ ਤੇ ਕਾਰਪੋਰੇਸ਼ਨਾਂ ਦੀਆਂ ਚੋਣਾਂ 'ਚ ਵੀ ਲੋਕ ਕਾਂਗਰਸੀ ਉਮੀਦਵਾਰਾਂ ਨੂੰ ਬਹੁਮਤ ਨਾਲ ਜਿਤਾਉਣਗੇ। ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਸੱਤਾ ਦੇ ਨਸ਼ੇ 'ਚ ਲਏ ਗਏ ਲੋਕ ਵਿਰੋਧੀ ਫੈਸਲਿਆਂ ਕਾਰਨ ਦੇਸ਼ ਭਰ ਦੀ ਦੁਖੀ ਜਨਤਾ ਭਾਜਪਾ ਤੇ ਉਨ੍ਹਾਂ ਦੀਆਂ ਹਮਖਿਆਲੀ ਪਾਰਟੀਆਂ ਤੋਂ ਮੂੰਹ ਮੋੜ ਰਹੀ ਹੈ। ਉਨ੍ਹਾਂ ਸਾਬਕਾ ਅਕਾਲੀ-ਭਾਜਪਾ ਨੂੰ ਲੰਬੇ ਹੱਥੀਂ ਲੈਂਦਿਆਂ ਕਿਹਾ ਕਿ ਪਿਛਲੇ 10 ਸਾਲ ਸੱਤਾ ਦਾ ਸੁੱਖ ਭੋਗਣ ਵਾਲੇ ਅਕਾਲੀ ਤੇ ਭਾਜਪਾ ਆਗੂਆਂ ਨੇ ਸਰਕਾਰੀ ਖਜ਼ਾਨੇ ਦੀ ਰੱਜ ਕੇ ਦੁਰਵਰਤੋਂ ਕੀਤੀ, ਜਿਸ ਕਰਕੇ ਪੰਜਾਬ ਦੇ ਸਿਰ ਅਰਬਾਂ ਰੁਪਏ ਦਾ ਕਰਜ਼ਾ ਚੜ੍ਹਿਆ ਹੈ ਤੇ ਬਾਦਲਾਂ ਦੀ ਨਾਲਾਇਕੀ ਕਾਰਨ ਪੰਜਾਬ 'ਚ ਨਸ਼ੇ ਅਤੇ ਬੇਰੁਜ਼ਗਾਰੀ ਵਧੀ ਹੈ, ਜਿਨ੍ਹਾਂ ਨੂੰ ਠੱਲ੍ਹ ਪਾਉਣ ਲਈ ਕੈਪਟਨ ਸਰਕਾਰ ਤਨਦੇਹੀ ਨਾਲ ਨਿਰੰਤਰ ਲੋੜੀਂਦੇ ਠੋਸ ਉਪਰਾਲੇ ਕਰ ਰਹੀ ਹੈ।


Related News