ਕਰਜ਼ ਮੁਆਫੀ ਦੇ ਨੋਟੀਫਿਕੇਸ਼ਨ ਜਾਰੀ ਕਰਨ ਦੇ ਮੁੱਦੇ ''ਤੇ ਵਿਰੋਧੀ ਧਿਰਾਂ ਨੇ ਇਕ ਵਾਰ ਫੇਰ ਘੇਰੀ ਕਾਂਗਰਸ

10/20/2017 3:40:36 PM

ਚੰਡੀਗੜ੍ਹ (ਮਨਮੋਹਨ) — ਪੰਜਾਬ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਕਰਜ਼ ਮੁਆਫੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਦੇ ਤਹਿਤ ਸਰਕਾਰ ਨੇ ਸੂਬੇ ਦੇ ਕਰੀਬ ਸਵਾ ਦਸ ਲੱਖ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ 5 ਏਕੜ ਤੋਂ ਘੱਟ ਜ਼ਮੀਨ ਵਾਲੇ ਕਿਸਾਨਾਂ ਦਾ 2 ਲੱਖ ਤਕ ਦਾ ਕਰਜ਼ ਮੁਆਫ ਕਰਨ ਦਾ ਫੈਸਲਾ ਕੀਤਾ ਹੈ। ਉਥੇ ਹੀ ਸਰਕਾਰ ਦੇ ਇਸ ਨੋਟੀਫਿਕੇਸ਼ਨ 'ਤੇ ਵਿਰੋਧੀ ਪਾਰਟੀਆਂ ਨੇ ਵੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਸਰਕਾਰ 'ਤੇ ਕਿਸਾਨਾਂ ਦਾ ਪੂਰਾ ਕਰਜ਼ ਮੁਆਫ ਕਰਨ ਦੇ ਵਾਅਦੇ ਤੋਂ ਮੁਕਰਨ ਦੇ ਦੋਸ਼ ਲਗਾਏ ਹਨ।
ਕਿਸਾਨ ਕਰਜ਼ ਮੁਆਫੀ ਦੇ ਨੋਟੀਫਿਕੇਸ਼ਨ ਜਾਰੀ ਹੋਣ ਨੂੰ ਲੈ ਕੇ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨੇ ਸਰਕਾਰ ਦੇ ਇਸ ਫੈਸਲੇ ਨੂੰ ਲੋਕਾਂ ਨਾਲ ਧੋਖਾ ਦੱਸਿਆ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਕਰਜ਼ ਮੁਆਫੀ ਦੇ ਲਈ ਬਜਟ 'ਚ 1500 ਕਰੋੜ ਰੁਪਏ ਦਾ ਟੀਚਾ ਰੱਖਿਆ ਸੀ, ਜਦ ਕਿ ਬਾਅਦ 'ਚ ਸਰਕਾਰ ਨੇ ਕਿਹਾ ਕਿ 10 ਲੱਖ ਤੋਂ ਉਪਰ ਕਿਸਾਨਾਂ ਦਾ ਕਰਜ਼ ਮੁਆਫ ਕਰਨ ਲਈ 9500 ਕਰੋੜ ਦੀ ਜ਼ਰੂਰਤ ਹੈ ਪਰ ਉਨ੍ਹਾਂ ਦੇ ਹਿਸਾਬ ਨਾਲ ਸਵਾ ਦਸ ਲੱਖ ਕਿਸਾਨਾਂ ਦੇ 2 ਲੱਖ ਤੱਕ ਦੇ ਕਰਜ਼ ਮੁਆਫੀ ਦੇ ਲਈ 20 ਹਜ਼ਾਰ ਕਰੋੜ ਰੁਪਏ ਤੋਂ ਵੀ ਉਪਰ ਦੀ ਰਕਮ ਦੀ ਜ਼ਰੂਰਤ ਹੈ। ਖਹਿਰਾ ਨੇ ਕਿਹਾ ਕਿ ਸਰਕਾਰ ਇਕ ਪਾਸੇ ਤਾਂ ਉਸ ਦੇ ਕੋਲ ਖਜ਼ਾਨਾ ਖਾਲੀ ਹੋਣ ਦੀ ਗੱਲ ਕਰ ਰਹੀ ਹੈ, ਜਦ ਕਿ ਸਰਕਾਰ ਨੂੰ ਸਪੱਸ਼ਟ ਇਹ ਕਰਨਾ ਚਾਹੀਦਾ ਹੈ ਕਿ ਕਿਸਾਨਾਂ ਦੀ ਕਰਜ਼ ਮੁਆਫੀ ਲਈ ਇਹ ਰਾਸ਼ੀ ਕਿਥੋਂ ਮੁਹੱਈਆ ਕਰਵਾਏਗੀ। ਖਹਿਰਾ ਨੇ ਕਿਹਾ ਕਿ ਉਮੀਦ ਕਰਦੇ ਹਾਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਵਾਅਦੇ ਦੇ ਮੁਤਾਬਕ ਕਿਸਾਨਾਂ ਦੇ ਪੂਰੇ ਕਰਜ਼ੇ ਮੁਆਫ ਕਰਨਗੇ। ਜਿਸ 'ਚ ਆੜ੍ਹਤੀਏ ਦੇ ਕਰਜ਼ ਸਮੇਤ ਕੌਮਾਂਤਰੀ ਤੇ ਸਹਿਕਾਰੀ ਬੈਂਕਾਂ ਦੇ ਕਰਜ਼ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਦੱਸੇ ਕਿ ਇਹ ਫੰਡ ਕਿਥੋਂ ਮੁਹੱਈਆ ਕਰਵਾਇਆ ਜਾਵੇਗਾ।
ਉਥੇ ਹੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਸਰਕਾਰ ਖੁਦ ਇਸ ਗੱਲ ਦਾ ਢਿੰਡੋਰਾ ਪਿੱਟ ਰਹੀ ਹੈ ਕਿ ਸਰਕਾਰੀ ਖਜ਼ਾਨੇ 'ਚ ਪੈਸਾ ਨਹੀਂ ਹੈ ਤੇ ਜੇਕਰ ਇਹ ਗੱਲ ਸੱਚ ਹੈ ਤਾਂ ਸਰਕਾਰ ਨੋਟੀਫਿਕੇਸ਼ਨ ਕਿਸ ਗੱਲ ਦੀ ਜਾਰੀ ਕਰ ਰਹੀ ਹੈ। ਬਰਾੜ ਨੇ ਕਿਹਾ ਕਿ ਜਿੰਨੀ ਦੇਰ ਤਕ ਕਿਸਾਨਾਂ ਦੇ ਖਾਤੇ 'ਚ ਪੈਸੇ ਨਹੀਂ ਆਉਂਦੇ, ਉਨ੍ਹੀਂ ਦੇਰ ਸਰਕਾਰ ਦੀਆਂ ਗੱਲਾਂ 'ਤੇ ਯਕੀਨ ਕਰਨਾ ਮੁਸ਼ਕਲ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ 'ਚ ਕਿਸਾਨਾਂ ਦੇ ਡਿਫਾਲਟਰ ਹੋਣ ਦੇ ਚਲਦੇ ਉਨ੍ਹਾਂ ਨੂੰ ਫਸਲਾ ਲਈ ਖਾਦ ਨਹੀਂ ਮਿਲ ਪਾ ਰਹੀ। ਇਸ ਲਈ ਸਰਕਾਰ ਨੂੰ ਕਿਸਾਨਾਂ ਨਾਲ ਵਾਰ-ਵਾਰ ਮਜ਼ਾਕ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਜਲਦ ਤੋਂ ਜਲਦ ਆਪਣੇ ਵਾਅਦੇ ਦੇ ਮੁਤਾਬਕ ਕਿਸਾਨਾਂ ਦਾ ਸਾਰਾ ਕਰਜ਼ ਮੁਆਫ ਕਰਨਾ ਚਾਹੀਦਾ ਹੈ।
ਇਸ ਮੁੱਦੇ ਸੰਬੰਧੀ ਭਾਜਪਾ ਦੇ ਸੂਬਾ ਪ੍ਰਧਾਨ ਵਿਨੀਤ ਜੋਸ਼ੀ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਕਰਜ਼ ਮੁਆਫੀ ਨੂੰ ਲੈ ਕੇ ਉਨ੍ਹਾਂ ਨਾਲ ਮਜ਼ਾਕ ਕਰ ਰਹੀ ਹੈ, ਜਦ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਪੂਰਾ ਕਰਜ਼ ਮੁਆਫੀ ਦਾ ਵਾਅਦਾ ਕੀਤਾ ਸੀ। ਜੋਸ਼ੀ ਨੇ ਕਿਹਾ ਕਿ ਸਿਰਫ 2 ਲੱਖ ਰੁਪਏ ਦੇ ਕਰਜ਼ ਮੁਆਫੀ ਦੇ ਨੋਟੀਫਿਕੇਸ਼ ਜਾਰੀ ਕਰਨੇ ਕਿਸਾਨਾਂ ਨਾਲ ਇਕ ਕੋਝਾ ਮਜ਼ਾਕ ਹੈ।


Related News