ਸੱਤਾ ਤਬਦੀਲੀ ਨਾਲ ਲੋਕ ਮੁੱਦੇ ਮੁੱਕੇ ਜਾਂ ''ਆਪ'' ਦੇ ''ਯੋਧੇ''?

06/27/2017 8:32:54 AM

ਜਗਰਾਓਂ (ਜਸਬੀਰ ਸ਼ੇਤਰਾ)–ਕੈਪਟਨ ਸਰਕਾਰ ਸੌ ਦਿਨ ਪੂਰੇ ਹੋਣ 'ਤੇ ਕੀਤੇ ਸੌ ਕੰਮ ਗਿਣਾ ਰਹੀ ਹੈ। ਕਾਂਗਰਸੀ ਹਲਕੇ ਇਨ੍ਹਾਂ ਸੌ ਦਿਨਾਂ ਨੂੰ ਅਹਿਮ ਪ੍ਰਾਪਤੀ ਵਜੋਂ ਦਰਸਾ ਕੇ ਜਸ਼ਨ ਮਨਾ ਰਹੇ ਹਨ। ਲੋਕ ਮਨਾਂ 'ਚ ਇਕ ਸਵਾਲ ਆ ਰਿਹਾ ਹੈ ਕਿ ਕਾਂਗਰਸ ਦੇ ਸੌ ਦਿਨਾਂ ਦੇ ਕਾਰਜਕਾਲ 'ਚ ਕੀ ਪੰਜਾਬ ਦੇ ਸਾਰੇ ਮਸਲੇ, ਸਮੱਸਿਆਵਾਂ ਤੇ ਮੰਗਾਂ ਦਾ ਹੱਲ ਹੋ ਗਿਆ ਹੈ? ਚੋਣਾਂ ਤੋਂ ਪਹਿਲਾਂ ਹਰ ਸ਼ਹਿਰ ਦੀ ਛੋਟੀ ਤੋਂ ਵੱਡੀ ਸਮੱਸਿਆ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਾਲੰਟੀਅਰ ਸੜਕਾਂ 'ਤੇ ਹੀ ਰਹਿੰਦੇ ਸਨ। ਲੋਕਾਂ ਦੇ ਰੋਜ਼ਾਨਾ ਦੇ ਕੰਮਕਾਜ ਨਾਲ ਜੁੜੀਆਂ ਦਿੱਕਤਾਂ ਨੂੰ ਇਹੋ ਪਾਰਟੀ ਉਭਾਰ ਰਹੀ ਸੀ ਤੇ ਲੋਕਾਂ ਦਾ ਭਰਪੂਰ ਹੁੰਗਾਰਾ ਵੀ ਮਿਲ ਰਿਹਾ ਸੀ। 'ਆਪ' ਆਗੂ ਵੀ ਹਰ ਥਾਂ ਸੱਤਾ ਦੀ ਥਾਂ ਸਿਸਟਮ ਬਦਲਣ ਦੀ ਗੱਲ ਕਰਦੇ ਸਨ ਪਰ ਅਚਾਨਕ ਇਹ ਸਾਰਾ ਕੁਝ ਦ੍ਰਿਸ਼ ਵਿਚੋਂ ਗਾਇਬ ਹੋ ਗਿਆ ਹੈ।
ਛੋਟੀ ਜਿਹੀ ਘਟਨਾ ਜਾਂ ਵਧੀਕੀ 'ਤੇ ਸੜਕਾਂ ਮੱਲਣ ਵਾਲੇ 'ਆਪ' ਵਾਲੰਟੀਅਰ ਇਕ ਕਾਂਗਰਸੀ ਮੰਤਰੀ ਦੇ ਖ਼ਾਨਸਾਮੇ ਸਮੇਤ ਤਿੰਨ ਮੁਲਾਜ਼ਮਾਂ ਦੇ ਰੇਤ ਖੱਡਾਂ ਲੈਣ, ਕਿਸਾਨ ਖ਼ੁਦਕੁਸ਼ੀਆਂ, ਨਸ਼ਿਆਂ ਆਦਿ ਦੇ ਵੱਡੇ ਮੁੱਦਿਆਂ 'ਤੇ ਵੀ ਹੁਣ ਖਾਮੋਸ਼ ਹਨ। ਸੂਬਾਈ ਵੱਡੇ ਮਸਲੇ ਛੱਡ ਕੇ ਹਰ ਸ਼ਹਿਰ ਨਾਲ ਜੁੜੇ ਛੋਟੇ ਮਸਲਿਆਂ ਵਿਚ ਵੀ 'ਆਪ' ਦੀ ਗ਼ੈਰ ਸਰਗਰਮੀ ਲੋਕਾਂ ਨੂੰ ਰੜਕ ਰਹੀ ਹੈ। ਸੂਬੇ ਦੇ ਹੋਰਨਾਂ ਸ਼ਹਿਰਾਂ ਵਾਂਗ ਜਗਰਾਓਂ ਇਲਾਕੇ ਦੀਆਂ ਸਮੱਸਿਆਵਾਂ ਅੱਜ ਵੀ ਮੂੰਹ ਅੱਡੀ ਖੜ੍ਹੀਆਂ ਹਨ। ਕਰੋੜਾਂ ਦਾ ਕਾਰੋਬਾਰ ਕਰਦੀ ਇਥੋਂ ਦੀ ਪੁਰਾਣੀ ਦਾਣਾ ਮੰਡੀ ਇਕੋ ਮੀਂਹ ਨਾਲ ਭਰ ਜਾਂਦੀ ਹੈ, ਨਵੀਂ ਦਾਣਾ ਮੰਡੀ 'ਚ ਮੂੰਗੀ ਤੇ ਮੱਕੀ ਦੀ ਸਹੀ ਤਰੀਕੇ ਨਾਲ ਨਾ ਤਾਂ ਖਰੀਦ ਹੋ ਰਹੀ ਹੈ ਤੇ ਨਾ ਹੀ ਵਾਜਬ ਮੁੱਲ ਮਿਲ ਰਿਹਾ ਹੈ, ਮਾਲ ਮਹਿਕਮੇ ਤੋਂ ਲੈ ਕੇ ਥਾਣੇ ਤੇ ਨਗਰ ਕੌਂਸਲ 'ਚ ਭ੍ਰਿਸ਼ਟਾਚਾਰ ਵੀ ਸਾਲ ਪਹਿਲਾਂ ਤੇਜ਼ੀ ਨਾਲ ਉੱਭਰਿਆ, ਇਸ ਪਾਰਟੀ ਲਈ ਹੁਣ ਕੋਈ ਮੁੱਦਾ ਨਹੀਂ ਰਿਹਾ ਜਾਪਦਾ।
ਇਸੇ ਪਾਰਟੀ ਦੇ ਵਾਲੰਟੀਅਰ ਪਿਛਲੇ ਸਾਲ ਇਨ੍ਹਾਂ ਦਿਨਾਂ 'ਚ ਉਕਤ ਮਸਲਿਆਂ ਨੂੰ ਲੈ ਕੇ ਧਰਨੇ ਮੁਜ਼ਾਹਰੇ ਕਰ ਰਹੇ ਸਨ। ਪੰਜਾਬ ਵਿਧਾਨ ਸਭਾ 'ਚ ਪੱਗਾਂ ਲੱਥਣ ਤੇ 'ਆਪ' ਵਿਧਾਇਕਾਂ ਨਾਲ ਵਧੀਕੀ ਨੂੰ ਲੈ ਕੇ ਜ਼ਰੂਰ ਕਈ ਥਾਵਾਂ 'ਤੇ ਪਾਰਟੀ ਨੇ ਮੁਜ਼ਾਹਰੇ ਕੀਤੇ ਪਰ ਇਨ੍ਹਾਂ 'ਚ ਵੀ ਹਾਜ਼ਰੀ ਤੇ ਜੋਸ਼ ਪਹਿਲਾਂ ਵਾਲਾ ਨਜ਼ਰ ਨਹੀਂ ਆਇਆ। 
ਚੋਣਾਂ ਤੋਂ ਪਹਿਲਾਂ 'ਆਪ' ਨਾਲ ਜੁੜੇ ਕਈ ਵਰਗਾਂ ਨਾਲ ਸਬੰਧਤ ਵੱਡੀ ਗਿਣਤੀ ਲੋਕਾਂ ਨੇ ਹੁਣ ਪੈਰ ਪਿਛਾਂਹ ਖਿੱਚ ਲਏ ਹਨ। ਗੱਲਬਾਤ ਦੌਰਾਨ ਆਮ ਲੋਕ ਵੀ ਸੋਚਣ ਲੱਗੇ ਹਨ ਕਿ 'ਆਪ' ਦਾ ਸੰਘਰਸ਼ ਸੱਤਾ ਪ੍ਰਾਪਤੀ ਲਈ ਹੀ ਸੀ ਤੇ ਉਸ 'ਚ ਅਸਫ਼ਲ ਰਹਿਣ 'ਤੇ ਇਹ 'ਠੰਡੀ' ਪੈ ਗਈ ਹੈ। ਪਾਰਟੀ ਨਾਲ ਜੁੜੇ ਸਭ ਤੋਂ ਪੁਰਾਣੇ ਤੇ ਸਿਰਕੱਢ ਆਗੂ ਨੇ ਮੰਨਿਆ ਕਿ ਨਾ ਤਾਂ ਹੁਣ ਹਾਈ ਕਮਾਂਡ ਵੱਲੋਂ ਕੋਈ ਪ੍ਰੋਗਰਾਮ ਆ ਰਿਹਾ ਹੈ ਤੇ ਨਾ ਹੀ ਸਥਾਨਕ ਪੱਧਰ 'ਤੇ ਅਜਿਹੀ ਕੋਈ ਸਰਗਰਮੀ ਹੈ।


Related News