ਕੈਪਟਨ ਸਰਕਾਰ ਦਾ ਬਜਟ ਹਰ ਵਰਗ ਲਈ ਲਾਹੇਵੰਦ : ਨਰਿੰਦਰ ਸੱਗੂ

06/26/2017 10:23:19 AM

ਅੰਮ੍ਰਿਤਸਰ - ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੈਪਟਨ ਸਰਕਾਰ ਦਾ ਪਹਿਲਾ ਬਜਟ ਪੇਸ਼ ਕਰ ਕੇ ਜਨਤਾ ਨਾਲ ਕੀਤੇ ਗਏ ਵਾਅਦੇ ਨਿਭਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਸ਼ਬਦ ਕਾਂਗਰਸ ਕਮੇਟੀ ਬੈਕਵਰਡ ਸੈੱਲ ਪੰਜਾਬ ਦੇ ਜਨਰਲ ਸਕੱਤਰ ਨਰਿੰਦਰ ਸਿੰਘ ਸੱਗੂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੇ।  ਉਨ੍ਹਾਂ ਕਿਹਾ ਕਿ ਇਹ ਬਜਟ ਹਰ ਵਰਗ ਦੇ ਲੋਕਾਂ ਲਈ ਰਾਹਤ ਨਾਲ ਭਰਪੂਰ ਹੈ ਤੇ ਇਸ ਬਜਟ ਨਾਲ ਚੋਣਾਂ ਦੇ ਵਾਅਦੇ ਨੂੰ ਪੂਰਾ ਕਰਨ ਲਈ ਸਰਕਾਰ ਨੇ ਪਹਿਲਾ ਕਦਮ ਚੁੱਕਿਆ ਹੈ ਤੇ ਇਸ ਨਾਲ ਹਰ ਵਰਗ 'ਚ ਖੁਸ਼ੀ ਪਾਈ ਜਾ ਰਹੀ ਹੈ। ਛੋਟੇ ਕਿਸਾਨ ਜਿਨ੍ਹਾਂ ਦੀ ਜ਼ਮੀਨ 5 ਏਕੜ ਤੋਂ ਘੱਟ ਹੈ, ਦੇ ਫਸਲੀ ਕਰਜ਼ੇ ਮੁਆਫ ਕਰ ਦਿੱਤੇ ਗਏ ਹਨ। ਦਮ ਤੋੜ ਰਹੀ ਇੰਡਸਟਰੀ ਨੂੰ ਸਸਤੀ ਬਿਜਲੀ ਦਿੱਤੀ ਜਾਵੇਗੀ। ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਪਲਾਈ ਜਾਰੀ ਰਹੇਗੀ। ਇਸ ਤੋਂ ਇਲਾਵਾ ਪ੍ਰਾਪਰਟੀ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਸਟੈਂਪ ਡਿਊਟੀ 3 ਫੀਸਦੀ ਘੱਟ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਲੜਕੀਆਂ ਦੀ ਪੀ. ਐੱਚ. ਡੀ. ਤੱਕ ਦੀ ਪੜ੍ਹਾਈ ਦਾ ਖਰਚ ਸਰਕਾਰ ਦੇਵੇਗੀ, ਨਾਲ ਹੀ ਆਸ਼ੀਰਵਾਦ ਸਕੀਮ ਨੂੰ 15 ਹਜ਼ਾਰ ਰੁਪਏ ਤੋਂ ਵਧਾ ਕੇ 21 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਖੁਦਕੁਸ਼ੀ ਕਰਨ ਵਾਲੇ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ ਤੇ ਮੁਆਵਜ਼ਾ ਰਾਸ਼ੀ 3 ਲੱਖ ਤੋਂ ਵਧਾ ਕੇ 5 ਲੱਖ ਕਰ ਦਿੱਤੀ ਗਈ ਹੈ। ਗਰੀਬਾਂ ਲਈ ਸਸਤੇ ਮਕਾਨ ਬਣਾਏ ਜਾਣਗੇ। ਸਰਕਾਰ ਸਕੂਲਾਂ ਦੇ ਸੁਧਾਰ ਲਈ ਫਰਨੀਚਰ ਤੇ ਸਟਾਫ ਮੁਹੱਈਆ ਕਰਵਾਏਗੀ। ਸੀਵਰੇਜ, ਵਾਟਰ ਸਪਲਾਈ ਤੇ ਹੋਰ ਵਿਕਾਸ ਸਕੀਮਾਂ ਦੀ ਬਜਟ ਰਾਸ਼ੀ ਦੁੱਗਣੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕੈਪਟਨ ਸਰਕਾਰ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾ ਰਿਹਾ ਹੈ ਤੇ ਇਸ ਬਜਟ ਤੋਂ ਹਰ ਵਰਗ ਖੁਸ਼ ਨਜ਼ਰ ਆ ਰਿਹਾ ਹੈ।


Related News