ਕੈਪਟਨ ਨੇ ਜਨਤਾ ਨੂੰ ਵਾਅਦਿਆਂ ਦੇ ਜਾਲ ''ਚ ਫਸਾ ਕੇ ਕੀਤੈ ਧੋਖਾ : ਡਾ. ਚਾਵਲਾ

09/22/2017 11:15:25 AM


ਹਰਿਆਣਾ (ਆਨੰਦ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਰਾਜ ਦੀ ਜਨਤਾ ਨੂੰ ਵਾਅਦਿਆਂ ਦੇ ਜਾਲ 'ਚ ਫਸਾ ਕੇ ਉਨ੍ਹਾਂ ਨਾਲ ਧੋਖਾ ਕੀਤਾ ਹੈ, ਜਿਸ ਕਾਰਨ ਹੁਣ ਲੋਕ ਆਪਣੇ-ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਲੋਕ ਲੁਭਾਉਣੇ ਵਾਅਦਿਆਂ ਨਾਲ ਸੱਤਾ ਹਾਸਲ ਕਰਨ ਤੋਂ ਬਾਅਦ ਹੁਣ ਕੈਪਟਨ ਸਰਕਾਰ ਵਾਅਦਿਆਂ ਤੋਂ ਪਿੱਛੇ ਹਟ ਰਹੀ ਹੈ। 

ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਸਾਬਕਾ ਮੰਤਰੀ ਡਾ. ਬਲਦੇਵ ਰਾਜ ਚਾਵਲਾ ਨੇ ਪਿੰਡ ਲਾਂਬੜਾ ਵਿਖੇ ਪੱਤਰਕਾਰਾਂ ਨਾਲ ਹੋਈ ਗਲਬਾਤ ਦੌਰਾਨ ਕੀਤਾ। ਡਾ. ਚਾਵਲਾ ਨੇ ਕਿਹਾ ਕਿ ਕੈਪਟਨ ਸਰਕਾਰ ਆਪਣੇ ਕੀਤੇ ਗਏ ਵਾਅਦਿਆਂ ਅਨੁਸਾਰ ਰਾਜ 'ਚ ਭ੍ਰਿਸ਼ਟਾਚਾਰ ਤੇ ਨਸ਼ਿਆਂ 'ਤੇ ਲਗਾਮ ਲਾਉਣ 'ਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ। ਰੇਤ ਅਤੇ ਬਜਰੀ ਦੇ ਮਾਮਲੇ 'ਚ ਵੀ ਸਰਕਾਰ ਦੀ ਨੀਤੀ ਲੋਕ ਵਿਰੋਧੀ ਸਿੱਧ ਹੋਈ ਹੈ ਜਿਸ ਕਾਰਨ ਰਾਜ ਦੀ ਜਨਤਾ ਨੂੰ ਹੁਣ ਰੇਤ ਅਤੇ ਬਜਰੀ ਵੀ ਪਹਿਲਾਂ ਨਾਲੋਂ ਕਿਤੇ ਮਹਿੰਗੇ ਭਾਅ ਖਰੀਦਣੀ ਪੈ ਰਹੀ ਹੈ। ਇਸ ਕਾਰਨ ਰਾਜ ਦਾ ਹਰ ਵਰਗ ਆਰਥਿਕ ਤੌਰ 'ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ।

ਕਿਸਾਨਾਂ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਚੋਣ ਐਲਾਨ ਪੱਤਰ 'ਚ ਕਿਸਾਨਾਂ ਨਾਲ ਕਰਜ਼ਾ ਮੁਆਫੀ ਦੇ ਕੀਤੇ ਵਾਅਦੇ ਨੂੰ ਪੂਰਾ ਨਾ ਕਰ ਕੇ ਕਿਸਾਨਾਂ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ। ਕਿਸਾਨੀ ਸਬੰਧੀ ਕੋਈ ਨੀਤੀ ਨਾ ਹੋਣ ਕਾਰਨ ਕਰਜ਼ੇ ਦੇ ਬੋਝ ਥੱਲੇ ਦੱਬਿਆ ਕਿਸਾਨ ਖੁਦਕੁਸ਼ੀਆਂ ਕਰਨ ਨੂੰ ਮਜਬੂਰ ਹੋ ਰਹੇ ਹਨ। ਹਰ ਫਰੰਟ 'ਤੇ ਫੇਲ ਹੋਈ ਕੈਪਟਨ ਸਰਕਾਰ ਦੇ 6 ਮਹੀਨੇ ਦੇ ਸ਼ਾਸਨ ਕਾਲ 'ਚ ਹੀ ਰਾਜ ਦੀ ਜਨਤਾ ਦਾ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ। 

ਇਸ ਮੌਕੇ ਉਨ੍ਹਾਂ ਨਾਲ ਬਲਵਿੰਦਰ ਕੁਮਾਰ ਬੱਬਾ ਭਾਜਪਾ ਓ. ਬੀ. ਸੀ. ਵਿੰਗ ਪੰਜਾਬ ਦੇ ਉਪ ਪ੍ਰਧਾਨ, ਡਾ. ਸਤੀਸ਼ ਮਲਹੋਤਰਾ, ਆਨੰਦ ਸ਼ਰਮਾ ਸਾਬਕਾ ਜ਼ਿਲਾ ਪ੍ਰਧਾਨ ਅੰਮ੍ਰਿਤਸਰ ਅਤੇ ਰਵਿੰਦਰ ਸਿੰਘ ਵੀ ਹਾਜ਼ਰ ਸਨ।


Related News