ਪੰਜਾਬ ਦਾ ਰਾਜਾ ਹੋਇਆ ''ਈਦ ਦਾ ਚੰਦ'', ਕੈਪਟਨ ਦੇ ਦਰਸ਼ਨਾਂ ਨੂੰ ਤਰਸਿਆ ਪੰਜਾਬ

06/26/2017 2:33:17 PM

ਬਠਿੰਡਾ— ਅੱਜ ਪੂਰੇ ਦੇਸ਼ ਭਰ 'ਚ ਈਦ-ਉਲ-ਫਿਤਰ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਰਾਜਾ ਯਾਨੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਈਦ ਦਾ ਚੰਦ ਹੋ ਗਏ ਹਨ। ਇਨ੍ਹਾਂ ਦੀ ਦੀਦ ਨੂੰ ਪੰਜਾਬ ਦੇ ਲੋਕ ਤਰਸ ਗਏ ਹਨ। ਉਨ੍ਹਾਂ ਨੇ ਆਪਣੀ ਹਕੂਮਤ ਦੇ ਮੁਢਲੇ 100 ਦਿਨਾਂ 'ਚੋਂ ਪੰਜਾਬ ਦੇ ਗੇੜੇ ਲਈ ਸਿਰਫ ਤਿੰਨ ਦਿਨ ਹੀ ਕੱਢੇ ਹਨ। ਪੰਜਾਬ ਦੇ 18 ਜ਼ਿਲਿਆਂ ਨੂੰ ਅਜੇ ਕੈਪਟਨ ਅਮਰਿੰਦਰ ਦੇ ਦਰਸ਼ਨ ਨਸੀਬ ਨਹੀਂ ਹੋਏ ਹਨ। ਉਨ੍ਹਾਂ ਨੇ 16 ਮਾਰਚ ਨੂੰ ਮੁੱਖ ਮੰਤਰੀ ਵਜੋਂ ਹਲਫ ਲਿਆ ਸੀ। ਕਾਰਜਭਾਰ ਸੰਭਾਲਣ ਤੋਂ ਤਕਰੀਬਨ 53 ਦਿਨਾਂ ਬਾਅਦ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ। ਪਿਛਲੀ ਪਾਰੀ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ 27 ਫਰਵਰੀ, 2002 ਨੂੰ ਸਹੁੰ ਚੁੱਕੀ ਸੀ ਅਤੇ ਉਹ ਅਗਲੇ ਹੀ ਦਿਨ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਗਏ ਸਨ।
ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ 100 ਦਿਨਾਂ ਦੌਰਾਨ ਚੰਡੀਗੜ੍ਹ ਤੋਂ ਬਿਨਾਂ ਦਿੱਲੀ, ਮੁੰਬਈ ਅਤੇ ਹਿਮਾਚਲ ਪ੍ਰਦੇਸ਼ ਗੇੜੇ ਮਾਰੇ ਹਨ। ਮੁੱਖ ਮੰਤਰੀ ਦੀ ਪਹਿਲੀ ਪੰਜਾਬ ਫੇਰੀ 8 ਅਪਰੈਲ ਨੂੰ ਜ਼ੀਰਕਪੁਰ ਦੀ ਰਹੀ, ਜਿਥੇ ਉਨ੍ਹਾਂ ਨੇ ਡੀ-ਮਾਰਟ ਸਟੋਰ ਦਾ ਉਦਘਾਟਨ ਕੀਤਾ। ਇਸ ਮਗਰੋਂ ਉਹ 7 ਮਈ ਨੂੰ ਜ਼ਿਲਾ ਤਰਨ ਤਾਰਨ 'ਚ ਸ਼ਹੀਦ ਫੌਜੀ ਪਰਮਜੀਤ ਸਿੰਘ ਦੇ ਪਰਿਵਾਰ ਦੇ ਘਰ ਗਏ। ਇਨ੍ਹਾਂ ਨੇ 8 ਮਈ ਨੂੰ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਮੱਥਾ ਟੇਕਿਆ ਅਤੇ ਦੁਪਹਿਰ ਮਗਰੋਂ ਹੁਸ਼ਿਆਰਪੁਰ 'ਚ ਸੋਨਾਲੀਕਾ ਟਰੈਕਟਰ ਦੇ ਪ੍ਰਾਜੈਕਟ ਨੂੰ ਦੇਖਣ ਗਏ।
ਸਮੁੱਚਾ ਮਾਲਵਾ ਕੈਪਟਨ ਦੇ ਦੀਦਾਰ ਨੂੰ ਤਰਸ ਗਿਆ ਹੈ। ਇੱਥੋਂ ਤਕ ਕਿ ਮੁੱਖ ਮੰਤਰੀ ਬਣਨ ਮਗਰੋਂ ਕੈਪਟਨ ਅਮਰਿੰਦਰ ਸਿੰਘ ਆਪਣੇ ਜੱਦੀ ਸ਼ਹਿਰ ਪਟਿਆਲਾ ਵੀ ਨਹੀਂ ਪਧਾਰੇ। ਉਨ੍ਹਾਂ ਨੇ ਹਲਕਾ ਲੰਬੀ ਤੋਂ ਵੀ ਚੋਣ ਲੜੀ ਸੀ। ਭਾਵੇਂ ਉਹ ਇਥੋਂ ਹਾਰ ਗਏ ਸਨ ਪਰ ਉਹ ਲੰਬੀ ਹਲਕੇ ਦਾ ਧੰਨਵਾਦੀ ਦੌਰਾ ਕਰਨ ਵਾਸਤੇ ਵੀ ਨਹੀਂ ਪੁੱਜੇ। ਉਨ੍ਹਾਂ ਨੇ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਦਾ ਗੇੜਾ ਵੀ ਨਹੀਂ ਲਾਇਆ ਜਦੋਂ ਕਿ ਪੰਜਾਬ ਚੋਣਾਂ ਦੀ ਮੁਹਿੰਮ ਕੈਪਟਨ ਅਮਰਿੰਦਰ ਸਿੰਘ ਨੇ 15 ਜਨਵਰੀ ਨੂੰ ਪਿੰਡ ਮਹਿਰਾਜ ਤੋਂ ਸ਼ੁਰੂ ਕੀਤੀ ਸੀ।
ਪਿੰਡ ਮਹਿਰਾਜ ਦੇ ਜਥੇਦਾਰ ਸ਼ੇਰ ਸਿੰਘ ਨੇ ਦੱਸਿਆ ਕਿ ਉਹ ਕੁਝ ਸਮਾਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਚੰਡੀਗੜ੍ਹ ਮਿਲ ਕੇ ਆਏ ਹਨ ਅਤੇ ਮੁੱਖ ਮੰਤਰੀ ਨੇ ਸੈਸ਼ਨ ਮਗਰੋਂ ਪਿੰਡ ਮਹਿਰਾਜ ਆਉਣ ਦੀ ਗੱਲ ਆਖੀ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਐਤਕੀਂ ਤਾਂ ਡੇਰਾ ਰੂਮੀ ਭੁੱਚੋ ਵੀ ਨਹੀਂ ਆਏ ਹਨ ਜਦੋਂ ਕਿ 2002 'ਚ ਮੁੱਖ ਮੰਤਰੀ ਬਣਨ ਮਗਰੋਂ ਉਹ ਇਥੇ ਆਏ ਸਨ। ਲੋਕ ਆਖਦੇ ਹਨ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜ਼ਿਆਦਾ ਗੇੜੇ ਤੰਗ ਕਰਦੇ ਸਨ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਗੈਰਹਾਜ਼ਰੀ ਰੜਕਦੀ ਹੈ। ਪੰਜਾਬ ਚੋਣਾਂ ਦੇ ਪ੍ਰਚਾਰ ਸਮੇਂ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਮਾਲਵੇ ਦੇ ਬਹੁਤ ਗੇੜੇ ਲਾਏ ਸਨ ਪਰ ਹੁਣ ਉਨ੍ਹਾਂ ਦੇ ਚੰਡੀਗੜ੍ਹ 'ਚੋਂ ਨਾ ਨਿਕਲਣ ਕਰਕੇ ਕਾਂਗਰਸੀ ਵਿਧਾਇਕ ਵੀ ਚਾਅ ਦਬਾਈ ਬੈਠੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਐਤਕੀਂ ਵਿਸਾਖੀ ਦਿਹਾੜੀ 'ਤੇ ਦਮਦਮਾ ਸਾਹਿਬ ਆਉਣਾ ਸੀ ਪਰ ਐਨ ਮੌਕੇ 'ਤੇ ਉਨ੍ਹਾਂ ਦਾ ਪ੍ਰੋਗਰਾਮ ਰੱਦ ਹੋ ਗਿਆ। ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਮੌਕੇ ਵੀ ਮੁੱਖ ਮੰਤਰੀ ਗੈਰਹਾਜ਼ਰ ਰਹੇ। ਹੋਰ ਵੀ ਸਟੇਟ ਪੱਧਰੀ ਸਮਾਗਮਾਂ 'ਚ ਵਜ਼ੀਰ ਹੀ ਸ਼ਾਮਲ ਹੋ ਰਹੇ ਹਨ। ਭਾਰਤੀ ਕਮਿਊਨਿਸਟ ਪਾਰਟੀ ਦੇ ਸਕੱਤਰ ਕਾਮਰੇਡ ਹਰਦੇਵ ਅਰਸ਼ੀ ਨੇ ਕਿਹਾ ਕਿ ਮੁੱਖ ਮੰਤਰੀ ਚੋਣਾਂ 'ਚ ਕੀਤੇ ਵਾਅਦੇ ਦੇ ਉਲਟ ਪਹਿਲੇ 100 ਦਿਨਾਂ 'ਚ ਹੀ ਲੋਕਾਂ ਦੀ ਪਹੁੰਚ 'ਚੋਂ ਬਾਹਰ ਹੋ ਗਿਆ ਹੈ ਜਦੋਂ ਕਿ ਉਨ੍ਹਾਂ ਨੂੰ ਬਿਹਤਰ ਸਰਕਾਰ ਦੇਣ ਲਈ ਵੱਧ ਤੋਂ ਵੱਧ ਲੋਕਾਂ 'ਚ ਵਿਚਰ ਕੇ ਫੀਡ ਬੈਕ ਹਾਸਲ ਕਰਨੀ ਚਾਹੀਦੀ ਹੈ।
ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪੈਰ ਨੂੰ ਪਹਿਲਾਂ ਮੋਚ ਆ ਗਈ ਸੀ ਅਤੇ ਉਸ ਮਗਰੋਂ ਵਿਧਾਨ ਸਭਾ ਦੇ ਸੈਸ਼ਨ ਕਾਰਨ ਉਹ ਰੁੱਝੇ ਰਹੇ। ਉਹ ਜਲਦੀ ਕੈਪਟਨ ਅਮਰਿੰਦਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਤਖ਼ਤ ਦਮਦਮਾ ਸਾਹਿਬ ਦਾ ਪ੍ਰੋਗਰਾਮ ਬਣਾ ਰਹੇ ਹਨ।


Related News