ਕੈਪਟਨ ਸਰਕਾਰ ਦੀ ਢਿੱਲੀ ਰਫਤਾਰ ਨੇ ਲੋਕਾਂ ਦੇ ਚਾਅ ਕੀਤੇ ਠੰਡੇ : ਗੁੰਮਟਾਲਾ

08/18/2017 6:43:08 AM

ਅੰਮ੍ਰਿਤਸਰ,   (ਛੀਨਾ)-   ਕੈਪਟਨ ਸਰਕਾਰ ਵੱਲੋਂ ਜ਼ਮੀਨਾਂ ਦੇ ਕੁਲੈਕਟਰ ਰੇਟ ਅਤੇ ਅਸ਼ਟਾਮ ਡਿਊਟੀ ਘਟਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦਾ ਕੀਤਾ ਗਿਆ ਵਾਅਦਾ ਅਜੇ ਤੱਕ ਸਿਰਫ ਹਵਾ ਹੀ ਸਾਬਿਤ ਹੋ ਰਿਹਾ ਹੈ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਸਾਬਕਾ ਸੂਬਾ ਮੀਤ ਪ੍ਰਧਾਨ ਸਰਬਜੀਤ ਸਿੰਘ ਗੁੰਮਟਾਲਾ ਨੇ ਅੱਜ ਇਥੇ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕੁਲੈਕਟਰ ਰੇਟ ਭਾਵੇਂ ਘਟਾ ਦਿੱਤੇ ਹਨ ਪਰ ਅਸ਼ਟਾਮ ਡਿਊਟੀ ਦਾ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਲੋਕਾਂ ਨੂੰ ਘਟੇ ਹੋਏ ਕੁਲੈਕਟਰ ਰੇਟਾਂ ਦਾ ਵੀ ਬਹੁਤਾ ਲਾਭ ਨਹੀਂ ਹੋ ਰਿਹਾ।
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਸ਼ਟਾਮ ਡਿਊਟੀ ਜਾਂ ਕੁਲੈਕਟਰ ਰੇਟ ਵਧਾਉਣ ਦਾ ਐਲਾਨ ਕਰਦੀ ਹੈ ਤਾਂ ਉਹ ਰਾਤ 12 ਵਜੇ ਤੋਂ ਹੀ ਲਾਗੂ ਹੋ ਜਾਂਦਾ ਹੈ, ਜਿਸ ਨੂੰ ਸਰਕਾਰੀ ਮਸ਼ੀਨਰੀ ਦਿਨ ਚੜ੍ਹਦਿਆਂ ਹੀ ਚੁਸਤੀ-ਦਰੁਸਤੀ ਨਾਲ ਲੋਕਾਂ ਕੋਲੋਂ ਵਸੂਲਣਾ ਆਰੰਭ ਕਰ ਦਿੰਦੀ ਹੈ ਪਰ ਹੁਣ ਜਦੋਂ ਸਰਕਾਰ ਨੇ ਅਸ਼ਟਾਮ ਡਿਊਟੀ ਘਟਾਉਣ ਦਾ ਐਲਾਨ ਕਰ ਕੇ ਵਿਧਾਨ ਸਭਾ 'ਚ ਵੀ ਮਤਾ ਪਾਸ ਕਰ ਦਿੱਤਾ ਹੈ ਪਰ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਸਰਕਾਰੀ ਮਸ਼ੀਨਰੀ ਘਟੀ ਹੋਈ ਅਸ਼ਟਾਮ ਡਿਊਟੀ ਲੈਣ ਨੂੰ ਤਿਆਰ ਨਹੀਂ। ਕੈਪਟਨ ਸਰਕਾਰ ਵੱਲੋਂ 9 ਤੋਂ 6 ਫੀਸਦੀ ਅਸ਼ਟਾਮ ਡਿਊਟੀ ਕਰਨ ਦਾ ਨੋਟੀਫਿਕੇਸ਼ਨ ਜਾਰੀ ਹੋਣ 'ਚ ਹੋ ਰਹੀ ਦੇਰੀ ਕਾਰਨ ਲੋਕਾਂ 'ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ, ਜਿਸ ਦਾ ਸਰਕਾਰ ਨੂੰ ਖਮਿਆਜ਼ਾ ਵੀ ਭੁਗਤਣਾ ਪੈ ਸਕਦਾ ਹੈ।  ਉਨ੍ਹਾਂ ਕਿਹਾ ਕਿ ਪਿਛਲੀ ਬਾਦਲ ਸਰਕਾਰ ਨੇ ਲਗਾਤਾਰ ਮਨਮਰਜ਼ੀਆਂ ਕਰਦਿਆਂ ਲੋਕ ਵਿਰੋਧੀ ਕਾਨੂੰਨ ਬਣਾ ਕੇ ਪ੍ਰਾਪਰਟੀ ਕਾਰੋਬਾਰ ਨੂੰ ਤਬਾਹੀ ਦੇ ਕੰਢੇ 'ਤੇ ਲਿਆ ਖੜ੍ਹਾ ਕੀਤਾ ਹੈ, ਜਿਸ ਕਾਰਨ ਸੂਬੇ ਦੇ ਲੋਕਾਂ ਨੂੰ ਹੁਣ ਕੈਪਟਨ ਸਰਕਾਰ ਤੋਂ ਕੁਝ ਆਸ ਦੀ ਕਿਰਨ ਜਾਗੀ ਸੀ ਪਰ ਕੈਪਟਨ ਸਰਕਾਰ ਦੀ ਢਿੱਲੀ ਰਫਤਾਰ ਨੇ ਲੋਕਾਂ ਦੇ ਚਾਅ ਠੰਡੇ ਕਰ ਕੇ ਰੱਖ ਦਿੱਤੇ ਹਨ। ਕੈਪਟਨ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਲੋਕ ਕਹਿਣ ਲਈ ਮਜਬੂਰ ਹੋ ਗਏ ਹਨ ਕਿ ਸਿਰਫ ਪੱਗਾਂ ਦਾ ਰੰਗ ਹੀ ਬਦਲਿਆ ਹੈ, ਹਾਲਾਤ ਤਾਂ ਪਹਿਲਾਂ ਵਰਗੇ ਹੀ ਹਨ।  ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਲੋਕਾਂ ਪ੍ਰਤੀ ਥੋੜ੍ਹੀ ਜਿਹੀ ਵੀ ਫਿਕਰਮੰਦ ਹੈ ਤਾਂ ਇਸ ਨੂੰ ਤੁਰੰਤ ਘਟਾਈ ਗਈ ਅਸ਼ਟਾਮ ਡਿਊਟੀ ਦਾ ਨੋਟੀਫਿਕੇਸ਼ਨ ਜਾਰੀ ਕਰ ਕੇ ਪ੍ਰਾਪਰਟੀ ਕਾਰੋਬਾਰੀਆਂ ਤੇ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰਨੀ ਚਾਹੀਦੀ ਹੈ।


Related News