ਰਾਹੁਲ ਦੇ ਹੱਥ ਕਮਾਨ ਆਉਣ ਨਾਲ ਪੁਰਾਣੇ ਤੇ ਨੌਜਵਾਨ ਕਾਂਗਰਸੀਆਂ ''ਚ ਕੋਈ ਟਕਰਾਅ ਨਹੀਂ ਹੋਵੇਗਾ : ਅਮਰਿੰਦਰ

12/12/2017 6:52:06 AM

ਜਲੰਧਰ(ਧਵਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਰਾਹੁਲ ਗਾਂਧੀ ਦੇ ਹੱਥ ਪਾਰਟੀ ਦੀ ਕਮਾਨ ਆਉਣ ਨਾਲ ਪੁਰਾਣੇ ਤੇ ਨੌਜਵਾਨ ਕਾਂਗਰਸੀਆਂ ਵਿਚਕਾਰ ਕੋਈ ਟਕਰਾਅ ਨਹੀਂ ਹੋਵੇਗਾ ਕਿਉਂਕਿ ਦੋਵੇਂ ਹੀ ਕਾਂਗਰਸ ਪਾਰਟੀ ਦੀ ਮਜ਼ਬੂਤੀ ਚਾਹੁੰਦੇ ਹਨ। ਮੁੱਖ ਮੰਤਰੀ ਨੇ ਅੱਜ ਕਿਹਾ ਕਿ ਦੇਸ਼ 'ਚ 70 ਫੀਸਦੀ ਜਨਸੰਖਿਆ ਲੱਗਭਗ 40 ਉਮਰ ਵਰਗ ਨਾਲ ਸਬੰਧ ਰੱਖਦੀ ਹੈ। ਇਸ ਲਈ ਰਾਹੁਲ ਦੇ ਅੱਗੇ ਆਉਣ ਨਾਲ ਨੌਜਵਾਨ ਵਰਗ ਦਾ ਸਮਰਥਨ ਕਾਂਗਰਸ ਨਾਲ ਜੁੜੇਗਾ। ਮੈਨੂੰ ਪੂਰੀ ਉਮੀਦ ਹੈ ਕਿ ਰਾਹੁਲ ਜਨਤਾ ਦੀਆਂ ਇੱਛਾਵਾਂ 'ਤੇ ਪੂਰਾ ਉਤਰਨਗੇ। ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਪਿਛਲੇ 5-6 ਸਾਲਾਂ 'ਚ ਪੂਰੇ ਦੇਸ਼ ਦਾ ਚੱਕਰ ਲਾ ਕੇ ਸਾਰੇ ਵਰਗਾਂ ਦੇ ਲੋਕਾਂ ਨਾਲ ਬੈਠਕਾਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਰਾਹੁਲ ਗਾਂਧੀ ਨੂੰ ਪਾਰਟੀ ਦੀ ਕਮਾਨ ਸੰਭਾਲਣ ਵਿਰੁੱਧ ਬੋਲ ਰਹੀ ਹੈ ਪਰ ਵਿਰੋਧੀ ਧਿਰ ਨੂੰ ਕਾਂਗਰਸ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਦਾ ਅਧਿਕਾਰ ਨਹੀਂ ਹੈ। ਕੈਪਟਨ ਨੇ ਕਿਹਾ ਕਿ ਸੋਨੀਆ ਗਾਂਧੀ ਨੇ ਪਾਰਟੀ ਦੀ ਮਜ਼ਬੂਤੀ ਲਈ ਸਖਤ ਮਿਹਨਤ ਕੀਤੀ। 1998 ਤੋਂ ਉਨ੍ਹਾਂ ਨੂੰ ਸੋਨੀਆ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਸੋਨੀਆ ਨੇ ਜਦੋਂ ਮੈਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪੀ ਸੀ ਤਾਂ ਕੀ ਸਾਲ ਦੇ ਅੰਦਰ ਉਨ੍ਹਾਂ ਨੂੰ ਪੰਜਾਬ ਦੇ ਸਾਰੇ ਕਾਂਗਰਸੀਆਂ ਬਾਰੇ ਜਾਣਕਾਰੀ ਹੋ ਗਈ ਸੀ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ 2012 'ਚ ਪੰਜਾਬ 'ਚ ਕਾਂਗਰਸ ਕਿਉਂ ਹਾਰੀ ਸੀ ਤਾਂ ਉਨ੍ਹਾਂ ਕਿਹਾ ਕਿ ਉਸ ਸਮੇਂ ਟਿਕਟ ਵੰਡ ਸਹੀ ਨਹੀਂ ਹੋਈ ਸੀ। ਮੈਂ ਕਈ ਨੇਤਾਵਾਂ ਨੂੰ ਟਿਕਟ ਦੇਣ ਦਾ ਵਿਰੋਧ ਕੀਤਾ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਟਿਕਟ ਮਿਲ ਗਈ ਸੀ। ਇਸ ਵਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਨੇ ਅਸ਼ੋਕ ਗਹਿਲੋਤ ਦੀ ਪ੍ਰਧਾਨਗੀ 'ਚ ਸਕ੍ਰੀਨਿੰਗ ਕਮੇਟੀ ਬਣਾਈ ਸੀ, ਜਿਸ ਨੇ ਟਿਕਟਾਂ ਦੀ ਸਹੀ ਵੰਡ ਕੀਤੀ। ਭਾਈ-ਭਤੀਜਾਵਾਦ ਤੇ ਪਰਿਵਾਰਵਾਦ ਤੋਂ ਉਪਰ ਉਠ ਕੇ ਟਿਕਟਾਂ ਵੰਡੀਆਂ ਗਈਆਂ।
ਪੰਜਾਬ ਦੀ ਆਰਥਿਕ ਖੁਸ਼ਹਾਲੀ ਲਈ ਲੰਬੇ ਸਮੇਂ ਤਕ ਰਾਜਨੀਤੀ 'ਚ ਰਹਾਂਗਾ
ਕੈਪਟਨ ਨੇ ਕਿਹਾ ਕਿ ਭਾਵੇਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੈਂ ਕਿਹਾ ਸੀ ਕਿ ਇਹ ਮੇਰੀ ਆਖਰੀ ਚੋਣ ਹੈ ਪਰ ਪੰਜਾਬ ਦੇ ਮਸਲੇ ਕਾਫੀ ਗੰਭੀਰ ਹਨ, ਜਿਸ ਦਾ ਪਤਾ ਮੈਨੂੰ ਸੱਤਾ 'ਚ ਆਉਣ 'ਤੇ ਲੱਗਾ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਉਹ ਸੋਚ ਰਹੇ ਸਨ ਕਿ ਪੰਜਾਬ 'ਤੇ 1.30 ਲੱਖ ਕਰੋੜ ਦਾ ਕਰਜ਼ਾ ਹੈ। ਸੱਤਾ 'ਚ ਆਉਣ 'ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਪੰਜਾਬ 'ਤੇ ਅਸਲ 'ਚ 2.8 ਲੱਖ ਕਰੋੜ ਦਾ ਕਰਜ਼ਾ ਹੈ। ਇਸੇ ਤਰ੍ਹਾਂ ਮਾਲੀਆ ਘਾਟਾ ਵੀ 14000 ਕਰੋੜ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਕਈ ਮਿੱਤਰਾਂ ਤੇ ਸ਼ੁੱਭਚਿੰਤਕਾਂ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਪੰਜਾਬ ਨੂੰ ਆਰਥਿਕ ਖੁਸ਼ਹਾਲੀ ਵੱਲ ਲਿਜਾਣ ਲਈ ਉਨ੍ਹਾਂ ਦਾ ਲੰਬੇ ਸਮੇਂ ਤਕ ਰਾਜਨੀਤੀ 'ਚ ਬਣੇ ਰਹਿਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ 5 ਸਾਲਾਂ 'ਚ ਉਹ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨਗੇ ਅਤੇ ਉਸ ਤੋਂ ਬਾਅਦ ਜਨਤਾ ਦੀ ਕਚਹਿਰੀ 'ਚ ਜਾ ਕੇ ਆਪਣੇ ਕੰਮਾਂ ਦੇ ਆਧਾਰ 'ਤੇ ਦੁਬਾਰਾ ਫਤਵਾ ਮੰਗਣਗੇ। 
ਪੀ. ਐੱਮ. ਅਹੁਦੇ ਲਈ ਰਾਹੁਲ ਵਰਗੇ ਨੌਜਵਾਨ ਦੀ ਲੋੜ : ਜਾਖੜ
ਪੰਜਾਬ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਰਾਹੁਲ ਗਾਂਧੀ ਦੇ ਪ੍ਰਧਨ ਚੁਣੇ ਜਾਣ 'ਤੇ ਭੇਜੀਆਂ ਸ਼ੁੱਭਕਾਮਨਾਵਾਂ 'ਚ ਕਿਹਾ ਕਿ ਪੀ. ਐੱਮ. ਅਹੁਦੇ ਲਈ ਹੁਣ ਰਾਹੁਲ ਵਰਗੇ ਨੌਜਵਾਨ ਨੇਤਾ ਦੀ ਦੇਸ਼ ਨੂੰ ਲੋੜ ਹੈ। ਉਨ੍ਹਾਂ ਪੰਜਾਬ ਕਾਂਗਰਸ ਵੱਲੋਂ ਰਾਹੁਲ ਨੂੰ ਪੂਰਨ ਸਹਿਯੋਗ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਰਾਹੁਲ ਦੇ ਅੱਗੇ ਆਉਣ ਨਾਲ ਭਾਜਪਾ ਦੀ ਨੀਂਦ ਉਡ ਗਈ ਹੈ। ਇਸ ਲਈ ਉਹ ਉਨ੍ਹਾਂ ਦਾ ਵਿਰੋਧ ਕਰ ਰਹੇ ਹਨ।


Related News