ਕੈਪਟਨ ਨਾਜਾਇਜ਼ ਪਰਚੇ ਦਰਜ ਕਰਵਾ ਕੇ ਸਾਨੂੰ ਦਬਾਉਣਾ ਚਾਹੁੰਦੈ : ਮਜੀਠੀਆ

12/12/2017 6:17:34 AM

ਅੰਮ੍ਰਿਤਸਰ(ਛੀਨਾ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਡੇ 'ਤੇ ਨਾਜਾਇਜ਼ ਪਰਚੇ ਦਰਜ ਕਰਵਾ ਕੇ ਸਾਨੂੰ ਦਬਾਉਣਾ ਚਾਹੁੰਦਾ ਹੈ, ਸਾਨੂੰ ਤਾਂ ਮੁਗਲ ਤੇ ਅੰਗਰੇਜ਼ ਵੀ ਨਹੀਂ ਦਬਾਅ ਸਕੇ ਕੈਪਟਨ ਕੀ ਚੀਜ਼ ਹੈ, ਸ਼੍ਰੋਮਣੀ ਅਕਾਲੀ ਦਲ (ਬਾਦਲ) ਕਾਂਗਰਸ ਸਰਕਾਰ ਦੀਆਂ ਸਭ ਵਧੀਕੀਆਂ ਦਾ ਮੂੰਹ-ਤੋੜਵਾਂ ਜਵਾਬ ਦੇਵੇਗਾ। ਇਹ ਵਿਚਾਰ ਪੰਜਾਬ ਦੇ ਸਾਬਕਾ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਗੱਲਬਾਤ ਕਰਦਿਆਂ ਪ੍ਰਗਟਾਏ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਖਿਲਾਫ ਆਵਾਜ਼ ਬੁਲੰਦ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਧਰਨੇ ਲਗਾਏ ਗਏ ਸਨ ਜਿਸ ਨੇ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਹਨ ਤੇ ਅਜਿਹੇ ਰੋਸ ਧਰਨਿਆਂ ਦਾ ਭਵਿੱਖ 'ਚ ਸਾਹਮਣਾ ਨਾ ਕਰਨਾ ਪਵੇ ਇਸੇ ਲਈ ਕੈਪਟਨ ਸਰਕਾਰ ਅਕਾਲੀਆਂ 'ਤੇ ਪਰਚੇ ਦਰਜ ਕਰ ਰਹੀ ਹੈ। ਸ. ਮਜੀਠੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਕਿਸੇ ਵੀ ਆਗੂ ਜਾਂ ਵਰਕਰ ਨਾਲ ਵਧੀਕੀ ਸਹਿਣ ਨਹੀਂ ਕਰੇਗਾ ਤੇ ਜੇਕਰ ਸਰਕਾਰ ਨੇ ਇਵੇਂ ਹੀ ਰਾਜਸੀ ਕਿੜਾਂ ਕੱਢਣ ਦਾ ਰਵੱਈਆ ਜਾਰੀ ਰੱਖਿਆ ਤਾਂ ਅਕਾਲੀ ਦਲ ਦਾ ਅਗਲਾ ਸੰਘਰਸ਼ ਇਸ ਤੋਂ ਵੀ ਜ਼ਿਆਦਾ ਤਿੱਖਾ ਹੋਵੇਗਾ। ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਛੱਡ ਕੇ 'ਆਪ' 'ਚ ਸ਼ਾਮਲ ਹੋਏ ਕੌਂਸਲਰ ਗਰੁੱਪ ਦੇ ਸਾਬਕਾ ਲੀਡਰ ਸੁਰਿੰਦਰ ਸਿੰਘ ਸੁਲਤਾਨਵਿੰਡ ਦੀ ਮੁੜ ਘਰ ਵਾਪਸੀ ਕਰਵਾਉਣ ਲਈ ਸ. ਮਜੀਠੀਆ ਅੱਜ ਉਨ੍ਹਾਂ ਦੇ ਗ੍ਰਹਿ ਪੁੱਜੇ ਹੋਏ ਸਨ ਜਿਥੇ ਉਨ੍ਹਾਂ ਕਾਂਗਰਸੀਆਂ ਦੀ ਸ਼ਹਿ 'ਤੇ ਵਧੀਕੀਆਂ ਕਰਨ ਵਾਲੇ ਪੁਲਸ ਅਫਸਰਾਂ ਨੂੰ ਸਖਤੀ ਨਾਲ ਤਾੜਨਾ ਕਰਦਿਆਂ ਕਿਹਾ ਕਿ ਸੂਬੇ 'ਚ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਉਨ੍ਹਾਂ ਨਾਲ ਵੀ ਚੰਗੀ ਤਰ੍ਹਾਂ ਨਜਿੱਠਿਆ ਜਾਵੇਗਾ, ਸਭ ਦੀਆਂ ਲਿਸਟਾਂ ਤਿਆਰ ਹੋ ਰਹੀਆਂ ਹਨ। ਉਨ੍ਹਾਂ ਨੇ ਅਖੀਰ 'ਚ ਕਿਹਾ ਕਿ ਕੈਪਟਨ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਬਾਦਲ ਸਰਕਾਰ ਵਲੋਂ ਮਿਲ ਰਹੀਆਂ ਸਭ ਸਹੂਲਤਾਂ ਵੀ ਖੋਹ ਲਈਆਂ ਜਿਨ੍ਹਾਂ ਨੂੰ ਮੁੜ ਬਹਾਲ ਕਰਵਾਉਣ ਲਈ ਅਕਾਲੀ ਦਲ ਨੂੰ ਸੰਘਰਸ਼ ਦੇ ਰਾਹ 'ਤੇ ਆਉਣਾ ਪਵੇਗਾ। ਇਸ ਸਮੇਂ ਸਿਆਸੀ ਸਲਾਹਕਾਰ ਤਲਬੀਰ ਸਿੰਘ ਗਿੱਲ, ਯੂਥ ਅਕਾਲੀ ਦਲ ਬਾਦਲ ਮਾਝਾ ਜ਼ੋਨ ਦੇ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ, ਜ਼ਿਲਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਖੇਤੀਬਾੜੀ ਵਿਕਾਸ ਬੈਂਕ ਚੰਡੀਗੜ੍ਹ ਦੇ ਚੇਅਰਮੈਨ ਜਥੇ. ਰਵੇਲ ਸਿੰਘ, ਭਾਈ ਰਾਮ ਸਿੰਘ, ਮੰਗਵਿੰਦਰ ਸਿੰਘ ਖਾਪੜਖੇੜੀ ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ, ਸਰਪੰਚ ਰਜਿੰਦਰ ਸਿੰਘ ਸਾਬਾ, ਪ੍ਰੋ. ਸਰਚਾਂਦ ਸਿੰਘ, ਸੋਨੂੰ ਸੋਹਲ, ਰਿਟਾ. ਏ. ਐੱਸ. ਆਈ. ਗੁਰਨਾਮ ਸਿੰਘ, ਹਰਪ੍ਰੀਤ ਸਿੰਘ ਚਾਹਲ, ਬਲਵਿੰਦਰ ਸਿੰਘ ਖੱਦਰ ਭੰਡਾਰ, ਜਗਮੇਲ ਸਿੰਘ ਸੀਰਾ, ਮੋਹਨ ਸਿੰਘ ਸ਼ੈਲਾ, ਗੁਰਮੀਤ ਸਿੰਘ ਗੀਤਾ, ਕ੍ਰਿਸ਼ਨ ਗੋਪਾਲ ਚਾਚੂ, ਅਬਜਿੰਦਰ ਸਿੰਘ ਪਟਨਾ ਤੇ ਹੋਰ ਵੀ ਆਗੂ ਹਾਜ਼ਰ ਸਨ।


Related News