ਗੁਰਦਾਸਪੁਰ ਉਪ ਚੋਣ ਦਾ ਨਤੀਜਾ ਆਉਂਦਿਆਂ ਹੀ ਪੰਜਾਬ ਮੰਤਰੀ ਮੰਡਲ ਦੇ ਵਾਧੇ ਵੱਲ ਟਿਕਣਗੀਆਂ ਨਜ਼ਰਾਂ

Friday, October 13, 2017 6:19 AM
ਗੁਰਦਾਸਪੁਰ ਉਪ ਚੋਣ ਦਾ ਨਤੀਜਾ ਆਉਂਦਿਆਂ ਹੀ ਪੰਜਾਬ ਮੰਤਰੀ ਮੰਡਲ ਦੇ ਵਾਧੇ ਵੱਲ ਟਿਕਣਗੀਆਂ ਨਜ਼ਰਾਂ

ਜਲੰਧਰ(ਧਵਨ)-ਗੁਰਦਾਸਪੁਰ ਲੋਕ ਸਭਾ ਸੀਟ ਦੀ ਉਪ ਚੋਣ ਦਾ ਨਤੀਜਾ 15 ਅਕਤੂਬਰ ਨੂੰ ਐਲਾਨਿਆ ਜਾਵੇਗਾ। ਇਸ ਦੇ ਨਾਲ ਹੀ ਪੰਜਾਬ ਮੰਤਰੀ ਮੰਡਲ ਦੇ ਵਾਧੇ ਵੱਲ ਕਾਂਗਰਸੀ ਵਿਧਾਇਕਾਂ ਦੀਆਂ ਨਜ਼ਰਾਂ ਟਿਕ ਜਾਣਗੀਆਂ। ਕਾਂਗਰਸੀ ਹਲਕਿਆਂ 'ਚ ਕਿਹਾ ਜਾ ਰਿਹਾ ਹੈ ਕਿ ਅਜੇ ਪੰਜਾਬ ਮੰਤਰੀ ਮੰਡਲ ਦੇ ਵਾਧੇ ਨੂੰ ਲੈ ਕੇ ਮਿਤੀ ਤੈਅ ਨਹੀਂ ਕੀਤੀ ਗਈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਉਪ ਚੋਣ ਤੋਂ ਪਹਿਲਾਂ ਹੀ ਸੰਕੇਤ ਦੇ ਦਿੱਤੇ ਸਨ ਕਿ ਉਪ ਚੋਣ ਸੰਪੰਨ ਹੋਣ ਤੋਂ ਬਾਅਦ ਮੰਤਰੀ ਮੰਡਲ 'ਚ ਵਾਧਾ ਕੀਤਾ ਜਾਵੇਗਾ।
ਇਸ ਸਮੇਂ ਪੰਜਾਬ ਮੰਤਰੀ ਮੰਡਲ 'ਚ ਮੁੱਖ ਮੰਤਰੀ ਅਮਰਿੰਦਰ ਸਿੰਘ ਸਮੇਤ ਕੁਲ 10 ਮੈਂਬਰ ਹਨ। ਅਜੇ ਵੀ ਮੰਤਰੀ ਮੰਡਲ 'ਚ 8 ਮੰਤਰੀਆਂ ਨੂੰ ਸ਼ਾਮਲ ਕੀਤਾ ਜਾਣਾ ਹੈ। ਕਈ ਮੰਤਰੀਆਂ ਕੋਲ 3-3 ਸਰਕਾਰੀ ਵਿਭਾਗ ਹਨ, ਜਿਸ ਕਾਰਨ ਉਹ ਸਾਰੇ ਵਿਭਾਗਾਂ ਨੂੰ ਪੂਰਾ ਸਮਾਂ ਦੇ ਨਹੀਂ ਸਕਦੇ। ਮੁੱਖ ਮੰਤਰੀ ਦੇ ਨਜ਼ਦੀਕੀ ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੰਤਰੀ ਮੰਡਲ 'ਚ ਵਾਧੇ ਨੂੰ ਲੈ ਕੇ ਕਾਂਗਰਸ ਦੇ ਰਾਸ਼ਟਰੀ ਉਪ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ, ਜਿਸ 'ਚ ਮੰਤਰੀ ਮੰਡਲ 'ਚ ਸ਼ਾਮਲ ਕੀਤੇ ਜਾਣ ਵਾਲੇ ਨਵੇਂ ਚਿਹਰਿਆਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। ਕਾਂਗਰਸੀ ਹਲਕਿਆਂ ਨੇ ਦੱਸਿਆ ਕਿ ਦੀਵਾਲੀ ਦੇ ਤਿਉਹਾਰ ਤੋਂ ਬਾਅਦ ਮੰਤਰੀ ਮੰਡਲ 'ਚ ਵਾਧੇ ਨੂੰ ਲੈ ਕੇ ਕਾਂਗਰਸੀ ਸਿਆਸਤ ਗਰਮਾ ਜਾਵੇਗੀ ਅਤੇ ਮੰਤਰੀ ਦਾ ਅਹੁਦਾ ਲੈਣ ਦੇ ਇਛੁੱਕ ਕਾਂਗਰਸੀ ਵਿਧਾਇਕਾਂ ਵਲੋਂ ਮੁੱਖ ਮੰਤਰੀ ਨੂੰ ਆਪਣੇ ਵੱਲ ਖਿੱਚਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਜਾਣਗੀਆਂ। ਕਾਂਗਰਸ ਦੇ ਰਾਸ਼ਟਰੀ ਪੱਧਰ 'ਤੇ ਸੰਗਠਨਾਤਮਕ ਚੋਣਾਂ ਵੀ ਚਲ ਰਹੀਆਂ ਹਨ। ਰਾਹੁਲ ਗਾਂਧੀ ਦੇ ਰੁਝੇਵੇਂ ਗੁਜਰਾਤ 'ਚ ਕਾਫੀ ਜ਼ਿਆਦਾ ਹਨ। ਇਸ ਨੂੰ ਦੇਖਦੇ ਹੋਏ ਅਕਤੂਬਰ ਮਹੀਨੇ ਦੇ ਅਖੀਰ 'ਚ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਆਪਣੇ ਪੱਧਰ 'ਤੇ ਮੰਤਰੀ ਮੰਡਲ 'ਚ ਸ਼ਾਮਲ ਕੀਤੇ ਜਾਣ ਵਾਲੇ ਵਿਧਾਇਕਾਂ ਦੇ ਨਾਵਾਂ ਦੀ ਸੂਚੀ ਤਿਆਰ ਕਰ ਲਈ ਜਾਵੇਗੀ। ਹੁਣ ਦੇਖਣਾ ਇਹ ਹੈ ਕਿ ਮੁੱਖ ਮੰਤਰੀ ਦੀ ਮੁਲਾਕਾਤ ਰਾਹੁਲ ਗਾਂਧੀ ਨਾਲ ਅਕਤੂਬਰ ਦੇ ਆਖਰੀ ਹਫਤੇ 'ਚ ਹੁੰਦੀ ਹੈ ਜਾਂ ਫਿਰ ਨਵੰਬਰ ਦੇ ਸ਼ੁਰੂ 'ਚ। ਉਸ ਤੋਂ ਬਾਅਦ ਹੀ ਮੰਤਰੀ ਮੰਡਲ 'ਚ ਵਾਧੇ ਦੀ ਮਿਤੀ ਤੈਅ ਹੋ ਸਕੇਗੀ। ਹੁਣ ਖੁਦ ਮੁੱਖ ਮੰਤਰੀ ਅਮਰਿੰਦਰ ਸਿੰਘ ਚਾਹੁੰਦੇ ਹਨ ਕਿ ਮੰਤਰੀ ਮੰਡਲ ਦਾ ਵਾਧਾ ਜਲਦੀ ਕਰ ਦਿੱਤਾ ਜਾਵੇ ਕਿਉਂਕਿ ਦਸੰਬਰ ਮਹੀਨੇ 'ਚ ਸਰਕਾਰ ਵੱਲੋਂ ਚਾਰੇ ਮਹਾਨਗਰਾਂ 'ਚ ਕਾਰਪੋਰੇਸ਼ਨ ਦੀਆਂ ਚੋਣਾਂ ਕਰਵਾਈਆਂ ਜਾਣੀਆਂ ਹਨ। ਉਸ ਤੋਂ ਪਹਿਲਾਂ ਹੀ ਨਵੇਂ ਮੰਤਰੀ ਬਣਾ ਕੇ ਮੰਤਰੀ ਮੰਡਲ ਦਾ ਇਕ ਨਵਾਂ ਚਿਹਰਾ ਜਨਤਾ ਦੇ ਸਾਹਮਣੇ ਕੈਪਟਨ ਵਲੋਂ ਪੇਸ਼ ਕੀਤਾ ਜਾਵੇਗਾ।  ਮੰਤਰੀ ਮੰਡਲ 'ਚ ਸ਼ਾਮਲ ਹੋਣ ਦੇ ਇੱਛੁਕ ਵਿਧਾਇਕਾਂ ਦੀ ਗੁਰਦਾਸਪੁਰ ਉਪ ਚੋਣਾਂ 'ਚ ਕਾਰਗੁਜ਼ਾਰੀ ਨੂੰ ਵੀ ਆਧਾਰ ਬਣਾਇਆ ਜਾਵੇਗਾ। ਇਸ ਸਮੇਂ ਮੰਤਰੀ ਮੰਡਲ 'ਚ ਸ਼ਾਮਲ ਕੀਤੇ ਜਾਣ ਵਾਲੇ ਚਿਹਰਿਆਂ 'ਚ ਸੁਖਜਿੰਦਰ ਰੰਧਾਵਾ, ਓ. ਪੀ. ਸੋਨੀ, ਡਾ. ਰਾਜ ਕੁਮਾਰ ਵੇਰਕਾ ਦੇ ਨਾਂ ਪ੍ਰਮੁੱਖਤਾ ਨਾਲ ਚਲ ਰਹੇ ਹਨ। ਦੋਆਬੇ ਨੂੰ ਇਕ ਹੋਰ ਮੰਤਰੀ ਦਿੱਤਾ ਜਾ ਸਕਦਾ ਹੈ। ਇਸ ਸਮੇਂ ਦੋਆਬਾ ਦੀ ਕਮਾਨ ਬਿਜਲੀ ਅਤੇ ਸਿੰਚਾਈ ਮੰਤਰੀ ਰਾਣਾ ਗੁਰਜੀਤ ਸਿੰਘ ਕੋਲ ਹੈ। ਲੁਧਿਆਣਾ ਤੋਂ ਇਕ ਮੰਤਰੀ ਨੂੰ ਲਏ ਜਾਣ ਦੀ ਚਰਚਾ ਚਲ ਰਹੀ ਹੈ। ਮੁੱਖ ਮੰਤਰੀ ਆਪਣੇ ਮੰਤਰੀ ਮੰਡਲ 'ਚ ਕੁਝ ਨੌਜਵਾਨ ਚਿਹਰਿਆਂ ਨੂੰ ਵੀ ਲੈਣਾ ਚਾਹੁੰਦੇ ਹਨ। ਮੰਤਰੀ ਲੈਂਦੇ ਸਮੇਂ ਹਿੰਦੂ, ਜੱਟ ਸਿੱਖ ਅਤੇ ਦਲਿਤਾਂ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਵਲੋਂ ਸੰਤੁਲਨ ਬਣਾਇਆ ਜਾਵੇਗਾ। ਇੰਨਾ ਜ਼ਰੂਰ ਹੈ ਕਿ ਅਕਤੂਬਰ ਦਾ ਆਖਰੀ ਮਹੀਨਾ ਕਾਫੀ ਮਹੱਤਵਪੂਰਨ ਰਹੇਗਾ, ਜਿਸ 'ਚ ਕੈਪਟਨ ਵਲੋਂ ਅਹਿਮ ਫੈਸਲੇ ਲਏ ਜਾਣੇ ਹਨ।