ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡਾ. ਮਨੋਜ ਬਾਲਾ ਨੂੰ ਦਿੱਤੀ ਡੇਢ ਕਰੋੜ ਰੁਪਏ ਦੀ ਰਾਸ਼ੀ

10/18/2017 6:14:48 PM

ਮਾਨਸਾ (ਸੰਦੀਪ ਮਿੱਤਲ) - ਕੈਪਟਨ ਅਮਰਿੰਦਰ ਸਿੰਘ ਨੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਦੀ ਹਾਜ਼ਰੀ 'ਚ ਪੰਜਾਬ ਨੂੰ ਗਤੀਸ਼ੀਲ ਵਿਕਾਸ ਦੇਣ ਦੀ ਯੋਜਨਾ ਤਹਿਤ ਸੂਬੇ ਦੀਆਂ 23 ਕੌਂਸਲਾਂ ਨੂੰ ਜਾਰੀ ਕੀਤੇ 211 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ। ਇਸ ਤਹਿਤ ਭੀਖੀ ਨਗਰ ਪੰਚਾਇਤ ਦੇ ਵਿਕਾਸੀ ਕੰਮਾਂ ਨੂੰ ਨੇਪਰੇ ਚਾੜਨ ਲਈ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਧਰਮ ਪਤਨੀ ਸੀਨੀਅਰ ਕਾਂਗਰਸੀ ਨੇਤਾ ਅਤੇ ਹਲਕਾ ਸੇਵਾਦਾਰ ਡਾ. ਮਨੋਜ ਬਾਲਾ ਨੂੰ ਡੇਢ ਕਰੋੜ ਰੁਪਏ ਰਿਲੀਜ਼ ਕਰਨ ਲਈ ਪੱਤਰ ਸੌਂਪ ਦਿੱਤਾ ਹੈ। ਇਸ ਪੱਤਰ ਨੂੰ ਹਾਸਲ ਕਰਨ ਉਪਰੰਤ ਡਾ. ਮਨੋਜ ਬਾਲਾ ਨੇ ਕਿਹਾ ਕਿ ਇਸ ਰਾਸ਼ੀ ਨਾਲ ਭੀਖੀ 'ਚ ਗਲੀਆਂ-ਨਾਲੀਆਂ ਅਤੇ ਸੜਕਾਂ ਦੇ ਕੰਮ ਨੇਪਰੇ ਚਾੜੇ ਜਾਣਗੇ ਅਤੇ ਸਰਕਾਰ ਦੇ ਹੁਕਮਾਂ ਮੁਤਾਬਕ ਇਸ 'ਤੇ ਟੀਮ ਬਣਾ ਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭੀਖੀ ਤੇ ਮਾਨਸਾ ਖੇਤਰ 'ਚ  ਫੰਡਾਂ ਦੀ ਵੱਡੀ ਘਾਟ ਕਾਰਨ ਅਨੇਕਾਂ ਵਿਕਾਸ ਕੰਮ ਵਿਚਕਾਰ ਲਟਕ ਰਹੇ ਹਨ ਪਰ ਕੈਪਟਨ ਸਰਕਾਰ ਇਸ ਦੀ ਰਾਸ਼ੀ ਜਾਰੀ ਕਰਕੇ ਵੱਡਾ ਦਿੱਲੀ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਭੀਖੀ ਦੇ ਸਲੱਮ ਇਲਾਕੇ 'ਚ ਵਿਕਾਸ ਕੰਮ ਕਰਵਾਉਣ ਤੋਂ ਇਲਾਵਾ ਛੇਤੀ ਹੀ ਹਲਕੇ ਦੇ ਪਿੰਡਾਂ ਲਈ ਵੀ ਗਰਾਂਟ ਜਾਰੀ ਕੀਤੀ ਜਾਵੇਗੀ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰੇਲਵੇ ਫਾਟਕ ਤੋਂ ਲੈ ਕੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੱਕ ਜਾਂਦੀ ਸੜਕ ਦਾ ਨਿਰਮਾਣ ਵੀ ਛੇਤੀ ਕੀਤਾ ਜਾ ਰਿਹਾ ਹੈ ਅਤੇ ਮਾਨਸਾ ਦੀਆਂ ਤਿੰਨ ਨਗਰ ਕੌਂਸਲਾਂ ਦੇ ਦਫਤਰ ਵੀ ਨਵੇਂ ਸਿਰੇ ਤੋਂ ਬਣਾਏ ਜਾਣਗੇ। ਇਸ ਮੌਕੇ ਸਾਬਕਾ ਡਿਪਟੀ ਸਪੀਕਰ ਜਸਵੰਤ ਸਿੰਘ ਫਫੜੇ, ਚਰਨਜੀਤ ਸਿੰਘ ਮਾਖਾ, ਅੰਕੁਰ ਸਿੰਗਲਾ, ਅਮਲੋਕ ਅਤੇ ਪੱਪੂ ਜੋਗਾ ਆਦਿ ਵੀ ਹਾਜ਼ਰ ਸਨ। 


Related News