ਝੋਨੇ ਦੀ ਬਿਜਾਈ ਤੋਂ 10 ਦਿਨਾਂ ਬਾਅਦ ਵੀ ਨਹਿਰਾਂ ''ਚ ਨਹੀਂ ਆਇਆ ਪਾਣੀ

06/25/2017 6:57:16 PM

ਜਲਾਲਾਬਾਦ(ਸੇਤੀਆ/ਨਿਖੰਜ)— ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਕਿਸਾਨਾਂ ਵੱਲੋਂ 15 ਜੂਨ ਤੋਂ ਝੋਨੇ ਦੀ ਬਿਜਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਦੂਜੇ ਪਾਸੇ ਨਹਿਰੀ ਵਿਭਾਗ ਦੀ ਲੇਟਲਤੀਫੀ ਕਾਰਨ ਕਈ ਨਹਿਰਾਂ 'ਚ ਸਫਾਈ ਨਾ ਹੋਣ ਕਾਰਣ ਪਾਣੀ ਨਹੀਂ ਛੱਡਿਆ ਜਾ ਰਿਹਾ ਹੈ ਅਤੇ ਕਿਸਾਨ ਨਹਿਰੀ ਪਾਣੀ ਉਡੀਕ 'ਚ ਬੈਠੇ ਹਨ। 
ਜਾਨਕਾਰੀ ਅਨੁਸਾਰ ਜਲਾਲਾਬਾਦ ਹਲਕੇ ਅੰਦਰ ਲਾਧੂਕਾ ਡਿਸਟ੍ਰੀਬਿਊਟਰ ਅਤੇ ਲਮੋਚੜ ਮਾਈਨਰ ਦੀ ਸਫਾਈ ਇਸ ਸੀਜ਼ਨ ਦੌਰਾਨ ਨਹੀਂ ਹੋ ਸਕੀ ਹੈ ਅਤੇ ਸਫਾਈ ਨਾ ਹੋਣ ਕਾਰਨ ਵਿਭਾਗ ਵੱਲੋਂ ਅਜੇ ਤੱਕ ਨਹਿਰਾਂ ਵਿੱਚ ਪਾਣੀ ਨਹੀਂ ਛੱਡਿਆ ਜਾ ਰਿਹਾ ਅਤੇ ਜੇਕਰ ਵਿਭਾਗ ਪਾਣੀ ਛੱਡਦਾ ਹੈ ਤਾਂ ਅਜਿਹੀ ਹਾਲਤ 'ਚ ਨਹਿਰਾਂ ਦੇ ਟੁੱਟਣ ਦੇ ਆਸਾਰ ਹਨ।
ਉਧਰ ਕਿਸਾਨ ਧਰਮ ਸਿੰਘ ਸਿੱਧੂ, ਰੁਪਿੰਦਰ ਸਿੰਘ, ਦੇਸ ਰਾਜ, ਸ਼ਰਵਣ ਕੁਮਾਰ, ਸੁਭਾਸ਼ ਚੰਦਰ, ਰਾਮ ਕਿਸ਼ਨ, ਪੁਸ਼ਪਿੰਦਰ ਸਿੰਘ, ਸੁਖਦੇਵ ਸਿੰਘ ਆਦਿ ਨੇ ਦੱਸਿਆ ਕਿ ਸਰਕਾਰ ਵਲੋਂ ਨਿਰਧਾਰਤ ਕੀਤੀ ਗਈ ਮਿਤੀ ਅਨੁਸਾਰ ਝੋਨੇ ਦੀ ਬਿਜਾਈ ਸ਼ੁਰੂ ਹੋ ਗਈ ਹੈ ਅਤੇ ਹਫਤੇ ਬਾਅਦ ਪਰਮਲ ਝੋਨੇ ਦੀ ਬਿਜਾਈ ਮੁਕੰਮਲ ਹੋ ਜਾਵੇਗੀ ਅਤੇ ਉਸ ਤੋਂ ਬਾਅਦ 1121 ਬਾਸਮਤੀ ਝੋਨੇ ਦੀ ਬਿਜਾਈ ਸ਼ੁਰੂ ਹੋ ਜਾਵੇਗੀ ਪਰ ਅਜੇ ਤੱਕ ਨਹਿਰੀ ਵਿਭਾਗ ਵੱਲੋਂ ਨਹਿਰਾਂ ਦੀ ਸਫਾਈ ਵੱਲ ਧਿਆਨ ਨਹੀਂ ਦਿੱਤਾ ਗਿਆ ਹੈ। ਜਿਸ ਕਾਰਨ ਨਹਿਰਾਂ ਵੱਡੇ-ਵੱਡੇ ਬੂਟਿਆਂ ਅਤੇ ਹੋਰ ਗੰਦਗੀ ਭਰੀ ਪਈਆਂ ਹਨ। ਕਿਸਾਨਾਂ ਨੇ ਦੱਸਿਆ ਕਿ ਨਹਿਰੀ ਪਾਣੀ ਨਾ ਹੋਣ ਕਾਰਨ ਮਜਬੂਰਨ ਉਨ੍ਹਾਂ ਨੂੰ ਟਿਊਬਲ ਦਾ ਪਾਣੀ ਵਰਤੋਂ 'ਚ ਲਿਆਉਣਾ ਪੈ ਰਿਹਾ ਹੈ ਅਤੇ ਲਗਾਤਾਰ ਜ਼ਮੀਨੀ ਹੇਠਲਾ ਪਾਣੀ ਦਾ ਪੱਧਰ ਨੀਵਾਂ ਹੋ ਰਿਹਾ ਹੈ। ਜਿਸ ਨਾਲ ਆਉਣ ਵਾਲੇ ਸਮੇਂ 'ਚ ਨੁਕਸਾਨ ਹੋਵੇਗਾ। ਕਿਸਾਨਾਂ ਨੇ ਦੱਸਿਆ ਕਿ ਨਹਿਰੀ ਪਾਣੀ ਫਸਲਾਂ ਲਈ ਕਾਫੀ ਲਾਭਦਾਇਕ ਹੁੰਦਾ ਹੈ ਅਤੇ ਕਾਂਗਰਸ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਨਹਿਰਾਂ 'ਚ ਪਾਣੀ ਜਲਦੀ ਛੱਡਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਸਿੰਚਾਈ ਲਈ ਕੋਈ ਪਰੇਸ਼ਾਨੀ ਨਾ ਆਵੇ। ਕਿਸਾਨਾਂ ਨੇ ਦੱਸਿਆ ਕਿ ਲਾਧੂਕਾ ਡਿਸਟ੍ਰੀਬਿਊਟਰ 'ਚ ਇਕ ਦਿਨ ਪਾਣੀ ਛੱਡਿਆ ਗਿਆ ਸੀ ਉਹ ਵੀ ਬਿਲਕੁਲ ਕਾਲਾ ਪਾਣੀ ਸੀ। 
ਉਧਰ ਇਸ ਸਬੰਧੀ ਜਦੋਂ ਨਹਿਰੀ ਵਿਭਾਗ ਦੇ ਐੱਸ. ਡੀ. ਓ ਗੁਰਜਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਉਨ੍ਹਾਂ ਨੂੰ ਇਸ ਏਰੀਏ 'ਚ ਅਹੁਦਾ ਸੰਭਾਲਣ ਲਈ ਥੋੜਾ ਸਮਾਂ ਹੋਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਫੰਡਾ ਦੀ ਘਾਟ ਕਾਰਣ ਸਫਾਈ ਨਹੀਂ ਹੋ ਸਕੀ ਹੈ ਪਰ ਦੂਜੇ ਪਾਸੇ ਅਜੇ ਤੱਕ ਨਹਿਰੀ ਪਾਣੀ ਪੂਰੀ ਮੰਗ ਨਹੀਂ ਹੈ। ਉਨ੍ਹਾਂ ਕਿਹਾ ਕਿ ਸਫਾਈ ਨਾ ਹੋਣ ਕਾਰਨ ਹੀ ਨਹਿਰਾਂ 'ਚ ਪਾਣੀ ਨਹੀਂ ਛੱਡਿਆ ਜਾ ਰਿਹਾ ਕਿਉਂਕਿ ਨਹਿਰਾਂ ਦੇ ਟੁੱਟਣ ਦਾ ਖਤਰਾ ਹੈ ਪਰ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਿਸਾਨ ਨਹਿਰੀ ਪਾਣੀ ਦੀ ਮੰਗ ਕਰ ਰਹੇ ਹਨ ਤਾਂ ਉਹ ਕੋਈ ਸੰਤੁਸ਼ਟ ਜਵਾਬ ਨਹੀਂ ਦੇ ਸਕੇ।


Related News