ਵਾਰਡਾਂ ''ਚ ਉਮੀਦਵਾਰਾਂ ਦੀ ਚੋਣ ਲਈ ਪਾਰਟੀਆਂ ਪੱਬਾਂ ਭਾਰ, ਭਗਤਾਂਵਾਲਾ ਡੰਪ ਬਣੇਗਾ ਚੋਣਾਂ ''ਚ ਮੁੱਖ ਮੁੱਦਾ

11/19/2017 9:17:37 AM

ਅੰਮ੍ਰਿਤਸਰ (ਵੜੈਚ) - ਨਗਰ ਨਿਗਮ ਚੋਣਾਂ ਦਾ ਦਿਨ ਅਜੇ ਬੇਸ਼ੱਕ ਨਿਰਧਾਰਤ ਨਹੀਂ ਕੀਤਾ ਗਿਆ ਪਰ ਜ਼ਿਆਦਾਤਰ ਵਾਰਡਾਂ 'ਚ ਚੋਣ ਲੜਨ ਦੇ ਦਾਅਵੇਦਾਰਾਂ ਦੀ ਵੱਖ-ਵੱਖ ਵਾਰਡਾਂ ਵਿਚ ਭੀੜ ਲੱਗ ਗਈ ਹੈ। ਅਕਾਲੀ, ਭਾਜਪਾ, ਆਪ ਤੇ ਬਸਪਾ ਨਾਲੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜਨ ਵਾਲਿਆਂ ਵਿਚ ਵੱਧ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ। 65 ਤੋਂ ਵੱਧ ਕੇ ਗੁਰੂ ਨਗਰੀ ਵਿਚ 85 ਵਾਰਡ ਬਣਾਉਣ ਉਪਰੰਤ ਨਵੇਂ ਸਿਰੇ ਤੋਂ ਵੋਟਰ ਲਿਸਟਾਂ ਦੀ ਤਿਆਰੀ ਜ਼ੋਰਾਂ 'ਤੇ ਹੈ। ਸਾਲ 2012 ਦੀਆਂ ਚੋਣਾਂ 'ਚ ਕੁਲ 65 ਵਾਰਡਾਂ 'ਚੋਂ ਕਾਂਗਰਸ ਦੇ ਸਿਰਫ 4 ਉਮੀਦਵਾਰਾਂ ਨੂੰ ਹੀ ਜਿੱਤ ਪ੍ਰਾਪਤ ਹੋਈ ਸੀ ਪਰ ਇਸ ਵਾਰ ਜ਼ਿਆਦਾਤਰ ਵਾਰਡਾਂ ਵਿਚ ਸਖਤ ਮੁਕਾਬਲੇ ਹੋਣ ਦੇ ਆਸਾਰ ਬਣ ਰਹੇ ਹਨ।
ਪਿਛਲੀਆਂ ਚੋਣਾਂ ਦੌਰਾਨ ਨਿਗਮ ਤਾਰ-ਤਾਰ ਹੋਇਆ ਨਜ਼ਰ ਆਇਆ ਸੀ। ਸ਼ਹਿਰ ਦੇ 2 ਵਾਰਡਾਂ 14 ਤੇ 53 ਵਿਚ ਅਕਾਲੀ-ਭਾਜਪਾ ਦੇ ਉਮੀਦਵਾਰ ਆਹਮੋ-ਸਾਹਮਣੇ ਸੀ ਜਿਨ੍ਹਾਂ ਵਿਚ ਵਾਰਡ 53 ਵਿਚ ਅਕਾਲੀ ਦਲ ਅਤੇ 14 'ਚੋਂ ਭਾਜਪਾ ਉਮੀਦਵਾਰ ਜੇਤੂ ਰਹੇ ਸਨ। ਇਸ ਵਾਰ ਗਠਜੋੜ ਵਿਚ ਅਜਿਹਾ ਨਾ ਹੋਵੇ, ਇਸ ਨੂੰ ਲੈ ਕੇ ਜ਼ਿਲਾ ਭਾਜਪਾ ਪ੍ਰਧਾਨ ਰਾਜੇਸ਼ ਹਨੀ ਅਤੇ ਅਕਾਲੀ ਦਲ (ਬ) ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਆਪਸੀ ਤਾਲਮੇਲ ਬਣਾਉਂਦੇ ਹੋਏ 3 ਬੈਠਕਾਂ ਕਰ ਚੁੱਕੇ ਹਨ। ਨਿਗਮ ਦੇ ਹਾਊਸ ਵਿਚ ਵਿਰੋਧੀ ਧਿਰ ਕਾਂਗਰਸ ਦੇ ਨੇਤਾ ਰਹੇ ਰਾਜਕੰਵਲਪ੍ਰੀਤ ਪਾਲ ਸਿੰਘ ਲੱਕੀ ਨੇ ਕਿਹਾ ਕਿ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਐੱਮ. ਪੀ. ਗੁਰਜੀਤ ਸਿੰਘ ਔਜਲਾ ਸਮੇਤ ਸ਼ਹਿਰ ਦੇ ਬਾਕੀ 4 ਵਿਧਾਇਕਾਂ ਵੱਲੋਂ ਵਿਰੋਧੀਆਂ ਨੂੰ ਮਾਤ ਦੇਣ ਵਾਲੇ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਉਧਰ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਸੁਰੇਸ਼ ਸ਼ਰਮਾ 85 ਵਾਰਡਾਂ 'ਚ ਉਮੀਦਵਾਰ ਖੜ੍ਹੇ ਕਰਨ ਦਾ ਖਾਕਾ ਤਿਆਰ ਕਰ ਚੁੱਕੇ ਹਨ। ਵਾਰਡਾਂ ਦੀਆਂ ਵੋਟਰ ਲਿਸਟਾਂ ਦੀਆਂ ਤਿਆਰੀਆਂ ਤੇ ਕਮੀਆਂ 'ਤੇ ਨਜ਼ਰ ਰੱਖੇ ਹੋਏ ਹਨ।
ਭਾਜਪਾ ਦੇ ਜ਼ਿਲਾ ਪ੍ਰਧਾਨ ਰਜੇਸ਼ ਹਨੀ ਨੇ ਕਿਹਾ ਕਿ ਲੋਕ ਕੁਝ ਮਹੀਨਿਆਂ ਵਿਚ ਹੀ ਕਾਂਗਰਸ ਦੇ ਝੂਠੇ ਵਾਅਦਿਆਂ ਤੋਂ ਨਿਰਾਸ਼ ਹੋ ਗਏ ਹਨ। ਕੁਲ 85 'ਚੋਂ 51 ਵਾਰਡਾਂ ਵਿਚ ਭਾਜਪਾ ਅਤੇ 34 'ਤੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਚੋਣ ਲੜਨਗੇ। ਪਿਛਲੀਆਂ ਚੋਣਾਂ ਦੌਰਾਨ 65 ਵਾਰਡਾਂ 'ਚੋਂ 38 'ਤੇ ਭਾਜਪਾ ਅਤੇ 27 'ਤੇ ਅਕਾਲੀ ਦਲ ਦੇ ਉਮੀਦਵਾਰ ਚੋੜ ਲੜੇ ਸਨ। ਅਕਾਲੀ ਦਲ (ਬ) ਦੇ ਜ਼ਿਲਾ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਕਿਹਾ ਕਿ ਸ਼ਹਿਰ ਦੇ 5 ਹਲਕਿਆਂ 'ਚੋਂ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਹਲਕਾ ਪੱਧਰ 'ਤੇ ਬੈਠਕਾਂ ਕਰਦਿਆਂ ਸੂਚੀ ਤਿਆਰ ਕਰ ਕੇ ਪਾਰਟੀ ਦੇ ਉੱਚ ਨੇਤਾਵਾਂ ਨੂੰ ਦਿੱਤੀ ਜਾਂਦੀ ਹੈ।
ਪਿਛਲੇ ਸਾਲਾਂ ਵਿਚ ਚਰਚਾ ਦਾ ਵਿਸ਼ਾ ਰਿਹਾ ਭਗਤਾਂਵਾਲਾ ਡੰਪ ਦਾ ਮੁੱਦਾ ਬਣਿਆ ਰਹੇਗਾ। ਪਿਛਲੇ ਸਮੇਂ ਦੌਰਾਨ ਡੰਪ 'ਤੇ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਵੱਲੋਂ ਰੱਜ ਕੇ ਰਾਜਨੀਤੀ ਵੀ ਕੀਤੀ ਗਈ, ਜਿਨ੍ਹਾਂ ਵਿਚ ਹਲਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵੱਲੋਂ ਸੰਘਰਸ਼ ਕਰ ਰਹੇ ਲੋਕਾਂ ਦਾ ਸਾਥ ਦਿੱਤਾ ਗਿਆ ਸੀ। ਡੰਪ ਨੂੰ ਹਟਾਉਣ ਲਈ ਬਣੀ ਸਾਂਝੀ ਸੰਘਰਸ਼ ਕਮੇਟੀ ਦੇ ਪ੍ਰਮੁੱਖ ਜੈਇੰਦਰ ਸਿੰਘ, ਨਵਲ ਚਾਵਲਾ ਤੇ ਸੰਜੇ ਸ਼ਰਮਾ ਨੇ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ 'ਤੇ ਬਿਆਸ ਅਤੇ ਤਰਨਤਾਰਨ ਜੰਗਲਾਤ ਵਿਭਾਗ ਦੀਆਂ ਜ਼ਮੀਨਾਂ 'ਤੇ ਡੰਪ ਲਈ ਵਿਚਾਰ ਕੀਤਾ ਪਰ ਮਾਮਲਾ ਕਿਸੇ ਪਾਸੇ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਜੇਕਰ ਡੰਪ ਨੂੰ ਸ਼ਿਫਟ ਨਾ ਕੀਤਾ ਗਿਆ ਤਾਂ ਲੋਕ ਦੁਬਾਰਾ ਸੰਘਰਸ਼ ਲਈ ਮਜਬੂਰ ਹੋਣਗੇ।
ਵਿਧਾਨ ਸਭਾ ਚੋਣਾਂ ਦੇ ਵਾਅਦੇ ਬਣਨਗੇ ਮੁੱਦਾ
ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋਂ ਕੀਤੇ ਗਏ ਵਾਅਦੇ ਵੀ ਚਰਚਾ ਦਾ ਵਿਸ਼ਾ ਬਣੇ ਰਹਿਣਗੇ। ਵਿਰੋਧੀ ਉਮੀਦਵਾਰਾਂ ਸਮੇਤ ਲੋਕ ਕਾਂਗਰਸੀ ਉਮੀਦਵਾਰ ਨੂੰ ਘੇਰਨ ਦੀਆਂ ਤਿਆਰੀਆਂ ਵਿਚ ਰਹਿਣਗੇ, ਜਿਨ੍ਹਾਂ ਵਿਚ ਘਰ-ਘਰ ਸਰਕਾਰੀ ਨੌਕਰੀਆਂ ਲਈ ਨੌਜਵਾਨਾਂ ਦੇ ਫਾਰਮ ਭਰਨ, 2500 ਬੇਰੁਜ਼ਗਾਰੀ ਭੱਤਾ ਦੇਣ, ਨੌਜਵਾਨਾਂ ਨੂੰ ਮੋਬਾਇਲ ਫੋਨ ਦੇਣ, 2500 ਰੁਪਏ ਬੁਢਾਪਾ ਪੈਨਸ਼ਨ ਦੇਣ, ਕਿਸਾਨਾਂ ਦੀ ਕਰਜ਼ਾ ਮੁਆਫੀ, ਨਸ਼ਾ ਮੁਕਤ ਪੰਜਾਬ ਆਦਿ ਮੁੱਦੇ ਨਿਗਮ ਚੋਣਾਂ ਵਿਚ ਕਾਂਗਰਸੀ ਉਮੀਦਵਾਰਾਂ ਲਈ ਸਿਰਦਰਦੀ ਬਣ ਸਕਦੇ ਹਨ।
ਨਿਗਮ ਕਰਮਚਾਰੀਆਂ ਦਾ ਫੁੱਟ ਸਕਦੈ ਗੁੱਸਾ
ਨਿਗਮ ਮੁਲਾਜ਼ਮਾਂ ਨੂੰ ਸਮੇਂ ਸਿਰ ਤਨਖਾਹਾਂ ਨਾ ਮਿਲਣ ਕਰ ਕੇ ਆਏ ਮਹੀਨੇ ਹੜਤਾਲਾਂ ਕਰਨ ਵਾਲੇ ਨਿਗਮ ਕਰਮਚਾਰੀਆਂ ਦਾ ਗੁੱਸਾ ਨਿਗਮ ਚੋਣਾਂ ਵਿਚ ਨਿਕਲ ਸਕਦਾ ਹੈ। ਤਨਖਾਹਾਂ ਨਾ ਮਿਲਣ ਕਰ ਕੇ ਆਏ ਮਹੀਨੇ ਹੜਤਾਲਾਂ ਕਰ ਕੇ ਉਸ ਦਾ ਹਰਜਾਨਾ ਸ਼ਹਿਰਵਾਸੀਆਂ ਨੂੰ ਅਨੇਕਾਂ ਵਾਰ ਭੁਗਤਣਾ ਪੈਂਦਾ ਹੈ ਕਿਉਂਕਿ ਹੜਤਾਲ ਦੌਰਾਨ ਹਰ ਵਾਰ ਗੁਰੂ ਨਗਰੀ ਕੂੜੇ ਨਾਲ ਭਰ ਜਾਂਦੀ ਹੈ। ਗਲੀਆਂ, ਮੁਹੱਲਿਆਂ, ਸੜਕਾਂ 'ਤੇ ਲੱਗੇ ਕੂੜੇ ਦੇ ਢੇਰ ਗੁਰੂ ਨਗਰੀ ਆਉਣ ਵਾਲੀਆਂ ਸੰਗਤਾਂ ਤੇ ਸ਼ਹਿਰਵਾਸੀਆਂ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕਰਦੇ ਹਨ।  


Related News