ਕੈਪਟਨ ਅਮਰਿੰਦਰ ਸਿੰਘ ਨੂੰ ਕੈਨੇਡਾ ਆਉਣ ਦਾ ਸੱਦਾ, ਕੈਬਨਿਟ ਮੰਤਰੀ ਨੇ ਕੀਤਾ ਪੂਰੀ ਸੁਰੱਖਿਆ ਦੇਣ ਦਾ ਵਾਅਦਾ

07/24/2017 1:21:21 PM

ਲੁਧਿਆਣਾ— 6 ਜੂਨ 1945 ਨੂੰ ਜ਼ਿਲਾ ਜਲੰਧਰ 'ਚ ਜਨਮੇ ਰਾਮੇਸ਼ਵਰ ਸਿੰਘ ਸੰਘਾ ਇਸ ਸਮੇਂ ਕੈਨੇਡਾ 'ਚ ਹਾਊਸ ਆਫ ਕਾਮਨਸ ਦੇ ਮੈਂਬਰ ਹਨ ਅਤੇ ਉਹ ਕੈਨੇਡਾ ਦੀ ਪਾਰਲੀਮੈਂਟ 'ਚ ਇਲੈਕਟ੍ਰੋਲਰ ਜ਼ਿਲਾ ਬਰੈਂਪਟਨ ਸੈਂਟਰ ਦੀ ਪ੍ਰਤੀਨਿਧਤਾ ਕਰਦੇ ਹਨ। ਉਹ ਕੈਨੇਡਾ ਦੀ ਸੱਤਾਧਾਰੀ ਸਰਕਾਰ ਨਾਲ ਸਬੰਧਤ ਹੈ ਅਤੇ ਅੱਜਕਲ ਪੰਜਾਬ ਦੇ ਦੌਰੇ 'ਤੇ ਆਏ ਹੋਏ ਹਨ। ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਦੌਰੇ ਤੋਂ ਪਹਿਲਾਂ ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ ਹਨ। ਸੰਘਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨਾਲ ਵੀ ਬੀਤੇ ਦਿਨੀਂ ਕੈਨੇਡਾ ਅਤੇ ਪੰਜਾਬ ਦੇ ਰਿਸ਼ਤਿਆਂ ਨੂੰ ਲੈ ਕੇ ਲੰਬੀ ਚਰਚਾ ਕੀਤੀ। ਸੰਘਾ ਨਾਲ ਕੀਤੀ ਗਈ ਇੰਟਰਵਿਊ ਦੇ ਪ੍ਰਮੁੱਖ ਅੰਸ਼ ਹੇਠ ਲਿਖੇ ਹਨ —

ਸਵਾਲ : ਪੰਜਾਬ ਤੇ ਕੈਨੇਡਾ ਦੇ ਆਪਸੀ ਰਿਸ਼ਤਿਆਂ  'ਚ ਕੈਨੇਡਾ 'ਚ ਮੌਜੂਦ ਗਰਮ ਦਲੀ ਤੱਤਾਂ ਕਾਰਨ ਆਪਸੀ ਕੁੜੱਤਣ ਪੈਦਾ ਹੋਈ ਹੈ?
ਜਵਾਬ : ਮੇਰਾ ਪੰਜਾਬ ਦੌਰਾ ਕੈਨੇਡਾ ਅਤੇ ਪੰਜਾਬ ਦੇ ਆਪਸੀ ਰਿਸ਼ਤਿਆਂ ਨੂੰ ਦੁਬਾਰਾ ਜੋੜਨ ਅਤੇ ਉਸ 'ਚ ਸੁਧਾਰ ਲਿਆਉਣ ਲਈ ਹੈ। ਭਾਵੇਂ ਉਹ ਨਿੱਜੀ ਦੌਰੇ 'ਤੇ ਆਏ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਬੈਠਕ ਕਾਫੀ ਸੁਹਿਰਦਤਾ ਪੂਰਨ ਅਤੇ ਆਪਸੀ ਸਬੰਧਾਂ ਨੂੰ ਹੁੰਗਾਰਾ ਦੇਣ ਵਾਲੀ ਰਹੀ ਹੈ।
ਸਵਾਲ :  ਕੀ ਤੁਸੀਂ ਸਮਝਦੇ ਹੋ ਕਿ ਕੈਨੇਡਾ ਅਤੇ ਪੰਜਾਬ ਵਿਚਾਲੇ ਜੰਮੀ ਬਰਫ ਪਿਘਲਣ ਲੱਗੀ ਹੈ?
ਜਵਾਬ : ਹਾਂ, ਹੁਣ ਦੋਵਾਂ ਵਿਚਾਲੇ ਆਪਸੀ ਸਬੰਧਾਂ ਨੂੰ ਲੈ ਕੇ ਇਕ ਨਵੀਂ ਸ਼ੁਰੂਆਤ ਹੋਈ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਬਰਫ ਪਿਘਲਣ ਲੱਗੀ ਹੈ।
ਸਵਾਲ : ਕੈਨੇਡਾ 'ਚ ਖਾਲਿਸਤਾਨੀ ਲਹਿਰ ਦਾ ਕਿੰਨਾ ਜ਼ੋਰ ਹੈ?
ਜਵਾਬ : ਮੈਨੂੰ ਨਹੀਂ ਲੱਗਦਾ ਕਿ ਹੁਣ ਖਾਲਿਸਤਾਨੀ ਲਹਿਰ 'ਚ ਕੋਈ ਜ਼ੋਰ ਹੈ। ਹੁਣ ਕੈਨੇਡਾ 'ਚ ਪੁਰਾਣੇ ਵਰਗੇ ਹਾਲਾਤ ਨਹੀਂ ਹਨ। ਕੈਨੇਡਾ 'ਚ ਵਸੇ ਪੰਜਾਬੀ ਅਤੇ ਹੋਰ ਭਾਈਚਾਰੇ ਦੇ ਲੋਕ ਭਾਰਤ ਅਤੇ ਪੰਜਾਬ ਨਾਲ ਸਬੰਧਾਂ ਨੂੰ ਸੁਧਾਰਨਾ ਚਾਹੁੰਦੇ ਹਨ।
ਸਵਾਲ : ਕੈਨੇਡਾ 'ਚ ਆਮ ਤੌਰ 'ਤੇ ਭਾਰਤੀ ਸਿਆਸਤਦਾਨਾਂ ਖਿਲਾਫ ਕੁਝ ਸੰਗਠਨਾਂ ਜਿਵੇਂ ਕਿ ਸਿੱਖ ਫਾਰ ਜਸਟਿਸ ਵਲੋਂ ਸ਼ਿਕਾਇਤਾਂ ਦਿੱਤੀਆਂ ਜਾਂਦੀਆਂ ਹਨ। ਕੀ ਉਨ੍ਹਾਂ 'ਤੇ ਰੋਕ ਨਹੀਂ ਲੱਗਣੀ ਚਾਹੀਦੀ?
ਜਵਾਬ : ਮੈਂ ਇਸ ਗੱਲ ਨਾਲ ਸਹਿਮਤ ਹਾਂ ਕਿ ਕਿਸੇ ਖਿਲਾਫ ਨਾਜਾਇਜ਼ ਸ਼ਿਕਾਇਤ ਨਹੀਂ ਕੀਤੀ ਜਾਣੀ ਚਾਹੀਦੀ ਪਰ ਕਈ ਵਾਰ ਕੈਨੇਡਾ 'ਚ ਲੋਕਾਂ ਨੂੰ ਮਿਲੇ ਹੱਕਾਂ ਦੇ ਕਾਰਨ ਵੀ ਅਜਿਹਾ ਹੋ ਜਾਂਦਾ ਹੈ।
ਸਵਾਲ : ਤੁਹਾਡੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੈਠਕ ਕਿਹੋ ਜਿਹੀ ਰਹੀ?
ਜਵਾਬ :  ਮੈਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਪਸੀ ਸਬੰਧਾਂ ਨੂੰ ਸੁਧਾਰਨ ਨੂੰ ਲੈ ਕੇ ਚਰਚਾ ਕੀਤੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕੈਨੇਡਾ ਦੌਰੇ 'ਤੇ ਸੱਦਿਆ ਗਿਆ ਹੈ ਅਤੇ ਕੈਪਟਨ ਨੇ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਹੈ ਕਿ ਉਹ ਕੈਨੇਡਾ ਦਾ ਦੌਰਾ ਕਰਨ ਦੇ ਚਾਹਵਾਨ ਹਨ।
ਸਵਾਲ :  ਕੀ ਕੈਨੇਡਾ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਢੁਕਵੀਂ ਸੁਰੱਖਿਆ ਮੁਹੱਈਆ ਕਰਵਾਏਗੀ?
ਜਵਾਬ : ਕੈਨੇਡਾ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੇ ਸੀ. ਐੱਮ. ਦੇ ਰੁਤਬੇ ਨੂੰ ਦੇਖਦੇ ਹੋਏ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਏਗੀ। ਕੈਪਟਨ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ। ਮੁੱਖ ਮੰਤਰੀ ਜੇਕਰ ਕੈਨੇਡਾ ਆਉਂਦੇ ਹਨ ਤਾਂ ਉਨ੍ਹਾਂ ਦਾ ਪੰਜਾਬੀ ਦਿਲੋਂ ਸਵਾਗਤ ਕਰਨਗੇ। ਕੈਪਟਨ ਦੇ ਕੈਨੇਡਾ ਆਉਣ ਨਾਲ ਕੈਨੇਡਾ ਅਤੇ ਪੰਜਾਬ ਦੇ ਰਿਸ਼ਤੇ ਕਾਫੀ ਮਜ਼ਬੂਤ ਹੋਣਗੇ। ਕੈਨੇਡਾ 'ਚ ਵਸੇ ਪੰਜਾਬੀ ਵੀ ਕੈਪਟਨ ਦੇ ਸੀ. ਐੱਮ. ਬਣਨ ਤੋਂ ਖੁਸ਼ ਹਨ।
ਸਵਾਲ :  ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕੈਨੇਡਾ ਦੇ ਕੁਝ ਮੰਤਰੀਆਂ ਖਿਲਾਫ ਖਾਲਿਸਤਾਨੀਆਂ ਨਾਲ ਮਿਲੇ ਹੋਣ ਦੇ ਦੋਸ਼ ਲਾਏ ਹਨ?
ਜਵਾਬ : ਮੈਂ ਵੀ ਇਸ ਸਬੰਧ 'ਚ ਅਖਬਾਰਾਂ 'ਚ ਪੜ੍ਹਿਆ ਸੀ। ਮੁੱਖ ਮੰਤਰੀ ਨੇ ਜੋ ਇਤਰਾਜ਼ ਖੜ੍ਹ੍ਹੇ ਕੀਤੇ ਹਨ, ਉਸ ਦੇ ਸਬੂਤ ਕੈਨੇਡਾ ਸਰਕਾਰ ਦੇ ਸਾਹਮਣੇ ਪੇਸ਼ ਕੀਤੇ ਜਾਣੇ ਚਾਹੀਦੇ ਹਨ ਪਰ ਮੈਂ ਸਮਝਦਾ ਹਾਂ ਕਿ ਹੁਣ ਗਰਮ ਤੱਤਾਂ ਵਰਗੀ ਕੈਨੇਡਾ 'ਚ ਕੋਈ ਗੱਲ ਨਹੀਂ  ਅਤੇ ਹੌਲੀ-ਹੌਲੀ ਸਭ ਕੁਝ ਆਮ ਵਰਗਾ ਹੋ ਰਿਹਾ ਹੈ।
ਸਵਾਲ :  ਕੀ ਕੈਨੇਡਾ ਅਤੇ ਭਾਰਤ ਵਿਚਾਲੇ ਆਪਸੀ ਸਹਿਯੋਗ ਹੋਰ ਵਧਣ ਦੀਆਂ ਉਮੀਦਾਂ ਹਨ?
ਜਵਾਬ : ਹਾਂ, ਦੋਵਾਂ ਦੇਸ਼ਾਂ ਵਿਚਾਲੇ ਆਰਟ ਐਂਡ ਕਲਚਰਲ, ਹਸਪਤਾਲ, ਮੈਡੀਕਲ, ਸਾਇੰਸ ਐਂਡ ਟੈਕਨਾਲੋਜੀ, ਐਜੂਕੇਸ਼ਨ ਆਦਿ ਖੇਤਰਾਂ 'ਚ ਆਪਸੀ ਸਹਿਯੋਗ ਦੀਆਂ ਉਮੀਦਾਂ ਹਨ।
ਵਾਲ : ਪੰਜਾਬ ਤੋਂ ਲੋਕ ਕੈਨੇਡਾ ਜਾ ਕੇ ਵਸਣ ਦੇ ਚਾਹਵਾਨ ਹਨ? ਕੀ ਕੈਨੇਡਾ ਸਰਕਾਰ ਵੀਜ਼ਾ ਪ੍ਰਣਾਲੀ ਨੂੰ ਹੋਰ ਨਰਮ ਬਣਾ ਰਹੀ ਹੈ?
ਜਵਾਬ  : ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪੰਜਾਬੀਆਂ ਨੂੰ ਵੱਧ ਤੋਂ ਵੱਧ ਕੈਨੇਡਾ ਵਿਚ ਸੱਦ ਰਹੇ ਹਨ ਅਤੇ ਕੈਨੇਡਾ ਸਰਕਾਰ ਨੇ ਵੀਜ਼ਾ ਪ੍ਰਣਾਲੀ ਨੂੰ ਸਰਲ ਬਣਾਇਆ ਹੈ। ਜੇਕਰ ਪੰਜਾਬੀ ਕੈਨੇਡਾ 'ਚ ਆ ਕੇ ਵਪਾਰ ਕਰਨਾ ਚਾਹੁੰਣ ਤਾਂ ਵੀ ਉਨ੍ਹਾਂ ਦਾ ਸਵਾਗਤ ਹੈ।
ਸਵਾਲ : ਕੈਨੇਡਾ 'ਚ ਪੰਜਾਬੀਆਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਹੁਣ ਕੈਨੇਡਾ ਸਰਕਾਰ ਦੀਆਂ ਨੀਤੀਆ ਨੂੰ ਵੀ ਉਹ ਪ੍ਰਭਾਵਿਤ ਕਰ ਰਹੇ ਹਨ? 
ਜਵਾਬ : ਕੈਨੇਡਾ 'ਚ ਵਸੇ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਹੁਣ ਉਹ ਕੈਨੇਡਾ ਸਰਕਾਰ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰ ਰਹੇ ਹਨ ਅਤੇ ਸਰਕਾਰ ਵੀ ਉਨ੍ਹਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਆਪਣੀਆਂ ਨੀਤੀਆਂ ਬਣਾ ਰਹੀ ਹੈ। ਇਸ ਨਾਲ ਪੰਜਾਬੀਆਂ ਲਈ ਕੈਨੇਡਾ 'ਚ ਮੌਕੇ ਹੋਰ ਵਧਣਗੇ।
ਸਵਾਲ : ਕੀ ਕੈਨੇਡਾ ਦੀਆਂ ਕੰਪਨੀਆਂ ਪੰਜਾਬ 'ਚ ਪੂੰਜੀ ਨਿਵੇਸ਼ ਕਰਨ ਲਈ ਤਿਆਰ ਹਨ?
ਜਵਾਬ : ਕੈਨੇਡਾ ਦੀਆਂ ਕੰਪਨੀਆਂ ਦੀ ਪੰਜਾਬ  'ਚ ਦਿਲਚਸਪੀ ਹੈ ਅਤੇ ਪੰਜਾਬ ਸਰਕਾਰ ਜੇਕਰ ਸਹਿਯੋਗ ਦੇਵੇ ਤਾਂ ਉਹ ਸੂਬੇ 'ਚ ਪੂੰਜੀ ਨਿਵੇਸ਼ ਲਈ ਤਿਆਰ ਹਨ।
ਸਵਾਲ : ਕੈਨੇਡਾ ਅਤੇ ਭਾਰਤ ਦੇ ਆਪਸੀ ਸਬੰਧਾਂ 'ਚ ਸੁਧਾਰ ਲਈ ਕੀ-ਕੀ ਕਦਮ ਚੁੱਕੇ ਜਾਣੇ ਚਾਹੀਦੇ ਹਨ?
ਜਵਾਬ : ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਇਕ-ਦੂਜੇ ਨਾਲ ਵਪਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨਾ ਹੋਵੇਗਾ ਅਤੇ ਇਕ-ਦੂਜੇ ਦੇ ਦੇਸ਼ 'ਚ ਸਰਕਾਰੀ ਦੌਰਿਆਂ 'ਚ ਵਾਧਾ ਹੋਣਾ ਚਾਹੀਦਾ ਹੈ।
ਸਵਾਲ : ਕੈਨੇਡਾ 'ਚ ਹੁਣ ਭਾਰਤੀਆਂ ਦੇ ਕਿੰਨੇ ਸੰਸਦ ਮੈਂਬਰ ਸੰਸਦ 'ਚ ਪ੍ਰਤੀਨਿਧਤਾ ਕਰਦੇ ਹਨ?
ਜਵਾਬ :  ਕੈਨੇਡਾ 'ਚ ਇਸ ਸਮੇਂ ਭਾਰਤ ਨਾਲ ਸਬੰਧਤ 22 ਸੰਸਦ ਮੈਂਬਰ ਹਨ, ਜਿਸ 'ਚ ਸੱਤਾਧਾਰੀ ਸਰਕਾਰ ਨਾਲ ਸਬੰਧਿਤ 18 ਸੰਸਦ ਮੈਂਬਰ ਹਨ। ਟਰੂਡੋ ਸਰਕਾਰ 'ਚ 4 ਪੰਜਾਬੀ ਕੇਂਦਰੀ ਮੰਤਰੀ ਬਣੇ ਹਨ।


Related News