ਜੱਸੀ ਦਾ ਕਾਤਲਾਂ ਦੀ ਵਤਨ ਵਾਪਸੀ ''ਤੇ ਕਾਨੂੰਨੀ ਅੜਿੱਕਾ, ਕੈਨੇਡਾ ਪਹੁੰਚੀ ਪੁਲਸ ਦੇ ਹੱਥ ਅਜੇ ਵੀ ਖਾਲ੍ਹੀ

09/22/2017 8:45:01 PM

ਸੰਗਰੂਰ/ਅਮਰਗੜ੍ਹ (ਬੇਦੀ/ਜੋਸ਼ੀ) : 17 ਸਾਲ ਪਹਿਲਾਂ ਪਿੰਡ ਨਾਰੀਕੇ ਦੀ ਜਸਪ੍ਰੀਤ ਕੌਰ ਜੱਸੀ ਨੂੰ ਵਿਦੇਸ਼ ਵਿਚ ਬੈਠੇ ਉਸਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਕਤਲ ਕਰਵਾ ਦਿੱਤਾ ਗਿਆ ਸੀ। ਉਸ ਸਮੇਂ ਥਾਣਾ ਅਮਰਗੜ੍ਹ ਵਿਖੇ ਐੱਸ.ਐੱਚ.ਓ. ਸਵਰਨਜੀਤ ਸਿੰਘ ਖੰਨਾ ਜੋ ਕਿ ਅੱਜਕਲ ਐੱਸ.ਪੀ. ਬਠਿੰਡਾ ਤਾਇਨਾਤ ਹਨ, ਵੱਲੋਂ ਕਾਰਵਾਈ ਕਰਦਿਆਂ ਜੱਸੀ ਕਤਲ ਕਾਂਡ ਦੇ ਦੋਸ਼ੀਆਂ ਅਤੇ ਸਾਜ਼ਿਸ਼ਕਾਰਾਂ ਵਿਰੁੱਧ ਸਾਲ 2000 ਵਿਚ ਮਾਮਲਾ ਦਰਜ ਕੀਤਾ ਗਿਆ। ਮਾਣਯੋਗ ਅਦਾਲਤ ਵੱਲੋਂ ਇਸ ਕੇਸ ਦੀ ਕਾਰਵਾਈ ਨੂੰ ਅੰਤਿਮ ਛੋਹਾਂ ਦਿੰਦੇ ਹੋਏ ਜਸਪ੍ਰੀਤ ਕੌਰ ਦੀ ਮਾਂ ਮਲਕੀਤ ਕੌਰ ਅਤੇ ਮਾਮਾ ਸੁਰਜੀਤ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤਾ।
ਜਾਣਕਾਰੀ ਅਨੁਸਾਰ 21 ਸਤੰਬਰ ਨੂੰ ਅਦਾਲਤ ਦੇ ਫੈਸਲੇ ਅਨੁਸਾਰ ਜੱਸੀ ਦੀ ਮਾਂ ਮਲਕੀਤ ਕੌਰ ਅਤੇ ਮਾਮਾ ਸੁਰਜੀਤ ਸਿੰਘ ਨੂੰ ਕਨੈਡਾ ਤੋਂ ਗ੍ਰਿਫਤਾਰ ਕਰਕੇ ਭਾਰਤ ਲੈ ਕੇ ਆਉਣਾ ਸੀ ਪਰ ਕੈਨੇਡਾ ਵਿਚ ਭਾਰਤ ਲਿਆਉਣ ਦੀ ਪ੍ਰਕਿਰਿਆ ਕੈਨੇਡਾ ਸਰਕਾਰ ਵਿਚ ਸਮੇਂ ਸਿਰ 21 ਸਤੰਬਰ ਤੱਕ ਪੂਰੀ ਨਹੀਂ ਹੋਈ ਜਿਸ ਕਾਰਨ ਦੋਵੇਂ ਫਲਾਈਟ ਨਹੀਂ ਚੜ੍ਹ ਸਕੇ। ਪੁਲਸ ਦੇ ਹੱਥ ਫਿਲਹਾਲ ਦੋਸ਼ੀਆਂ ਤੋਂ ਖਾਲੀ ਨਜ਼ਰ ਆ ਰਹੇ ਹਨ।
ਇਹ ਸੀ ਮਾਮਲਾ
ਇਸ ਪ੍ਰੇਮ ਕਹਾਣੀ ਦੀ ਸ਼ੁਰੂਆਤ 1995 ਵਿਚ ਪੰਜਾਬ ਦੇ ਜਗਰਾਓਂ ਕਸਬੇ ਤੋਂ ਸ਼ੁਰੂ ਹੋਈ ਸੀ ਜਦੋਂ ਕੈਨੇਡਾ ਵਿਚ ਜੰਮੀ ਪਲੀ ਲੜਕੀ ਜਸਵਿੰਦਰ ਕੌਰ ਜੱਸੀ ਸਿੱਧੂ ਆਪਣੇ ਪਰਿਵਾਰਕ ਮੈਂਬਰਾਂ ਨਾਲ ਪੰਜਾਬ ਘੁੰਮਣ ਆਈ ਸੀ। ਪੰਜਾਬ ਨੂੰ ਵੇਖ ਕੇ ਜਿਥੇ ਉਹ ਇਥੋਂ ਦੇ ਸਭਿਆਚਾਰ ਤੋਂ ਕਾਫੀ ਪ੍ਰਭਾਵਿਤ ਹੋਈ, ਉਥੇ ਹੀ ਇਸ ਐੱਨ. ਆਰ. ਆਈ ਲੜਕੀ ਨੂੰ ਇਕ ਆਟੋ ਰਿਕਸ਼ਾ ਚਾਲਕ ਸੁਖਵਿੰਦਰ ਸਿੰਘ ਮਿੱਠੂ ਨਾਲ ਪਿਆਰ ਹੋ ਗਿਆ। 1999 ਵਿਚ ਜੱਸੀ ਦੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਅਤੇ ਮਾਂ ਮਲਕੀਤ ਕੌਰ ਸਿੱਧੂ ਨੇ ਉਸਦਾ ਵਿਆਹ ਇਕ 60 ਸਾਲ ਦੇ ਵਿਅਕਤੀ ਨਾਲ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਜਿਸਦੇ ਚਲਦਿਆ ਫਰਵਰੀ 1999 ਵਿਚ ਜੱਸੀ ਦਾ ਪਰਿਵਾਰ ਉਸ ਨੂੰ ਨਾਲ ਲੈ ਕੇ ਭਾਰਤ ਵਿਆਹ ਦੀ ਤਾਰੀਕ ਮਿਥਣ ਲਈ ਆਇਆ ਸੀ ਪ੍ਰੰਤੂ ਇਥੇ ਆ ਕੇ ਪਰਿਵਾਰ ਦੇ ਜ਼ਿਆਦਾਤਰ ਮੈਂਬਰ ਇਸ ਵਿਆਹ ਲਈ ਰਾਜ਼ੀ ਨਹੀਂ ਹੋਏ ਸਨ। ਜੱਸੀ ਅਤੇ ਮਿੱਠੂ ਕਿਸੇ ਵੀ ਕੀਮਤ 'ਤੇ ਇਕ ਦੂਜੇ ਤੋਂ ਦੂਰ ਨਹੀਂ ਹੋਣਾ ਚਾਹੁੰਦੇ ਸਨ ਜਿਸਦੇ ਚਲਦਿਆਂ ਉਨਾਂ ਸਮਾਜ ਦੀਆਂ ਰਵਾਇਤਾਂ ਨੂੰ ਤੋੜਕੇ ਚੁੱਪ ਚਪੀਤੇ 15 ਮਾਰਚ 1999 ਨੂੰ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਜੱਸੀ ਆਪਣੇ ਪਤੀ ਮਿੱਠੂ ਨੂੰ ਇਹ ਕਹਿ ਕੇ ਵਾਪਸ ਕੈਨੇਡਾ ਚਲੀ ਗਈ ਕਿ ਉਹ ਛੇਤੀ ਹੀ ਉਸਨੂੰ ਵੀ ਆਪਣੇ ਕੋਲ ਬੁਲਾ ਲਵੇਗੀ। ਇਸਤੋਂ ਬਾਅਦ ਦੋਵਾਂ ਵਿਚਕਾਰ ਫੋਨ 'ਤੇ ਲੰਮਾ ਸਮਾਂ ਗੱਲਬਾਤ ਹੁੰਦੀ ਰਹੀ ਅਤੇ ਇਕ ਵਾਰ ਜੱਸੀ ਨੇ ਮਿੱਠੂ ਨੂੰ ਨਵਾਂ ਮੋਟਰਸਾਈਕਲ ਖਰੀਦਣ ਲਈ ਪੈਸੇ ਵੀ ਭੇਜੇ।
ਜਦੋਂ ਜੱਸੀ ਅਤੇ ਮਿੱਠੂ ਵੱਲੋਂ ਕਰਵਾਏ ਪ੍ਰੇਮ ਵਿਆਹ ਦਾ ਜੱਸੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤੇ ਉਨ੍ਹਾਂ ਇਸ ਬਾਰੇ ਪੂਰੀ ਪੁੱਛ ਪੜਤਾਲ ਕਰਨੀ ਸ਼ੁਰੂ ਕਰ ਦਿੱਤੀ। ਆਖਿਰਕਾਰ ਜੱਸੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗ ਗਿਆ ਕਿ ਜੱਸੀ ਨੇ ਇਕ ਆਟੋ ਰਿਕਸ਼ਾ ਚਾਲਕ ਮਿੱਠੂ ਨਾਲ ਵਿਆਹ ਕਰਵਾਇਆ ਹੈ। ਇਸਤੋਂ ਮਗਰੋਂ ਜੱਸੀ ਦੇ ਮਾਮਾ ਸੁਰਜੀਤ ਸਿੰਘ ਬਦੇਸ਼ਾ ਅਤੇ ਉਸਦੀ ਮਾਤਾ ਮਲਕੀਤ ਕੌਰ ਸਿੱਧੂ ਨੇ ਉਸਤੇ ਮਿੱਠੂ ਨਾਲ ਤਲਾਕ ਲੈਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੀ ਕੁੱਟਮਾਰ ਕਰਕੇ ਕਮਰੇ ਵਿਚ ਬੰਦ ਕਰ ਦਿੱਤਾ। ਬਾਅਦ 'ਚ ਉਸ ਨੂੰ ਕਾਰ ਲੈ ਕੇ ਦੇਣ ਦਾ ਲਾਲਚ ਦਿੰਦਿਆਂ ਖਾਲੀ ਕਾਗਜ਼ਾਂ 'ਤੇ ਦਸਤਖਤ ਕਰਨ ਲਈ ਕਿਹਾ। ਉਨ੍ਹਾਂ ਜੱਸੀ ਦੇ ਦਸਤਖਤਾਂ ਵਾਲੇ ਕਾਗਜ਼ ਨੂੰ ਪਰਿਵਾਰ ਨੇ ਜਾਅਲੀ ਹਲਫਨਾਮੇ ਵਿਚ ਬਦਲ ਦਿੱਤਾ, ਜਿਸ ਵਿਚ ਲਿਖਿਆ ਗਿਆ ਸੀ ਕਿ ਸੁਖਵਿੰਦਰ ਸਿੰਘ ਮਿੱਠੂ ਨੇ ਜੱਸੀ ਨੂੰ ਅਗਵਾ ਕਰਕੇ ਉਸ ਨਾਲ ਬੰਦੂਕ ਦੀ ਨੋਕ 'ਤੇ ਵਿਆਹ ਕਰਵਾਇਆ ਹੈ। ਇਹ ਹਲਫਨਾਮਾ ਸੁਰਜੀਤ ਸਿੰਘ ਬਦੇਸ਼ਾ ਨੇ ਲੁਧਿਆਣਾ ਪੁਲਸ ਨੂੰ ਦੇ ਕੇ ਮਿੱਠੂ ਖਿਲਾਫ਼ ਕੇਸ ਦਰਜ ਕਰਵਾ ਦਿੱਤਾ।
ਇਸ ਮਾਮਲੇ ਵਿਚ ਪੰਜਾਬ ਪੁਲਸ ਨੇ ਮਿੱਠੂ ਤੇ ਉਸ ਦੇ ਦੋਸਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਮਿੱਠੂ ਨੇ ਜੱਸੀ ਨੂੰ ਇਤਲਾਹ ਦੇ ਕੇ ਮਦਦ ਕਰਨ ਦੀ ਅਪੀਲ ਕੀਤੀ। ਜੱਸੀ ਨੇ ਪੰਜਾਬ ਪੁਲਸ ਨੂੰ ਫੈਕਸ ਭੇਜ ਕੇ ਹਲਫਨਾਮਾ ਜਾਅਲੀ ਹੋਣ ਬਾਰੇ ਦੱਸਿਆ। ਇਸਤੋਂ ਬਾਅਦ ਉਹ ਮਿੱਠੂ ਨੂੰ ਜੇਲ 'ਚੋਂ ਰਿਹਾਅ ਕਰਵਾਉਣ ਲਈ ਭਾਰਤ ਆ ਗਈ। ਇਸ ਤੋਂ ਬਾਅਦ ਵੀ ਜੱਸੀ ਤੇ ਮਿੱਠੂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ ਅਤੇ ਧਮਕੀਆਂ ਮਿਲਦੀਆਂ ਰਹੀਆਂ। 8 ਜੂਨ 2000 ਨੂੰ ਕੁਝ ਹਥਿਆਰਬੰਦ ਬਦਮਾਸ਼ਾਂ ਨੇ ਜੱਸੀ ਤੇ ਮਿੱਠੂ ਉਪਰ ਘਾਤ ਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਇਸ ਦੌਰਾਨ ਹਮਲਾਵਰ ਮਿੱਠੂ ਨੂੰ ਮਰਿਆ ਸਮਝ ਕੇ ਉਥੇ ਛੱਡ ਗਏ ਜਦਕਿ ਜੱਸੀ ਨੂੰ ਇਕ ਫਾਰਮ ਵਿਚ ਚੁੱਕ ਕੇ ਲੈ ਗਏ ਪਰ ਖੁਸ਼ਕਿਸਮਤੀ ਨਾਲ ਮਿੱਠੂ ਗੰਭੀਰ ਜ਼ਖਮੀ ਹਾਲਤ ਵਿਚ ਬੇਹੋਸ਼ ਪਿਆ ਕਿਸੇ ਨੂੰ ਮਿਲ ਗਿਆ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿਥੇ ਉਹ ਕੌਮਾ ਵਿਚ ਚਲਾ ਗਿਆ।
9 ਜੂਨ, 2000 ਨੂੰ ਜੱਸੀ ਦੀ ਲਾਸ਼ ਜਗਰਾਓਂ ਖੇਤਰ 'ਚੋਂ ਇਕ ਨਹਿਰ ਨੇੜਿਓਂ ਮਿਲੀ ਪ੍ਰੰਤੂ ਜੱਸੀ ਦੇ ਪਰਿਵਾਰ ਨੇ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਪੰਜਾਬ ਪੁਲਸ ਨੂੰ ਰਿਪੋਰਟ ਮਿਲੀ ਕਿ ਜੱਸੀ ਅਤੇ ਮਿੱਠੂ ਨੂੰ ਮਾਰਨ ਦਾ ਹੁਕਮ ਕੈਨੇਡਾ ਤੋਂ ਹੋਇਆ ਸੀ। ਜੁਲਾਈ 2000 ਤੋਂ ਅਗਸਤ 2004 ਇਹ ਕੇਸ ਭਾਰਤੀ ਅਦਾਲਤ ਵਿਚ ਚੱਲਿਆ। ਪੰਜਾਬ ਪੁਲਸ ਵੱਲੋਂ ਕੈਨੇਡਾ ਸਰਕਾਰ ਨੂੰ ਜੱਸੀ ਸਿੱਧੂ ਦੀ ਮਾਂ ਤੇ ਮਾਮੇ ਨੂੰ ਭਾਰਤ ਹਵਾਲੇ ਕਰਨ ਦੀ ਬੇਨਤੀ ਕੀਤੀ ਜਾ ਰਹੀ ਸੀ ਜਿਸ 'ਤੇ ਹੁਣ ਕੈਨੇਡਾ ਦੀ ਸੁਪਰੀਮ ਕੋਰਟ ਨੇ ਮੁਹਰ ਲਗਾ ਦਿੱਤੀ ਹੈ ਅਤੇ ਹੁਣ ਜੱਸੀ ਦੀ ਮਾਂ ਅਤੇ ਮਾਮੇ ਨੂੰ ਭਾਰਤ ਲਿਆਉਣ ਦਾ ਰਸਤਾ ਸਾਫ ਹੋ ਗਿਆ। ਜਿਸਦੇ ਚਲਦਿਆਂ ਪੰਜਾਬ ਤੋਂ ਪੁਲਸ ਦੀ ਤਿੰਨ ਮੈਂਬਰੀ ਵਿਸ਼ੇਸ਼ ਟੀਮ ਪਿਛਲੇ ਦਿਨੀਂ ਕੈਨੇਡਾ ਲਈ ਰਵਾਨਾ ਹੋਈ ਸੀ ਜਿਸਦੇ ਜਲਦ ਹੀ ਭਾਰਤ ਮੁੜਨ ਦੇ ਆਸਾਰ ਹਨ ਅਤੇ ਇਸ ਤਰ੍ਹਾਂ ਕਰੀਬ 17 ਸਾਲ ਆਪਣੀ ਕਤਲ ਹੋਈ ਪਤਨੀ ਲਈ ਇਨਸਾਫ਼ ਦੀ ਲੜਾਈ ਲੜਨ ਵਾਲੇ ਮਿੱਠੂ ਨੂੰ ਹੁਣ ਇਨਸਾਫ਼ ਮਿਲਣ ਦੀ ਉਮੀਦ ਜਾਗੀ ਹੈ।


Related News