ਬੱਸ ਸਟੈਂਡ ਦੀ ਖਸਤਾ ਹਾਲ ਛੱਤ ਦੇ ਹਿੱਸੇ ਦੇ ਡਿੱਗਣ ਨਾਲ ਜ਼ਖਮੀ ਹੋਏ ਵਿਅਕਤੀ ਦੀ ਮੌਤ

08/18/2017 7:14:08 AM

ਨਕੋਦਰ, (ਪਾਲੀ)- ਬੀਤੇ ਦਿਨੀਂ ਬੱਸ ਸਟੈਂਡ ਦੀ ਖਸਤਾ ਹਾਲ ਛੱਤ ਦਾ ਕੁਝ ਹਿੱਸਾ ਡਿੱਗਣ ਨਾਲ ਗੰਭੀਰ ਜ਼ਖਮੀ ਹੋਏ ਵਿਅਕਤੀ ਨੂੰ ਸਿਵਲ ਹਸਪਤਾਲ ਜਲੰਧਰ 'ਚ ਦਾਖਲ ਕਰਵਾਇਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਦਾ ਕੋਈ ਪਰਿਵਾਰਕ ਮੈਂਬਰ ਨਾ ਹੋਣ ਕਾਰਨ ਸਥਾਨਕ ਕੌਂਸਲ ਵੱਲੋਂ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਉਕਤ ਹਾਦਸੇ ਉਪਰੰਤ ਨਗਰ ਕੌਂਸਲ ਨੇ ਹਰਕਤ 'ਚ ਆਉਂਦਿਆਂ ਉਕਤ ਸਥਾਨ 'ਤੇ ਕੰਡੇਦਾਰ ਤਾਰਾਂ ਲਾ ਕੇ ਓਨਾ ਹਿੱਸਾ ਬੰਦ ਕਰ ਕੇ ਖਤਰੇ ਦੇ ਬੈਨਰ ਲਾ ਦਿੱਤੇ ਹਨ। ਨਕੋਦਰ ਬੱਸ ਸਟੈਂਡ ਯੂਨੀਅਨ ਦੇ ਪ੍ਰਧਾਨ ਮੰਗਤ ਸਿੰਘ ਮੰਗੀ ਅਤੇ ਬੱਸ ਅੱਡਾ ਇੰਚਾਰਜ ਨੇ ਕਿਹਾ ਕਿ ਕਰੀਬ 45 ਸਾਲ ਪੁਰਾਣੇ ਬੱਸ ਸਟੈਂਡ ਦੀ ਬਿਲਡਿੰਗ ਦੀ ਹਾਲਤ ਕਾਫੀ ਖਸਤਾ ਹੈ। ਥਾਂ-ਥਾਂ ਤੋਂ ਲੈਂਟਰ ਦੇ ਹਿੱਸੇ ਕਈ ਵਾਰੀ ਡਿੱਗ ਚੁੱਕੇ ਹਨ ਤੇ ਕਈ ਸਵਾਰੀਆਂ ਜ਼ਖਮੀ ਹੋਈਆਂ ਹਨ। 
ਯੂਨੀਅਨ ਵੱਲੋਂ ਪਿਛਲੇ ਕਈ ਸਾਲਾਂ 'ਚ ਕਈ ਵਾਰੀ ਨਗਰ ਕੌਂਸਲ ਨੂੰ ਸੁਚਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਮੰਗ ਕੀਤੀ ਕਿ ਬੱਸ ਅੱਡੇ ਦੀ ਬਿਲਡਿੰਗ ਦਾ ਸੁਧਾਰ ਕੀਤਾ ਜਾਵੇ, ਨਹੀਂ ਤਾਂ ਉਹ ਅੱਡਾ ਫੀਸ ਦੀ ਪਰਚੀ ਨਹੀਂ ਦੇਣਗੇ।
ਕੀ ਕਹਿੰਦੇ ਕਾਰਜ ਸਾਧਕ ਅਫਸਰ- ਇਸ ਮਾਮਲੇ ਸਬੰਧੀ ਜਦੋਂ ਬੱਸ ਸਟੈਂਡ ਦੀ ਛੱਤ ਦੇ ਹਿੱਸੇ ਦੇ ਡਿੱਗਣ ਨਾਲ ਜ਼ਖਮੀ ਹੋਏ ਵਿਅਕਤੀ ਦੀ ਮੌਤ ਬਾਰੇ ਕਾਰਜ ਸਾਧਕ ਅਫਸਰ ਸੁਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਜਾਣਦੇ।


Related News