ਬੱਸ ਸਟੈਂਡ ਵਿਖੇ ਵਰਦੀਆਂ ਅਤੇ ਮੋਬਾਇਲ ਸਣੇ ਬੈਗ ਮਿਲਣ ''ਤੇ ਮਚੀ ਦਹਿਸ਼ਤ

10/19/2017 1:03:28 PM


ਸਮਾਣਾ (ਦਰਦ) - ਦੀਵਾਲੀ ਤੋਂ ਸਿਰਫ ਇਕ ਦਿਨ ਪਹਿਲਾਂ ਬੁੱਧਵਾਰ ਸਵੇਰੇ ਬੱਸ ਸਟੈਂਡ ਸਮਾਣਾ ਦੇ ਬਾਥਰੂਮ ਅੰਦਰੋਂ ਇਕ ਲਾਵਾਰਿਸ ਬੈਗ ਤੇ ਉਸ ਵਿਚ ਸੈਨਾ ਦੀਆਂ ਵਰਦੀਆਂ ਅਤੇ ਮੋਬਾਇਲ ਫੋਨ ਮਿਲਣ 'ਤੇ ਦਹਿਸ਼ਤ ਮਚ ਗਈ। ਸੂਚਨਾ ਦਿੱਤੇ ਜਾਣ 'ਤੇ ਪਹੁੰਚੀ ਸਿਟੀ ਪੁਲਸ ਦੀ ਟੀਮ ਨੇ ਇਸ ਬੈਗ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਬੈਗ ਦੇ ਮਾਲਕ ਨੇ ਸਿਟੀ ਥਾਣਾ ਪਹੁੰਚ ਕੇ ਆਪਣੀ ਸਥਿਤੀ ਸਪੱਸ਼ਟ ਕਰ ਕੇ ਬੈਗ ਪ੍ਰਾਪਤ ਕਰ ਲਿਆ। 
ਇਸ ਸਬੰਧੀ ਏ. ਐੱਸ. ਆਈ. ਲਾਭ ਸਿੰਘ ਨੇ ਦੱਸਿਆ ਕਿ ਬੈਗ ਵਿਚ ਸੈਨਾ ਦੀਆਂ ਕੁੱਝ ਵਰਦੀਆਂ, ਮੋਬਾਇਲ ਫੋਨ ਅਤੇ ਹੋਰ ਸਾਮਾਨ ਮਿਲਿਆ। ਉਸ ਵਿਚੋਂ ਪ੍ਰਾਪਤ ਨੰਬਰਾਂ 'ਤੇ ਫੋਨ ਮਿਲਾਏ ਗਏ ਤਾਂ ਉਕਤ ਬੈਗ ਦੇ ਮਾਲਕ ਸੈਨਾ ਵਿਚ ਟ੍ਰੇਨਿੰਗ ਕਰ ਰਹੇ ਸੈਨਿਕ ਹਰਦੀਪ ਸਿੰਘ ਬਾਰੇ ਪਤਾ ਚਲਿਆ। ਉਸ ਦੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਤਾਂ ਕੁੱਝ ਮਿੰਟਾਂ ਵਿਚ ਹੀ ਉਕਤ ਸੈਨਿਕ ਪੁਲਸ ਥਾਣੇ ਪਹੁੰਚ ਗਿਆ। ਉਸ ਨੇ ਦੱਸਿਆ ਕਿ ਉਹ ਅਬੋਹਰ ਤੋਂ ਦੀਵਾਲੀ ਦੀ ਛੁੱਟੀ ਲੈ ਕੇ ਆਪਣੇ ਘਰ ਦਿੜ੍ਹਬਾ ਜਾ ਰਿਹਾ ਸੀ। ਬੱਸ ਸਟੈਂਡ ਸਮਾਣਾ ਵਿਚ ਆਪਣਾ ਬੈਗ ਰੱਖ ਕੇ ਬਜ਼ਾਰ ਵਿਚ ਦੀਵਾਲੀ ਸਬੰਧੀ ਖਰੀਦਦਾਰੀ ਕਰਨ ਚਲਾ ਗਿਆ। ਪੁਲਸ ਨੇ ਤਸੱਲੀ ਕਰਨ ਉਪਰੰਤ ਉਸ ਨੂੰ ਬੈਗ ਵਾਪਸ ਕਰ ਕੇ ਸੁਖ ਦਾ ਸਾਹ ਲਿਆ।


Related News