ਬਸਪਾ ਵਲੋਂ ਗੁਰਾਇਆ ਪੁਲਸ ਖਿਲਾਫ ਥਾਣੇ ''ਚ ਧਰਨਾ

08/18/2017 7:23:59 AM

ਗੁਰਾਇਆ, (ਮੁਨੀਸ਼)- ਬਹੁਜਨ ਸਮਾਜ ਪਾਰਟੀ ਹਲਕਾ ਫਿਲੌਰ ਦੇ ਪ੍ਰਧਾਨ ਅਤੇ ਬਲਾਕ ਸੰਮਤੀ ਮੈਂਬਰ ਸੁਖਵਿੰਦਰ ਬਿੱਟੂ ਦੀ ਅਗਵਾਈ ਵਿਚ ਬੁੱਧਵਾਰ ਨੂੰ ਥਾਣਾ ਗੁਰਾਇਆ ਵਿਚ ਆਪਣੇ ਸਮਰਥਕਾਂ ਸਮੇਤ ਪੁਲਸ ਵੱਲੋਂ ਧੱਕੇਸ਼ਾਹੀ ਕਰਨ ਅਤੇ ਰਾਜਨੀਤਿਕ ਦਬਾਅ ਵਿਚ ਇਕ ਪਾਸੜ ਕਾਰਵਾਈ ਕਰਨ ਦੇ ਦੋਸ਼ ਲਾਉਂਦੇ ਹੋਏ ਕਰੀਬ 4 ਘੰਟੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਪੁਲਸ ਅਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। 
ਸੁਖਵਿੰਦਰ ਬਿੱਟੂ ਤੇ ਬਲਵਿੰਦਰ ਅੰਬੇਦਕਰ ਨੇ ਦੱਸਿਆ ਕਿ ਗੁਰਾਇਆ ਪੁਲਸ ਵਲੋਂ ਬਸਪਾ ਵਰਕਰਾਂ 'ਤੇ ਰਾਜਨੀਤਿਕ ਦਬਾਅ ਵਿਚ ਆ ਕੇ ਝੂਠੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੁਲਾਈ 2017 ਨੂੰ ਪਿੰਡ ਘੁੜਕਾ ਵਿਚ ਦੋ ਧਿਰਾਂ ਵਿਚ ਹੋਏ ਝਗੜੇ ਵਿਚ ਪੁਲਸ ਨੇ ਥਾਣੇ 'ਚ ਦੋਵਾਂ ਧਿਰਾਂ ਨੂੰ ਰਾਜ਼ੀਨਾਮਾ ਕਰਨ ਲਈ ਬੁਲਾਇਆ ਸੀ ਪਰ ਥਾਣੇ ਵਿਚ ਆਉਣ 'ਤੇ ਪੁਲਸ ਨੇ ਇਕ ਧਿਰ 'ਤੇ ਬਿਨਾਂ ਜਾਂਚ ਕੀਤੇ ਝੂਠੀਆਂ ਧਾਰਾਵਾਂ ਲਗਾ ਕੇ ਮਾਮਲਾ ਦਰਜ ਕਰਕੇ ਥਾਣੇ ਵਿਚ ਹੀ ਉਸ ਦੀ ਗ੍ਰਿਫਤਾਰੀ ਪਾ ਕੇ ਜੇਲ ਭੇਜ ਦਿੱਤਾ ਜਦਕਿ ਦੂਜੇ ਪੱਖ 'ਤੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸਦੇ ਰੋਸ ਵਿਚ ਧਰਨਾ ਲਗਾ ਕੇ ਪੁਲਸ ਅਤੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ। ਉਧਰ ਦੂਜੇ ਪਾਸੇ ਐੱਸ. ਐੱਚ. ਓ. ਗੁਰਾਇਆ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਰਿਪੋਰਟ ਆਉਣ ਦੇ ਬਾਅਦ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।


Related News