ਰੰਜਿਸ਼ ਦੇ ਕਾਰਨ ਘਰ ''ਚ ਕੀਤੀ ਤੋੜ-ਭੰਨ, ਨਕਦੀ ਤੇ ਗਹਿਣੇ ਚੋਰੀ

08/17/2017 7:08:18 AM

ਕਪੂਰਥਲਾ, (ਮਲਹੋਤਰਾ)- ਮੁਹੱਲਾ ਦਸਮੇਸ਼ ਨਗਰ ਕਾਲੋਨੀ ਦੇ ਇਕ ਘਰ 'ਚ ਦਾਖਲ ਹੋ ਕੇ ਬੁਰੀ ਤਰ੍ਹਾਂ ਤੋੜ-ਭੰਨ ਕਰਨ ਤੇ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ ਕਰਨ ਨਾਲ ਖੇਤਰ 'ਚ ਦਹਿਸ਼ਤ ਪਾਈ ਜਾ ਰਹੀ ਹੈ। ਘਰ ਦੇ ਮਾਲਕ ਨੇ ਦੀਵਾਰ ਟੱਪ ਕੇ ਆਪਣੀ ਜਾਨ ਬਚਾਈ।
 ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ 'ਚ ਤਰਲੋਕ ਸਿੰਘ ਪੁੱਤਰ ਚਰਨਜੀਤ ਸਿੰਘ ਨਿਵਾਸੀ ਮੁਹੱਲਾ ਦਸਮੇਸ਼ ਕਾਲੋਨੀ ਗਲੀ ਨੰ. 3 ਮਾਰਕਫੈਡ ਚੌਕ ਕਪੂਰਥਲਾ ਨੇ ਦੱਸਿਆ ਕਿ ਉਸ ਦੇ ਘਰ ਉਸ ਦੇ ਹੀ ਗੁਆਂਢੀ ਬਾਬਾ ਗੁਰਦੇਵ ਸਿੰਘ ਆਪਣੇ ਤਿੰਨ ਲੜਕੇ ਤੇ ਹੋਰ ਕਰੀਬ 20 ਲੋਕਾਂ ਦੇ ਨਾਲ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਸਨ, ਘਰ 'ਚ ਦਾਖਲ ਹੋਏ। ਉਨ੍ਹਾਂ ਨੇ ਘਰ 'ਚ ਪਈਆਂ ਦੋ ਫਰਿੱਜਾਂ, ਪੱਖੇ, ਕੂਲਰ, ਅਲਮਾਰੀ ਆਦਿ ਤੋੜ ਦਿੱਤੀ ਤੇ ਅਲਮਾਰੀ 'ਚ ਪਏ 1 ਲੱਖ 25 ਹਜ਼ਾਰ ਰੁਪਏ ਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਪੀੜਤ ਨੇ ਦੱਸਿਆ ਕਿ ਉਸ ਨੇ ਬਹੁਤ ਮੁਸ਼ਕਿਲ ਨਾਲ ਦੀਵਾਰ ਟੱਪ ਕੇ ਆਪਣੀ ਜਾਨ ਬਚਾਈ।
 ਪੁਲਸ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ 'ਚ ਪੀੜਤ ਨੇ ਇਹ ਵੀ ਦੱਸਿਆ ਕਿ ਉਸ ਦੀ ਉਸ ਦੇ ਗੁਆਂਢੀ ਬਾਬਾ ਗੁਰਦੇਵ ਸਿੰਘ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਈ ਸੀ, ਜਿਸ ਸਬੰਧੀ ਬਾਅਦ 'ਚ ਪਤਵੰਤੇ ਲੋਕਾਂ ਨੇ ਸਮਝੌਤਾ ਕਰਵਾ ਦਿੱਤਾ ਪਰ ਦੋ ਦਿਨ ਬਾਅਦ ਹੀ ਰੰਜਿਸ਼ ਦੇ ਕਾਰਨ ਮੇਰੇ ਗੁਆਂਢੀਆਂ ਨੇ ਮੇਰੇ ਨਾਲ ਅਜਿਹਾ ਕੀਤਾ। ਇਸ ਘਟਨਾ ਕਾਰਨ ਪੂਰੇ ਖੇਤਰ 'ਚ ਦਹਿਸ਼ਤ ਦਾ ਮਾਹੌਲ ਹੈ। ਇਸ ਸਬੰਧੀ ਦੂਸਰੀ ਧਿਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ। 


Related News