ਨਗਰ ਨਿਗਮ 'ਚ ਜਾਂਚ ਦੇ ਨਾਂ 'ਤੇ ਹੋ ਰਿਹਾ ਬਿਲਡਿੰਗ ਬ੍ਰਾਂਚ ਦੇ ਭ੍ਰਿਸ਼ਟ ਅਫਸਰ ਦਾ ਬਚਾਅ

12/12/2017 4:33:36 AM

ਲੁਧਿਆਣਾ(ਹਿਤੇਸ਼)-ਨਗਰ ਨਿਗਮ 'ਚ ਜਾਂਚ ਦੇ ਨਾਂ 'ਤੇ ਬਿਲਡਿੰਗ ਬ੍ਰਾਂਚ ਦੇ ਭ੍ਰਿਸ਼ਟ ਅਫਸਰਾਂ ਨੂੰ ਬਚਾਉਣ ਲਈ ਲਿਸਟ 'ਚ ਇਕ ਹੋਰ ਮਾਮਲਾ ਜੁੜ ਗਿਆ ਹੈ, ਜਿਸ ਤਹਿਤ ਰਿਸ਼ਵਤ ਲੈਣ ਦੀ ਵੀਡੀਓ ਸਾਹਮਣੇ ਆਉਣ ਤੋਂ ਇਕ ਹਫਤਾ ਬਾਅਦ ਵੀ ਦੋਸ਼ੀ ਸੇਵਾਦਾਰ ਤੇ ਇੰਸਪੈਕਟਰ ਹੁਣ ਵੀ ਜ਼ੋਨ-ਸੀ 'ਚ ਤਾਇਨਾਤ ਹਨ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ 2 ਦਸੰਬਰ ਨੂੰ ਵਿਧਾਇਕ ਸਿਮਰਜੀਤ ਬੈਂਸ ਨੇ ਆਪਣੀ ਫੇਸਬੁੱਕ ਪੇਜ 'ਤੇ ਇਕ ਲਾਈਵ ਵੀਡੀਓ ਅਪਲੋਡ ਕੀਤੀ ਸੀ, ਜਿਸ 'ਚ ਜ਼ੋਨ-ਸੀ ਦੀ ਬਿਲਡਿੰਗ ਬ੍ਰਾਂਚ ਦੇ ਇਕ ਸੇਵਾਦਾਰ ਜਤਿੰਦਰ ਰਹੇਲਾ ਵੱਲੋਂ ਦਸਮੇਸ਼ ਨਗਰ 'ਚ ਹੋ ਰਹੇ ਨਾਜਾਇਜ਼ ਨਿਰਮਾਣ 'ਤੇ ਕਾਰਵਾਈ ਨਾ ਕਰਨ ਦੇ ਬਦਲੇ ਲਈ ਗਈ ਰਿਸ਼ਵਤ ਦੇ ਪੈਸੇ ਮੋੜੇ ਜਾ ਰਹੇ ਹਨ। ਇਸ ਸੇਵਾਦਾਰ ਨੇ ਇਹ ਪੈਸਾ ਜ਼ੋਨ-ਸੀ ਦੀ ਬਿਲਡਿੰਗ ਬ੍ਰਾਂਚ 'ਚ ਤਾਇਨਾਤ ਦੋ ਇੰਸਪੈਕਟਰਾਂ ਕੁਲਜੀਤ ਮਾਂਗਟ ਅਤੇ ਕਿਰਨਦੀਪ ਸਿੰਘ ਲਈ ਇਕੱਠੇ ਕਰਨ ਦੀ ਗੱਲ ਵੀ ਵੀਡੀਓ 'ਚ ਕਈ ਵਾਰ ਕਬੂਲੀ ਹੈ। ਇੰਨਾ ਸਭ ਕੁੱਝ ਹੋਣ ਦੇ ਬਾਵਜੂਦ ਕਮਿਸ਼ਨਰ ਨੇ ਤੁਰੰਤ ਐਕਸ਼ਨ ਲੈਣ ਦੀ ਜਗ੍ਹਾ ਪਹਿਲਾਂ ਜ਼ੋਨ-ਸੀ ਦੀ ਜ਼ੋਨਲ ਕਮਿਸ਼ਨਰ ਅਨੀਤਾ ਦਰਸ਼ੀ ਤੋਂ ਰਿਪੋਰਟ ਮੰਗੀ ਅਤੇ ਫਿਰ ਬਿਲਡਿੰਗ ਬ੍ਰਾਂਚ ਦੇ ਇੰਚਾਰਜ ਐਡੀਸ਼ਨਲ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ, ਜਿਸ ਵੱਲੋਂ ਉਕਤ ਦੋਸ਼ੀ ਮੁਲਾਜ਼ਮਾਂ ਨੂੰ ਆਪਣੇ ਕੋਲ ਬੁਲਾ ਕੇ ਬਿਆਨ ਦਰਜ ਕੀਤੇ ਜਾਣ ਦੀ ਵੀ ਸੂਚਨਾ ਹੈ ਪਰ ਹੁਣ ਤੱਕ ਉਸ ਸੇਵਾਦਾਰ ਜਾਂ ਇੰਸਪੈਕਟਰ 'ਤੇ ਸਸਪੈਂਡ ਵਰਗਾ ਕੋਈ ਐਕਸ਼ਨ ਤਾਂ ਕੀ ਹੋਣਾ ਸੀ, ਉਨ੍ਹਾਂ ਨੂੰ ਜ਼ੋਨ-ਸੀ ਤੋਂ ਬਦਲਿਆ ਤੱਕ ਨਹੀਂ ਗਿਆ।
ਦੋਸ਼ੀ ਮੁਲਾਜ਼ਮ ਦੇ ਇਲਾਕੇ ਦੀ ਚੈਕਿੰਗ ਕਰਵਾਉਣ ਸਮੇਤ ਏ. ਟੀ. ਪੀ. ਲਾਉਣ ਦਾ ਵੀ ਇੰਤਜ਼ਾਰ 
ਇਸ ਮਾਮਲੇ ਵਿਚ ਇਕ ਰੌਚਕ ਪਹਿਲੂ ਇਹ ਵੀ ਹੈ ਕਿ ਜ਼ੋਨ-ਸੀ ਦਾ ਕੰਮ ਇਕ ਮਹੀਨੇ ਤੋਂ ਏ. ਟੀ. ਪੀ. ਦੇ ਬਿਨਾਂ ਚੱਲ ਰਿਹਾ ਹੈ, ਜਿਸ ਦੌਰ ਵਿਚ ਉਸੇ ਇੰਸਪੈਕਟਰ ਕੁਲਜੀਤ ਮਾਂਗਟ ਜ਼ਰੀਏ ਸਾਰੀਆਂ ਫਾਈਲਾਂ ਬਤੌਰ ਏ. ਟੀ. ਪੀ. ਉੱਚ ਅਫਸਰਾਂ ਕੋਲ ਮਨਜ਼ੂਰੀ ਲਈ ਜਾਂਦੀਆਂ ਰਹੀਆਂ ਹਨ, ਜਿਸ ਇੰਸਪੈਕਟਰ ਦਾ ਨਾਂ ਹੀ ਸੇਵਾਦਾਰ ਨੇ ਵੀਡੀਓ 'ਚ ਕਈ ਵਾਰ ਰਿਸ਼ਵਤ ਲੈਣ ਦੇ ਲਈ ਲਿਆ ਹੈ, ਜਿਸ ਦੇ ਬਾਵਜੂਦ ਉਨ੍ਹਾਂ ਦੋਵਾਂ ਇੰਸਪੈਕਟਰਾਂ ਨੂੰ ਇਲਾਕਾ ਚੈੱਕ ਕਰਵਾਉਣ ਦੀ ਲੋੜ ਵੀ ਨਹੀਂ ਸਮਝੀ ਗਈ, ਜਦਕਿ ਵੀਡੀਓ 'ਚ ਸੁਣਾਈ ਦੇ ਰਹੀਆਂ ਗੱਲਾਂ ਤੋਂ ਸਾਫ ਹੋ ਗਿਆ ਹੈ ਕਿ ਇਹ ਲੋਕ ਬਿਨਾਂ ਮਨਜ਼ੂਰੀ ਦੇ ਬਣ ਰਹੀਆਂ ਬਿਲਡਿੰਗਾਂ ਦੇ ਚਲਾਨ ਪਾ ਕੇ ਜੁਰਮਾਨਾ ਵਸੂਲਣ ਜਾਂ ਨਾਨ-ਕੰਪਾਊਡੇਬਲ ਹਿੱਸੇ ਨੂੰ ਤੋੜਨ ਦੀ ਜਗ੍ਹਾ ਆਪਣੀਆਂ ਜੇਬਾਂ ਭਰਦੇ ਰਹੇ ਹਨ। 


Related News