ਵਿਦੇਸ਼ੋਂ ਆਈ ਕਾਲ ਨੂੰ ਸੁਣਦੇ ਹੀ ਪਰਿਵਾਰ ''ਚ ਛਾਇਆ ਮਾਤਮ, ਪਲਾਂ ''ਚ ਹੋਈਆਂ ਖੁਸ਼ੀਆਂ ਤਬਾਹ

10/18/2017 7:04:57 PM

ਜਲੰਧਰ— ਚੰਗੇ ਭਵਿੱਖ ਦੀ ਖਾਤਿਰ ਪਰਿਵਾਰ ਨੇ ਕੁਝ ਮਹੀਨੇ ਪਹਿਲਾਂ ਹੀ ਆਪਣੇ ਪੁੱਤ ਨੂੰ ਬੜੇ ਹੀ ਚਾਵਾਂ ਨਾਲ ਮਲੇਸ਼ੀਆ ਭੇਜਿਆ ਸੀ ਪਰ ਸ਼ਾਇਦ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਉਥੋਂ ਉਨ੍ਹਾਂ ਦਾ ਪੁੱਤ ਇਕ ਲਾਸ਼ ਬਣ ਕੇ ਆਵੇਗਾ। ਵਿਦੇਸ਼ੋਂ ਆਈ ਪੁੱਤ ਦੀ ਮੌਤ ਦੀ ਖਬਰ ਨੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ। ਐਤਵਾਰ ਨੂੰ ਚਰਨਜੀਤਪੁਰਾ ਦੇ ਰਹਿਣ ਵਾਲੇ 24 ਸਾਲਾ ਨੌਜਵਾਨ ਦੀ ਮਲੇਸ਼ੀਆ 'ਚ ਮੌਤ ਹੋ ਗਈ। ਮਲੇਸ਼ੀਆ ਤੋਂ ਆਈ ਰਿਪੋਰਟ ਮੁਤਾਬਕ ਵਿਸ਼ਾਲ ਦੀ ਮੌਤ ਦੇ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ ਪਰ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਬੇਟੇ ਦੀ ਹੱਤਿਆ ਕੀਤੀ ਗਈ ਹੈ। ਵਿਸ਼ਾਲ ਸ਼ਰਮਾ ਦੀ ਲਾਸ਼ ਭਾਰਤ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। 
ਮਿਲੀ ਜਾਣਕਾਰੀ ਮੁਤਾਬਕ ਪੁਰਾਣੀ ਸਬਜ਼ੀ ਮੰਡੀ ਦੇ ਪ੍ਰਧਾਨ ਅਸ਼ੋਕ ਕੁਮਾਰ ਦਾ ਬੇਟਾ ਕੁਝ ਮਹੀਨੇ ਪਹਿਲਾਂ ਹੀ ਵਰਕ ਪਰਮਿਟ 'ਤੇ ਮਲੇਸ਼ੀਆ ਗਿਆ ਸੀ, ਜਿੱਥੇ ਐਤਵਾਰ ਨੂੰ ਉਸ ਦੀ ਮੌਤ ਹੋ ਗਈ। ਹਾਲਾਂਕਿ ਪਰਿਵਾਰ ਨੇ ਕਿਹਾ ਕਿ ਵਿਸ਼ਾਲ ਸਰੀਰਕ ਤੌਰ 'ਤੇ ਤੰਦਰੁਸਤ ਸੀ ਅਤੇ ਉਸ ਦੀ ਮੌਤ ਇਸ ਤਰ੍ਹਾਂ ਨਹੀਂ ਹੋ ਸਕਦੀ। ਵਿਸ਼ਾਲ ਦੇ ਚਚੇਰੇ ਭਰਾ ਸੰਜੂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਐਤਵਾਰ ਦੀ ਰਾਤ ਨੂੰ ਫੋਨ 'ਤੇ ਸੂਚਨਾ ਮਿਲੀ, ਜਿਸ ਤੋਂ ਬਾਅਦ ਪਰਿਵਾਰ 'ਚ ਕੋਹਰਾਮ ਮੱਚ ਗਿਆ। ਸੰਜੂ ਦਾ ਕਹਿਣਾ ਹੈ ਕਿ 24 ਸਾਲ ਦੀ ਉਮਰ 'ਚ ਦਿਲ ਦਾ ਦੌਰਾ ਕਿਵੇਂ ਪੈ ਸਕਦਾ ਹੈ। ਵਿਸ਼ਾਲ ਨੂੰ ਕੋਈ ਬੀਮਾਰੀ ਵੀ ਨਹੀਂ ਸੀ। ਉਥੇ ਹੀ ਭਰੇ ਮਨ ਨਾਲ ਪਿਤਾ ਅਸ਼ੋਕ ਕੁਮਾਰ ਨੇ ਕਿਹਾ ਕਿ ਬੇਟਾ ਵਿਸ਼ਾਲ ਮਲੇਸ਼ੀਆ 'ਚ ਆਪਣਾ ਕਰੀਅਰ ਬਣਾਉਣ ਲਈ ਗਿਆ ਸੀ ਪਰ ਸਾਨੂੰ ਨਹੀਂ ਪਤਾ ਸੀ ਕਿ ਉਹ ਮੌਤ ਦੇ ਮੂੰਹ 'ਚ ਜਾ ਰਿਹਾ ਹੈ। ਜੇਕਰ ਪਤਾ ਹੁੰਦਾ ਤਾਂ ਉਹ ਕਦੇ ਵੀ ਪੁੱਤ ਨੂੰ ਮਲੇਸ਼ੀਆ ਨਾ ਭੇਜਦੇ। 


Related News